June 6, 2026 4:51 am

ਪਾਕਿਸਤਾਨ ਸਰਕਾਰ ਵੱਲੋਂ ਰੋਸ ਵਿਖਾਵੇ ਬਗ਼ਾਵਤ ਕਰਾਰ

Page-1_03 ਇਸਲਾਮਾਬਾਦ, 2 ਸਤੰਬਰ (ਪੀ. ਟੀ)- ਪਾਕਿਸਤਾਨੀ ਸੰਸਦ ਦਾ ਅੱਜ ਸਾਂਝਾ ਹੰਗਾਮੀ ਇਜਲਾਸ ਹੋਇਆ ਜਿਸ ’ਚ ਦੇਸ਼ ’ਚ ਡੂੰਘੇ ਹੁੰਦੇ ਜਾ ਰਹੇ ਰਾਜਸੀ ਸੰਕਟ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਹਜ਼ਾਰਾਂ ਲੋਕਾਂ ਵੱਲੋਂ ਕੀਤੇ ਜਾ ਰਹੇ ਰੋਸ ਵਿਖਾਵੇ ਅਤੇ ਹੋ ਰਹੀ ਹਿੰਸਾ ਕਾਰਨ ਫ਼ੌਜ ਵੱਲੋਂ ਦਖ਼ਲਅੰਦਾਜ਼ੀ ਕਰਨ ਦਾ ਡਰ ਪੈਦਾ ਹੋ ਗਿਆ ਹੈ, ਜਿਸ ਕਾਰਨ ਸਥਿਤੀ ਉੱਪਰ ਵਿਚਾਰ ਕਰਨ ਲਈ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਸੈਨਟ ਤੇ ਕੌਮੀ ਅਸੈਂਬਲੀ ਦਾ ਸਾਂਝਾ ਇਜਲਾਸ ਸੱਦਿਆ ਸੀ। ਸਾਂਝੇ ਇਜਲਾਸ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਚੌਧਰੀ ਨਿਸਾਰ ਨੇ ਕਿਹਾ ਕਿ ਸੰਸਦ ਨੂੰ ਇਹ ਗ਼ਲਤ ਧਾਰਨਾ ਖ਼ਤਮ ਕਰ ਦੇਣੀ ਚਾਹੀਦੀ ਹੈ ਕਿ ਇਹ ਲੋਕਤੰਤਰਿਕ ਪ੍ਰਕ੍ਰਿਆ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਦਾ ਇਹ ਪ੍ਰਦਰਸ਼ਨ ਨਹੀਂ ਹੈ ਤੇ ਨਾ

ਹੀ ਕੋਈ ਧਰਨਾ ਜਾਂ ਰਾਜਸੀ ਇਕੱਠ ਹੈ ਬਲਕਿ ਇਹ ਪਾਕਿਸਤਾਨ ਵਿਰੁੱਧ ਬਗ਼ਾਵਤ ਹੈ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਕੋਲ ਪਿਸਤੌਲ, ਕਟਰ, ਲਾਠੀਆਂ ਤੇ ਹੋਰ ਖ਼ਤਰਨਾਕ ਹਥਿਆਰ ਹਨ। ਇਸ ਇਕੱਠ ‘ਚ ਅੱਤਵਾਦੀ ਸੰਗਠਨਾਂ ਨਾਲ ਸਬੰਧਿਤ ਲੋਕ ਸ਼ਾਮਿਲ ਹਨ। ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਲੋਕ ਇਨਕਲਾਬੀ ਨਹੀਂ ਹਨ ਬਲਕਿ ਘੁਸਪੈਠੀਏ ਤੇ ਅੱਤਵਾਦੀ ਹਨ। ਉਨ੍ਹਾਂ ਕਿਹਾ ਕਿ ਇਸ ਸੰਸਦ ਵੱਲੋਂ ਸਪਸ਼ਟ ਦਿਸ਼ਾ ਨਿਰਦੇਸ਼ ਜਾਰੀ ਕਰਨ ਨਾਲ ਪੁਲਿਸ ਮਜ਼ਬੂਤ ਹੋਵੇਗੀ। ਅੱਧ ਅਗਸਤ ਤੋਂ ਹੀ ਪਾਕਿਸਤਾਨ ਵਿਚ ਹਾਲਾਤ ਬਹੁਤ ਗੰਭੀਰ ਬਣੇ ਹੋਏ ਹਨ। ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਇਮਰਾਨ ਖ਼ਾਨ ਤੇ ਪਾਕਿਸਤਾਨ ਅਵਾਮੀ ਤਹਿਰੀਕ ਦੇ ਮੁਖੀ ਮੌਲਵੀ ਤਾਹਿਰ ਉਲ ਕਾਦਰੀ ਦੇ ਹਜ਼ਾਰਾਂ ਸਮਰਥਕ ਇਸਲਾਮਾਬਾਦ ਵਿਚ ਨਵਾਜ਼ ਸ਼ਰੀਫ਼ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਪਿਛਲੇ ਹਫ਼ਤੇ ਦੇ ਅਖੀਰ ਵਿਚ ਉਸ ਸਮੇਂ ਹਿੰਸਾ ਭੜਕ ਉੱਠੀ ਸੀ ਜਦੋਂ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਵਿਚ ਦਾਖਲ ਹੋਣ ਦਾ ਯਤਨ ਕੀਤਾ ਸੀ। ਹਿੰਸਾ ਵਿਚ ਘੱਟੋ ਘੱਟੋ 7 ਵਿਅਕਤੀ ਮਾਰੇ ਜਾ ਚੁੱਕੇ ਹਨ ਤੇ ਸੈਂਕੜੇ ਹੋਰ ਜ਼ਖਮੀ ਹੋਈ ਹਨ। ਬੀਤੇ ਦਿਨ ਇਮਰਾਨ ਖ਼ਾਨ ਤੇ ਕਾਦਰੀ ਵਿਰੁੱਧ ਸੰਸਦ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਦੇ ਦੋਸ਼ਾਂ ਤਹਿਤ ਅੱਤਵਾਦ ਵਿਰੋਧੀ ਕਾਨੂੰਨ ਤਹਿਤ ਮਾਮਲੇ ਵੀ ਦਰਜ ਕੀਤੇ ਗਏ ਹਨ।

Send this to a friend