June 12, 2026 12:36 pm

ਪਾਕਿ ਸੰਕਟ ਹੋਰ ਗੰਭੀਰ : ਸ਼ਰੀਫ਼ ਦੇ ਘਰ ਵੱਲ ਜਾਂਦੇ ਸਾਰੇ ਰਸਤੇ ਸੀਲ -ਇਸਲਾਮਾਬਾਦ ’ਚ ਪ੍ਰਦਰਸ਼ਨ ਜਾਰੀ

ਇਸਲਾਮਾਬਾਦ ਤੋਂ ਬਾਅਦ ਲਾਹੌਰ ’ਚ ਵੀ ਝੱੜਪਾਂ ਕਾਰਨ ਅੱਧਾ ਦਰਜਨ ਜ਼ਖਮੀ

Page-1_06 ਲਾਹੋਰ, 31 ਅਗਸਤ (ਪੀ. ਟੀ)- ਬੀਤੀ ਰਾਤ ਇਸਲਾਮਾਬਾਦ ਵਿਖੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਕੀਤੇ ਜਾ ਰਹੇ ਪ੍ਰਦਰਸ਼ਨ ਵਲੋਂ ਹਿੰਸਕ ਮੋੜ ਲਏ ਜਾਣ ਤੋਂ ਬਾਅਦ ਲਾਹੌਰ ਸਥਿਤ ਨਵਾਜ਼ ਸ਼ਰੀਫ਼ ਦੇ ਘਰ ਜਿਥੇ ਹੁਣ ਉਹ ਰਹਿ ਰਹੇ ਹਨ ਵੱਲ ਜਾਂਦੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ ਤੇ ਇਨ੍ਹਾਂ ‘ਤੇ ਭਾਰੀ ਸੁਰੱਖਿਆ ਬਲ ਤੈਨਾਤ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਕੱਲ੍ਹ ਇਮਰਾਨ ਖ਼ਾਨ ਤੇ ਧਰਮ ਗੁਰੂ ਤਾਹਿਰਉੱਲ ਕਾਦਰੀ ਦੇ ਸਮਰਥਕਾਂ ਨੇ ਇਸਲਾਮਾਬਾਦ ਸਥਿਤ ਸ਼ਰੀਫ਼ ਦੀ ਸਰਕਾਰੀ ਰਿਹਾਇਸ਼ ਵੱਲ ਕੂਚ ਕੀਤਾ ਸੀ, ਜਿਸ ਪਿੱਛੋਂ ਪੁਲਿਸ ਨੇ ਉਨ੍ਹਾਂ ‘ਤੇ ਹੰਝੂ ਗੈਸ ਦੇ ਗੋਲੇ ਸੁੱਟੇ, ਲਾਠੀਚਾਰਜ ਕੀਤਾ ਤੇ ਰਬੜ ਦੀਆਂ ਗੋਲੀਆਂ ਚਲਾਈਆਂ ਸਨ। ਇਸ ਝੜਪ ਪਿੱਛੋਂ ਨਵਾਜ਼ ਸ਼ਰੀਫ਼

ਇਸਲਾਮਾਬਾਦ ਤੋਂ ਆਪਣੇ ਲਾਹੌਰ ਸਥਿਤ ਘਰ ‘ਚ ਆ ਗਏ ਸਨ। ਕੱਲ੍ਹ ਹੋਈ ਝੜਪ ‘ਚ 7 ਵਿਅਕਤੀ ਮਾਰੇ ਗਏ ਅਤੇ ਕਰੀਬ 450 ਜ਼ਖ਼ਮੀ ਹੋਏ ਸਨ। ਦੂਜੇ ਪਾਸੇ ਅੱਜ ਇਮਰਾਨ ਖ਼ਾਨ ਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਸ਼ਰੀਫ਼ ਭਰਾਵਾਂ ਤੇ ਗ੍ਰਹਿ ਮੰਤਰੀ ਨਿਸਾਰ ਅਲੀ ਖ਼ਾਨ ਖ਼ਿਲਾਫ਼ ਮਾਮਲਾ ਦਰਜ ਕਰਾਉਣਗੇ, ਜਿਨ੍ਹਾਂ ਨੇ ਪ੍ਰਦਰਸ਼ਨਕਾਰੀਆਂ ‘ਤੇ ਕਾਰਵਾਈ ਕਰਨ ਦਾ ਹੁਕਮ ਦਿੱਤਾ। ਖ਼ਾਨ ਦੇ ਪਾਰਟੀ ਨੇਤਾ ਪ੍ਰਵੇਜ਼ ਖੱਤਕ ਨੇ ਕਿਹਾ ਕਿ ਉਹ ਸ਼ਰੀਫ਼ ਦੇ ਅਸਤੀਫ਼ੇ ਤੱਕ ਨਹੀਂ ਰੁਕਣਗੇ। ਉਧਰ ਕਾਦਰੀ ਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪਣੇ ਧੀਆਂ ਤੇ ਪੁੱਤਰਾਂ ਨੂੰ ਸਲਾਮ ਕਰਦਾ ਹੈ ਜਿਨਾਂ ਦੀ ਅੱਜ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਆਖਰੀ ਜਿੱਤ ਤੱਕ ਸੰਘਰਸ਼ ਜਾਰੀ ਰਹੇਗਾ। ਲਾਹੌਰ ਪੁਲਿਸ ਨੇ ਸ਼ਰੀਫ਼ ਦੇ ਘਰ ਵੱਲ ਜਾਂਦੀ ਰਾਏਵਿੰਡ ਸੜਕ ‘ਤੇ ਕੰਨਟੇਨਰ ਰੱਖ ਦਿੱਤੇ ਹਨ। ਪ੍ਰਧਾਨ ਮੰਤਰੀ ਦਾ ਇਹ ਘਰ ਕਈ ਏਕੜ ‘ਚ ਫੈਲਿਆ ਹੋਇਆ ਹੈ, ਜਿਥੇ ਉਹ ਆਪਣੇ ਨਿੱਜੀ ਕਰਮੀਆਂ ਨਾਲ ਆ ਗਏ ਹਨ। ਸੂਤਰਾਂ ਅਨੁਸਾਰ ਨਵਾਜ਼ ਸ਼ਰੀਫ਼ ਦੇ ਇਸਲਾਮਾਬਾਦ ਸਥਿਤ ਆਪਣੀ ਸਰਕਾਰੀ ਰਿਹਾਇਸ਼ ਦੀ ਪ੍ਰਦਰਸ਼ਨਕਾਰੀਆਂ ਵਲੋਂ ਘੇਰਾਬੰਦੀ ਕੀਤੇ ਜਾਣ ਦੇ ਡਰੋਂ ਉਸ ਨੂੰ ਛੱਡ ਦਿੱਤਾ। ਸ਼ਰੀਫ਼ ਦੇ ਭਰਾ ਤੇ ਪੰਜਾਬ ਦੇ ਮੁੱਖ ਮੰਤਰੀ ਸਹਿਬਾਜ਼ ਸ਼ਰੀਫ਼ ਵੀ ਉਥੇ ਰਹਿ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਨਵਾਜ਼ ਸ਼ਰੀਫ਼ ਹੁਣ ਉਦੋਂ ਤੱਕ ਇਸਲਾਮਾਬਾਦ ਸਥਿਤ ਆਪਣੀ ਰਿਹਾਇਸ਼ ‘ਚ ਨਹੀਂ ਜਾਣਗੇ ਜਦੋਂ ਤੱਕ ਇਮਰਾਨ ਖ਼ਾਨ ਤੇ ਕਾਦਰੀ ਸਮਰਥਕ ਉਥੋਂ ਹਟਾ ਨਹੀਂ ਦਿੱਤੇ ਜਾਂਦੇ। ਉਨ੍ਹਾਂ ਇਹ ਵੀ ਦੱਸਿਆ ਕਿ ਮੌਜੂਦਾ ਸਥਿਤੀ ‘ਚ ਨਵਾਜ਼ ਸ਼ਰੀਫ ਆਪਣੇ ਪਰਿਵਾਰ ਨਾਲ ਸੜਕ ਰਾਹੀਂ ਸਫ਼ਰ ਵੀ ਨਹੀਂ ਕਰਨਗੇ। ਦੂਜੇ ਪਾਸੇ ਮਸ਼ਹੂਰ ਲਿਬਰਟੀ ਚੌਕ ਤੇ ਮਾਲ ਰੋਡ ਵਿਖੇ ਪ੍ਰਦਰਸ਼ਨਕਾਰੀਆਂ ਦੀਆਂ ਪੁਲਿਸ ਨਾਲ ਝੜਪਾਂ ਹੋਈਆਂ ‘ਚ ਕਰੀਬ ਅੱਧਾ ਦਰਜ਼ਨ ਲੋਕ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

Send this to a friend