ਇਸਲਾਮਾਬਾਦ, 31 ਅਗਸਤ (ਪੀ. ਟੀ)- ਪਾਕਿਸਤਾਨੀ ਸੈਨਾ ਵਲੋਂ ਉੱਤਰੀ ਵਜ਼ੀਰਸਤਾਨ ‘ਚ ਹਮਲੇ ਕਰਕੇ ਅੱਤਵਾਦੀਆਂ ਦੇ ਤਿੰਨ ਠਿਕਾਣੇ ਨਸ਼ਟ ਕਰ ਦਿੱਤੇ ਗਏ ਅਤੇ ਇਸ ਹਮਲੇ ‘ਚ ਘੱਟੋ-ਘੱਟ 32 ਅੱਤਵਾਦੀ ਮਾਰੇ ਗਏ। ਡਾਨ ਆਨਲਾਈਨ ਦੇ ਮੁਤਾਬਿਕ ‘ਇੰਟਰ ਸਰਵਿਸ ਪਬਲਿਕ ਰਿਲੇਸ਼ੰਨਜ਼‘ ਨੇ ਕਿਹਾ ਹੈ ਕਿ ਲੜਾਈ ਦੌਰਾਨ 23 ਧਮਾਕਾਖੇਜ਼ ਸਮੱਗਰੀ ਲੱਦੇ ਵਾਹਨ ਅਤੇ ਹਥਿਆਰਾਂ ਦੇ ਚਾਰ ਭੰਡਾਰ ਵੀ ਨਸ਼ਟ ਕਰ ਦਿੱਤੇ ਗਏ। ਲੜਾਈ ਵਾਲੇ ਇਲਾਕੇ ‘ਚ ਪੱਤਰਕਾਰਾਂ ਦੇ ਜਾਣ ‘ਤੇ ਪਾਬੰਦੀ ਦੇ ਕਾਰਨ ਇਸ ਖ਼ਬਰ ਦੀ ਸਚਾਈ ਦੀ ਪੁਸ਼ਟੀ ਨਹੀਂ ਕੀਤੀ ਜਾ ਸਕੀ। ਵਰਣਨਯੋਗ ਹੈ ਕਿ ਕਰਾਚੀ ਹਵਾਈ ਅੱਡੇ ‘ਤੇ ਅੱਤਵਾਦੀਆਂ ਦੇ ਹੋਏ ਹਮਲੇ ਤੋਂ ਬਾਅਦ ਸੈਨਾ ਨੇ 15 ਜੂਨ ਤੋਂ ਜ਼ਬਰ-ਏ-ਅਜਬ ਨਾਂਅ ਦੀ ਮੁਹਿੰਮ ਚਲਾਈ ਹੋਈ ਹੈ। ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਕਰੀਬ 10 ਲੱਖ ਲੋਕ ਉੱਤਰੀ ਵਜ਼ੀਰਸਤਾਨ ਤੋਂ ਭੱਜ ਗਏ ਹਨ।