ਸੰਗੀਤ ਦੀ ਦੁਨੀਆ ਵਿੱਚ ਹਰ ਦਿਨ ਨਵੇਂ ਤੋਂ ਨਵੇਂ ਗਾਇਕ ਦਾ ਆਗਾਜ਼ ਹੁੰਦਾ ਹੈ। ਅੱਜ ਕੱਲ ਦੀ ਸ਼ੋਰ ਸ਼ਰਾਬੇ ਵਾਲੀ ਇਸ ਸੰਗੀਤਕ ਦੁਨੀਆ ਵਿੱਚ ਜੇਕਰ ਸੰਗੀਤ ਦੇ ਆਸ਼ਕਾਂ ਦੇ ਕੰਨੀ ਕੋਈ ਬੇਹਤਰੀਨ ਤੇ ਸੁਰੀਲੀ ਆਵਾਜ਼ ਪੈ ਜਾਵੇ ਤਾਂ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਸੰਗੀਤ ਦੇ ਖੇਤਰ ਵਿੱਚ ਕਮਰਸ਼ੀਅਲ ਮਾਹੌਲ ਬੇਹਦ ਸਖ਼ਤ ਹੋਣ ਕਰਕੇ ਅੱਜ ਹਰ ਇੱਕ ਨਵਾਂ ਫ਼ਨਕਾਰ ਬੜੇ ਹੀ ਧਿਆਨ ਨਾਲ ਤੇ ਸੋਚ ਸਮਝ ਕੇ ਹੀ ਕੋਈ ਕਦਮ ਅੱਗੇ ਪੁੱਟਦਾ ਹੈ। ਅਜਿਹੇ ਵਿੱਚ ਇੰਟਰਨੈਟ ਖਾਸ ਤੌਰ ’ਤੇ ਯੂ ਟਿਊਬ ਕਲਾਕਾਰਾਂ ਲਈ ਸਸਤਾ ਤੇ ਪ੍ਰਭਾਵੀ ਮਾਧਿਅਮ ਦੇ ਤੌਰ ਤੇ ਸਾਹਮਣੇ ਆਇਆ ਹੈ। ਇਸੇ ਤਰਾਂ ਦਾ ਹੀ ਇੱਕ ਕਦਮ ਚੁੱਕਿਆ ਹੈ ਸੰਗੀਤ ਦੀ ਦੁਨੀਆ ਦੇ ਉੱਭਰਦੇ ਹੋਏ ਗਾਇਕ ਹਾਰਟ ਮਾਣਕੂ ਨੇ।
ਕਮਾਲ ਦਾ ਅੰਦਾਜ਼ ਤੇ ਸੁਰੀਲੀ ਆਵਾਜ਼ ਦਾ ਮਾਲਕ ਨੌਜਵਾਨ ਗਾਇਕ ਹਾਰਟ ਮਾਣਕੂ ਆਪਣੇ ਗੀਤ ’’ਜਾਨ’’ ਕਰਕੇ ਚਰਚਾ ’ਚ ਹੈ। ਹਾਰਟ ਨੇ ਆਪਣਾ ਇਹ ਗੀਤ ਇੱਕ ਮਲਟੀ ਐਲਬਮ ’ਦਾ ਰਿੰਗ ਆਫ ਲਵ’ ਵਿੱਚ ਕੁਝ ਸਮਾਂ ਪਹਿਲਾਂ ਰਿਕਾਰਡ ਕਰਵਾਇਆ ਜਿਸ ਨੂੰ ਸੰਗੀਤਬਧ ਕੀਤਾ ਸੀ ਵਿਸ਼ਾਲ ਕੇ ਖੰਨਾ ਨੇ। ਐਲਬਮ ਦੇ ਮਾਰਕਿਟ ਵਿੱਚ ਆਉਂਦਿਆਂ ਹੀ ਹਾਰਟ ਦੇ ਗੀਤ ’ਜਾਨ’ ਨੂੰ ਪਹਿਚਾਨ ਮਿਲਨੀ ਸ਼ੁਰੂ ਹੋ ਗਈ। ਗੀਤ ਦੇ ਯੂ ਟਿਊਬ ’ਤੇ ਪੈਂਦਿਆਂ ਹੀ ਦੂਰ ਦਰਾਡੇ ਬੈਠੇ ਸੰਗੀਤ ਦੇ ਆਸ਼ਕਾਂ ਨੇ ਉਸ ਦੇ ਗੀਤ ਨੂੰ ਬੇਹਦ ਪਸੰਦ ਕੀਤਾ ਤੇ ਹਾਲ ਹੀ ਵਿੱਚ ਹਾਰਟ ਇਸ ਗੀਤ ਦਾ ਵੀਡਿਓ ਵੀ ਲੈ ਕੇ ਹਾਜ਼ਰ ਹੋਇਆ ਹੈ, ਜਿਸਨੂੰ ਉਸਨੇ ਯੂ ਟਿਊਬ ’ਤੇ ਹੀ ਰੀਲੀਜ਼ ਕੀਤਾ ਹੈ ਅਤੇ ਇਸ ਗੀਤ ਨੂੰ ਹਰ ਦਿਨ ਹਜ਼ਾਰਾਂ ਲੋਕ ਦੇਖ ਰਹੇ ਹਨ।
ਹਾਰਟ ਦਾ ਜਿਹੜਾ ਗੀਤ ’ਜਾਨ’ ਅੱਜ ਸਭ ਦੀ ਜ਼ੁਬਾਨ ’ਤੇ ਹੈ ਉਸਦੇ ਬੋਲ ਬੜੇ ਹੀ ਸਾਦੇ ਤੇ ਪ੍ਰਭਾਵੀ ਹਨ ਤੇ ਇਹ ਵੀ ਇੱਕ ਕਾਰਨ ਹੈ ਕਿ ਇਸ ਗੀਤ ਨੂੰ ਲੋਕਾਂ ਨੇ ਪਸੰਦ ਕੀਤਾ ਹੈ, ਗੀਤ ਦੇ ਬੋਲ ਹਨ –
ਪਰੀਆਂ ਦੀ ਰਾਣੀ ਏ ਜੋ,
ਗੰਗਾ ਦਾ ਪਾਣੀ ਏ ਜੋ,
ਮੁੱਲ ਹੀ ਨਾ ਯਾਰੋ ਉਹਦੀ ਇੱਕ ਮੁਸਕਾਨ ਦਾ
ਕਿੰਨੀ ਸੋਹਣਾ ਮੁੱਖੜਾ ਏ ਸੱਚੀ ਮੇਰੀ ਜਾਨ ਦਾ ॥
ਹਰਤਿੰਦਰ ਸਿੰਘ ਮਾਣਕੂ (ਹਾਰਟ ਮਾਣਕੂ) ਦਾ ਜਨਮ ਖੰਨਾ ਸ਼ਹਿਰ ’ਚ ਮਕਬੂਲ ਗੀਤਕਾਰ ਸਰਦਾਰ ਲਵਤਾਰ ਸਿੰਘ
ਮਾਣਕੂ ਦੇ ਘਰ ਹੋਇਆ। ਹਾਰਟ ਨੂੰ ਸੰਗੀਤ ਵੱਲ ਪ੍ਰੇਰਣਾ ਆਪਣੇ ਪਿਤਾ ਸਰਦਾਰ ਲਵਤਾਰ ਸਿੰਘ ਹੋਰਾਂ ਤੋਂ ਹੀ ਮਿਲੀ। ਕਲਾਤਮਕ ਮਾਹੌਲ ਘਰ ’ਚ ਹੀ ਮਿਲਣ ਕਰਕੇ ਹਾਰਟ ਨੇ ਛੇਵੀਂ ਜਮਾਤ ਤੋਂ ਹੀ ਸਕੂਲ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ। ਸਕੂਲ ’ਚ ਭੰਗੜੇ ਤੇ ਗਾਇਕੀ ਵਿੱਚ ਹਿੱਸਾ ਲੈਣ ਵਾਲੇ ਹਾਰਟ ਨੂੰ ਅਧਿਆਪਕਾਂ ਵੱਲੋਂ ਵੀ ਖੂਬ ਪ੍ਰਸ਼ੰਸਾ ਮਿਲੀ ਤੇ ਉਸ ਨੇ ਕਈ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਮਰਹੂਮ ਗਾਇਕ ਕੁਲਦੀਪ ਮਾਣਕ ਨੂੰ ਆਪਣਾ ਅਸਲ ਆਦਰਸ਼ ਤੇ ਗੁਰੂ ਮੰਨਣ ਵਾਲੇ ਹਾਰਟ ਨੇ ਸਕੂਲ ਤੋਂ ਕਾਲਜ ’ਚ ਆਉਂਦੇ ਹੀ ਆਪਣੇ ਭੰਗੜੇ ਤੇ ਗਾਇਕੀ ਦੇ ਸ਼ੋਂਕ ਨੂੰ ਬਾਦਸਤੂਰ ਜਾਰੀ ਰੱਖਿਆ। ਕਾਲਜ ਵਿੱਚ ਉਸ ਦੀ ਕਲਾ ਤੇ ਸੋਚ ਵਿੱਚ ਬਦਲਾਅ ਆਇਆ ਤੇ ਉਸਨੇਂ ਗਾਉਣ ਦੇ ਨਾਲ ਨਾਲ ਅੱਜ ਦੇ ਕਮਰਸ਼ੀਅਲ ਮਾਹੌਲ ਨੂੰ ਦੇਖਦੇ ਹੋਏ ਕਈ ਗਾਇਕਾਂ ਲਈ ਰੈਪ ਵੀ ਲਿਖੀਆ। ਇੰਨਾ ਗਾਇਕਾਂ ਵਿੱਚ ਜੱਸੀ ਗਿੱਲ, ਰੁਪਿੰਦਰ ਹਾਂਡਾ ਆਦਿ ਦੇ ਨਾਂ ਸ਼ਾਮਲ ਹਨ। 1984 ਦੇ ਪੀੜਤਾਂ ਲਈ ਲਿਖੇ ਆਪਣੇ ਪਿਤਾ ਦੇ ਇੱਕ ਗੀਤ ਨੂੰ ਉਸ ਦੇ ਜਾਣਕਾਰ ਦੇ ਕਹਿਣ ਤੇ ਉਸ ਨੇ ਗਾ ਦਿੱਤਾ, ਜਿਸ ਨੂੰ ਸੰਗੀਤ ਨਾਲ ਨਿਖਾਰਿਆ ਲਾਂਸਰ ਫੇਮ ਸੰਗੀਤਕਾਰ ਜੀ. ਗੁਰੀ ਨੇ। ਇਸ ਗੀਤ ਦੇ ਰਿਕਾਰਡ ਹੁੰਦੇ ਹੀ ਉਹਨਾਂ ਇਸ ਗੀਤ ਨੂੰ ਯੂ ਟਿਊਬ ’ਤੇ ਪਾ ਦਿੱਤਾ ਤੇ ਇਸ ਗੀਤ ਨੂੰ ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ। ਇਸਤੋਂ ਬਾਅਦ ਹਾਰਟ ਨੇ ਸੰਗੀਤਕਾਰ ਜੀ. ਗੁਰੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਸੰਗੀਤ ਦੇ ਗੁਰ ਲੈਣ ਲੱਗ ਪਿਆ।
ਹਾਰਟ ਨੇ ਆਪਣੇ ਗੀਤ ਸਿੰਗਲ ਟਰੈਕ ਜਾਨ ਨਾਲ ਜਿੱਥੇ ਸੰਗੀਤਕ ਖੇਤਰ ਵਿੱਚ ਆਪਣੀ ਪਹਿਚਾਨ ਕਾਇਮ ਕੀਤੀ ਹੈ ਉੱਥੇ ਹੀ ਉਸਨੂੰ ਇਹ ਵੀ ਆਸ ਹੈ ਕਿ ਸਰੋਤੋ ਉਸਨੂੰ ਤੇ ਉਸਦੀ ਗਾਇਕੀ ਨੂੰ ਕਬੂਲ ਕਰਨਗੇ। ਇਹਨੀਂ ਦਿਨੀ ਹਾਰਟ ਆਪਣੀ ਪਹਿਲੀ ਐਲਬਮ ਦੀ ਤਿਆਰੀ ਜੌਰਾਂ ਸ਼ੋਰਾਂ ਨਾਲ ਕਰ ਰਿਹਾ ਹੈ ਜਿਸਨੂੰ ਸੰਗੀਤਬਧ ਕਰਨ ਦੀ ਜਿੰਮੇਵਾਰੀ
ਸੰਗੀਤਕਾਰ ਜੀ. ਗੁਰੀ ਨਿਭਾਅ ਰਹੇ ਹਨ। ਉਹ ਹੁਣ ਤੱਕ ਦੇ ਆਪਣੇ ਸਫਰ ਵਿੱਚ ਆਪਣੇ ਦੋਸਤ ਗਾਇਕ ਜੱਸੀ ਗਿੱਲ ਦਾ ਵੀ ਧੰਨਵਾਦੀ ਹੈ । ਸਾਨੁੰ ਆਸ ਹੈ ਕਿ ਸੰਗੀਤਕ ਖੇਤਰ ਵਿੱਚ ਇਹ ਨੌਜਵਾਨ ਆਪਣੀ ਵੱਖਰੀ ਪਹਿਚਾਣ ਕਾਇਮ ਕਰੇਗਾ।