ਪੰਜਾਬ ਦੀ ਹੱਦ ਨਾਲ ਲਗਦਾ ਹਰਿਆਣੇ ਦੇ ਜ਼ਿਲ੍ਹਾ ਜੀਂਦ ਦਾ ਪਿੰਡ ਧਮਤਾਨ ਸਾਹਿਬ ਬਹੁਤ ਵੱਡਾ ਇਤਿਹਾਸ ਆਪਣੇ ਅੰਦਰ ਸਮੋਈ ਬੈਠਾ ਹੈ, ਜਿਸ ਦੀ ਸੇਵਾ ਸੰਭਾਲ ਕਰਨੈਲ ਸਿੰਘ ਨਾਭਾ ਅਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਮੈਂਬਰ ਅਮੀਰ ਸਿੰਘ ਰਸੀਦਾਂ ਨਿਭਾ ਰਹੇ ਹਨ। ਹਜ਼ੂਰ ਸਾਹਿਬ ਦੀ ਯਾਤਰਾ ‘ਤੇ ਜਾਣ ਵਾਲੀ ਸੰਗਤ ਸਭ ਤੋਂ ਪਹਿਲਾਂ ਇਸ ਗੁਰੂ ਘਰ ਦੇ ਦਰਸ਼ਨ ਕਰਕੇ ਅੱਗੇ ਜਾਂਦੀ ਹੈ। ਕਿਉਕਿ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਡਿਉਢੀ ਦਾ ਵਰ ਪ੍ਰਾਪਤ ਇਹ ਗੁਰੂ ਘਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਦੀ ਪਵਿੱਤਰ ਯਾਦ ਵਿੱਚ ਬਣਿਆ ਹੋਇਆ ਹੈ। ਗੁਰੂ ਸਾਹਿਬ ਇਸ ਸਥਾਨ ‘ਤੇ ਸੰਮਤ 1723 ਬਿਕਰਮੀ ਵਿੱਚ ਬਿਹਾਰ ਵੱਲ ਜਾਂਦੇ ਸਮੇਂ ਪਹੁੰਚੇ ਸਨ। ਗੁਰੂ ਮਹਾਰਾਜ ਲਹਿਰਾਗਾਗਾ ਤੇ ਮਕਰੋੜ ਸਾਹਿਬ ਦੇ ਰਸਤੇ ਹੁੰਦੇ ਹੋਏ ਧਮਤਾਨ ਸਾਹਿਬ ਪਹੁੰਚੇ ਸਨ। ਤਿੰਨ ਮਹੀਨੇ ਇੱਥੇ ਰਹੇ। ਰਵਾਇਤ ਮੁਤਾਬਕ ਪੋਠੋਹਾਰ ਦੀ ਸੰਗਤ ਨੇ ਬਹੁਤ ਸਾਰੀ ਮਾਇਆ ਗੁਰੂ ਸਾਹਿਬ ਦੇ ਚਰਨਾਂ ਵਿੱਚ ਭੇਟ ਕੀਤੀ। ਮਹਾਰਾਜ ਨੇ ਇਹ ਮਾਇਆ ਧਮਤਾਨ ਸਾਹਿਬ ਦੇ ਵਸਨੀਕ ਦੱਗੋਂ ਕਿਸਾਨ ਨੂੰ ਬਖਸ਼ ਕੇ ਹੁਕਮ ਕੀਤਾ ਕਿ ਇਸ ਮਾਇਆ ਨਾਲ ਤੁਸੀਂ ਖੂਹ ਲਗਵਾਉ ਤੇ ਇਸੇ ਥਾਂ ਧਰਮਸ਼ਾਲਾ ਗੁਰਦੁਆਰਾ ਬਣਵਾਉ। ਇਸ ਵਿੱਚ ਕਿਸੇ ਗੁਣਵਾਨ ਸਿੱਖ ਸਾਧੂ ਨੂੰ ਬਿਠਾਉ ਅਤੇ ਫਲਦਾਰ ਰੁੱਖ ਲਵਾਉ, ਇਹ ਕੰਮ ਸ਼ਰਧਾ ਨਾਲ ਕਰੋ ਅਤੇ ਮਨ ਵਿੱਚ ਲੋਭ ਨਾ ਲਿਆਉ। ਜੇਕਰ ਇਹ ਮਾਇਆ ਕਿਸੇ ਹੋਰ ਥਾਂ ਖਰਚ ਕਰੋਗੇ ਤਾ ਵਿਅਰਥ ਜਾਵੇਗੀ। ਇਸ ਤਰ੍ਹਾਂ ਹੁਕਮ ਦੇ ਕੇ ਗੁਰੂ ਸਾਹਿਬ ਦੇ ਚਲੇ ਜਾਣ ਤੋਂ ਬਾਅਦ ਭਾਈ ਦੱਗੋਂ ਨੇ ਅਤਿ ਲਾਲਚ ਕਰਕੇ ਉਹ ਮਾਇਆ ਆਪਣੀ ਜ਼ਮੀਨ ਵਿੱਚ ਨਿੱਜੀ ਮਕਾਨ ਬਣਾਉਣ ਅਤੇ ਆਪਣਾ ਖੂਹ ਪੁੱਟਣ ‘ਤੇ ਖਰਚ ਕਰ ਦਿੱਤੀ। ਦੱਗੋਂ ਢਾਲ ਭਰਨ ਲਈ ਦਿੱਲੀ ਜਾਂਦਾ ਹੋਇਆ ਕੁਦਰਤੀ ਹੀ ਗੁਰੂ ਸਾਹਿਬ ਨੂੰ ਮਿਲਿਆ। ਗੁਰੂ ਜੀ ਨੇ ਦੱਗੋਂ ਨੂੰ ਪੁੱਛਿਆ ਕਿ ਭਾਈ ਉਹ ਮਾਇਆ ਧਰਮਸ਼ਾਲਾ ਤੇ ਖੂਹ ਉਸਾਰਨ ‘ਤੇ ਖਰਚ ਕਰ ਦਿੱਤੀ ਜਾਂ ਨਹੀਂ। ਇਸ ‘ਤੇ ਦੱਗੋਂ ਨੇ ਉੱਤਰ ਦਿੱਤਾ ਮਹਾਰਾਜ ਮੈਂ ਉਹ ਮਾਇਆ ਆਪਣੀ ਜ਼ਮੀਨ ਵਿੱਚ
ਨਿੱਜੀ ਮਕਾਨ ਬਣਾਉਣ ਤੇ ਖੂਹ ਉਸਾਰਨ ‘ਤੇ ਖਰਚ ਕਰ ਦਿੱਤੀ ਹੈ। ਸੱਚੇ ਪਾਤਸ਼ਾਹ ਨੇ ਉਸ ਦੀ ਪਿਛਲੀ ਭੁੱਲ ਬਖ਼ਸ਼ਦਿਆਂ ਕਿਹਾ ਕਿ ਅੱਛਾ ਅੱਜ ਤੋਂ ਖੂਹ ਵਾਲੇ ਖੇਤ ‘ਚ ਤੰਬਾਕੂ ਨਾ ਬੀਜੀਂ ਅਤੇ ਨਾ ਹੀ ਉਸ ਵਿੱਚ ਤੰਬਾਕੂ ਰੱਖੀਂ। ਪਿੰਡ ਆ ਕੇ ਦੱਗੋਂ ਨੇ ਉਹ ਦੋਵੇਂ ਭੁੱਲਾਂ ਫੇਰ ਕੀਤੀਆਂ। ਜਿਸ ਤੋਂ ਗੁਰੂ ਜੀ ਨੇ ਰੋਕਿਆ ਸੀ। ਇਸ ਤੋਂ ਉਪਰੰਤ ਗੁਰੂ ਜੀ ਸੰਮਤ 1732 ਬਿਕਰਮੀ ਵਿੱਚ ਵਾਪਸ ਇਸ ਅਸਥਾਨ ‘ਤੇ ਆਏ। ਗੁਰੂ ਜੀ ਨੂੰ ਭਾਈ ਦੱਗੋਂ ਦੀ ਇਸ ਹੁਕਮ ਅਦੂਲੀ ਦਾ ਪਤਾ ਲੱਗਿਆ ਤਾਂ ਮਹਾਰਾਜ ਨੇ ਦੱਗੋਂ ਨੂੰ ਕਿਹਾ ਕਿ ‘ਦੱਗੋਂ! ਤੇਰੇ ਘਰ ਲਿਟਣਗੇ ਗੱਦੋ। ‘ਜਿੱਥੇ ਕੂਆ ਨਾ ਚੱਕ, ਇੱਥੇ ਉੱਗਣਗੇ ਅੱਕ।‘ ਨਤੀਜਾ ਇਹ ਹੋਇਆ ਕਿ ਅੰਤ ਦੱਗੋਂ ਉਜੜ-ਪੁੱਜੜ ਗਿਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਉਸ ਸਮੇਂ ਧਮਤਾਨ ਦੇ ਸਥਾਨ ਪਰ ਭਾਈ ਨੰਦ ਲਾਲ ਦੇ ਖਾਨਦਾਨ ਵਿੱਚੋਂ ਭਾਈ ਰਾਮਦੇਵ ਨਾਮ ਦਾ ਇੱਕ ਸ਼ਰਧਾਲੂ ਵੀ ਮੌਜੂਦ ਸੀ, ਜਿਹੜਾ ਹਰ ਦਿਨ ਬੜੀ ਹੀ ਸ਼ਰਧਾ ਨਾਲ ਦੂਰ ਦੁਰਾਡਿਉਂ ਸਿਰ ‘ਤੇ ਪਾਣੀ ਦੀਆਂ ਗਾਗਰਾਂ ਲਿਆ ਕੇ ਗੁਰੂ ਦਰਬਾਰ ਅੱਗੇ ਜਲ ਛਿੜਕਣ ਅਤੇ ਗੁਰੂ ਸੰਗਤ ਨੂੰ ਜਲ ਛਕਾਉਣ ਦੀ ਸੇਵਾ ਕਰਦਾ ਰਹਿੰਦਾ ਸੀ। ਇੱਕ ਦਿਨ ਭਾਈ ਰਾਮਦੇਵ ਨੇ ਮਸਤ ਹੋ ਕੇ ਗੁਰੂ ਦਰਬਾਰ ਅੱਗੇ ਅਜਿਹਾ ਜਲ ਛਿੜਕਿਆ ਕਿ ਇੱਕ ਤਰ੍ਹਾਂ ਨਾਲ ਮੀਂਹ ਹੀ ਵਰਸਾ ਦਿੱਤਾ। ਗੁਰੂ ਜੀ ਨੇ ਕਿਹਾ ਕਿ ਤੂੰ ਤਾਂ ਭਾਈ ਇੱਥੇ ਮੀਂਹ ਵਰਸਾ ਦਿੱਤਾ। ਉਸ ਨੂੰ ਗੁਰੂ ਜੀ ਨੇ ਪ੍ਰਸੰਨਤਾ ਨਾਲ ‘ਭਾਈ ਮੀਹਾਂ‘ ਦੀ ਪਦਵੀ ਪ੍ਰਦਾਨ ਕੀਤੀ। ਸੇਵਾ ਵੇਖ ਕੇ ਗੁਰੂ ਜੀ ਨੇ ਭਾਈ ਮੀਹਾਂ ਨੂੰ ਬੁਲਾਇਆ ਤੇ ਥਾਪੀ ਦੇ ਕੇ ਕਿਹਾ ਕਿ ਸਿੱਖਾ ! ਨਿਹਾਲ-ਨਿਹਾਲ ! ਤੇਰੀ ਘਾਲ ਥਾਇ ਪਈ। ਇਹ ਕਹਿ ਕੇ ਗੁਰੂ ਜੀ ਨੇ ਇੱਕ ਦੱਖਣੀ ਬੈਲ,ਇੱਕ ਨਗਾਰਾ, ਇੱਕ ਝੰਡਾ ਦੇ ਕੇ ਮਹੰਤੀ ਦਾ ਵਰਦਾਨ ਦਿੰਦੇ ਹੋਏ ਹੁਕਮ ਫਰਮਾਇਆ ‘ਭਾਈ ਮੀਹਾਂ‘ ਹੁਣ ਤੁਸੀਂ ਇਸ ਬੈਲ ‘ਤੇ ਨਗਾਰਾ ਵਜਾਉਦੇ ਹੋਏ ਆਲੇ-ਦੁਆਲੇ ਪਿੰਡਾਂ ਵਿੱਚ ਜਾਉ ਤੇ ਹਰ ਥਾਵੇਂ ਗੁਰੂ ਕਾ ਲੰਗਰ ਚਲਾ ਕੇ ਨਾਮ ਬਾਣੀ ਦਾ ਪ੍ਰਚਾਰ ਕਰੋ। ਭਾਈ ਮੀਹਾਂ ਜੀ ਨੇ ਸੱਤ ਬਚਨ ਕਹਿ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕਦੇ ਹੋਏ ਇਹ ਬਖਸ਼ਿਸ਼ ਕਬੂਲ ਕਰਕੇ ਝੰਡਾ ਹੱਥ ਵਿੱਚ ਫੜਿਆ ਤੇ ਗੁਰੂ ਦੀਆਂ ਚਰਨ ਪਾਦੁਕਾਂ ਲੈ ਕੇ ਉਸ ਇਲਾਕੇ ਵਿੱਚ ਵਾਹਿਗੁਰੂ ਨਾਮ ਦਾ ਸੰਦੇਸ਼ ਦਿੰਦੇ ਹੋਏ ਵਿਚਰਨ ਲੱਗੇ। ਸੰਨ 1798-1845 ਵਿੱਚ ਜਦੋਂ ਪਟਿਆਲੇ ਦਾ ਮਹਾਰਾਜਾ ਕਰਮ ਸਿੰਘ ਹੋਇਆ ਤਾਂ ਉਸ ਨੇ ਬੜੀ ਸ਼ਰਧਾ ਭਾਵ ਨਾਲ ਬਹੁਤ ਸਾਰਾ ਧਨ ਖਰਚ ਕਰਕੇ ਇਸ ਅਸਥਾਨ ਦੀ ਉਸਾਰੀ ਕਰਵਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਇੱਕ ਬਹੁਤ ਸੁੰਦਰ ਅਸਥਾਨ ਬਣਵਾਇਆ। ਗੁਰੂ ਘਰ ਦੀ ਸੇਵਾ ਸੰਭਾਲ ਲਈ 3200 ਰੁਪਏ ਸਾਲਾਨਾ ਜਾਗੀਰ ਤੇ 2200 ਵਿੱਘੇ ਜ਼ਮੀਨ ਦਿੱਤੀ ਤਾਂ ਕਿ ਇਸ ਅਸਥਾਨ ਨੂੰ ਕੋਈ ਤੰਗੀ ਨਾ ਆਵੇ। ਗੁਰਦੁਆਰਾ ਸਾਹਿਬ ਦਾ ਮੁੱਢਲਾ ਪ੍ਰਬੰਧ ਪਹਿਲਾਂ ਭਾਈ ਅਘੜ ਸਿੰਘ ਮਹੰਤ ਦੇ ਹੱਥ ਰਿਹਾ। ਫਿਰ ਸੰਨ 1956 ਤੋਂ ਪੈਪਸੂ ਪੰਜਾਬ ਕਾਇਮ ਹੋਣ ਉੱਤੇ ਸਾਰਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਹੱਥਾਂ ਵਿੱਚ ਚਲਿਆ ਗਿਆ। ਜੋ ਹੁਣ ਤੱਕ ਚਲਦਾ ਆ ਰਿਹਾ ਹੈ। ਇੱਥੇ ਹਰ ਮਹੀਨੇ ਦੀ ਮੱਸਿਆ ਦੇ ਦਿਹਾੜੇ ‘ਤੇ ਬੜਾ ਭਾਰੀ ਧਾਰਮਿਕ ਦੀਵਾਨ ਸਜਦਾ ਹੈ। ਇਸ ਤੋਂ ਬਿਨਾਂ ਹਰ ਸਾਲ ਦੋ ਮੇਲੇ ਹੋਲਾ ਮੁਹੱਲਾ ਤੇ ਦੁਸਹਿਰਾ ਬੜੀ ਹੀ ਧੂਮਧਾਮ ਨਾਲ ਮਨਾਏ ਜਾਂਦੇ ਹਨ। ਇਸ ਸਮੇਂ ਹਰਿਆਣਵੀ ਸੰਗਤਾਂ ਬੜੀ ਸ਼ਰਧਾ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੀਆਂ ਮਨੋਕਾਮਨਾਵਾਂ ਲੈ ਕੇ ਹਾਜ਼ਰੀ ਭਰਦੀਆਂ ਹਨ। ਗੁਰਦੁਆਰਾ ਧਮਤਾਨ ਸਾਹਿਬ ਦੇ ਅਸਥਾਨ ‘ਤੇ ਇੱਕ ਇਤਿਹਾਸਕ ਯਾਦਗਾਰ ਵਜੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ੍ਰੀ ਸਾਹਿਬ ਰੱਖੀ ਹੋਈ ਹੈ। ਜੋ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸੰਮਤ 1765 ਬਿਕਰਮੀ ਮੁਤਾਬਕ ਸੰਨ 1708 ਈਸਵੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ੍ਰੀ ਅਬਚੁਲ ਨਗਰ ਹਜ਼ੂਰ ਸਾਹਿਬ ਨਾਂਦੇੜ ਦੱਖਣ ਦੇ ਸਥਾਨ ‘ਤੇ ਉਸ ਦੇ ਪੰਜਾਬ ਦੇ ਚਾਲੇ ਪਾਉਣ ਸਮੇਂ ਦਿੱਤੀ ਸੀ। ਉਹ ਸ੍ਰੀ ਸਾਹਿਬ ਪਿੱਛੋਂ ਉਸ ਤੋਂ ਸਿੱਖਾਂ ਨੇ ਲੈ ਲਈ ਸੀ। ਹੁਣ ਇਹ ਸ੍ਰੀ ਸਾਹਿਬ ਧਮਤਾਨ ਸਾਹਿਬ ਵਿਖੇ ਇਤਿਹਾਸਕ ਯਾਦਗਾਰ ਵਜੋਂ ਰੱਖੀ ਹੋਈ ਹੈ। ਇਸ ਤਰ੍ਹਾਂ ਇਹ ਸਥਾਨ ਬਹੁਤ ਹੀ ਮਹੱਤਤਾ ਵਾਲਾ ਹੈ।
ਝ ਜਸਵਿੰਦਰ ਸਿੰਘ ਜਿਉਣਪੁਰਾ
ਸੰਪਰਕ: 94638-16160