ਵਾਸ਼ਿੰਗਟਨ, 30 ਅਗਸਤ (ਪੀ. ਟੀ)- ਅਮਰੀਕਾ ਨੇ ਕਿਹਾ ਕਿ ਅੱਤਵਾਦੀ ਸੰਗਠਨ ਆਈ. ਐਸ. ਆਈ. ਐਸ. ਦੁਆਰਾ ਪੈਦਾ ਕੀਤੇ ਜਾ ਰਹੇ ਖ਼ਤਰੇ ਨਾਲ ਨਜਿੱਠਣ ਲਈ ਇਕ ਵਿਸ਼ਵ ਸੰਗਠਨ ਦੀ ਜ਼ਰੂਰਤ ਹੈ। ਇਹ ਸੰਗਠਨ ਇਰਾਕ ਅਤੇ ਸੀਰੀਆ ਦੇ ਇਕ ਬਹੁਤ ਵੱਡੇ ਹਿੱਸੇ ‘ਤੇ ਕਬਜ਼ਾ ਕਰ ਚੁੱਕਾ ਹੈ ਤੇ ਇਸ ਦੇ ਵਿਸ਼ਵ ਦੇ ਹੋਰ ਹਿੱਸਿਆਂ ‘ਚ ਫੈਲਣ ਦਾ ਖ਼ਤਰਾ ਹੈ। ਅਮਰੀਕੀ ਵਿਦੇਸ਼ ਮੰਤਰੀ ਜਾਹਨ ਕੈਰੀ ਨੇ ਨਿਊਯਾਰਕ ਟਾਈਮਜ਼ ‘ਚ ਲਿਖਿਆ ਹੈ ਕਿ ਇਸ ਗੱਲ ਸਬੂਤ ਹੈ ਕਿ ਜੇ ਇਸ ਸੰਗਠਨ ਨੂੰ ਪ੍ਰਭਾਵਹੀਣ ਕਰਨਾ ਛੱਡ ਦਿੱਤਾ ਤਾਂ ਇਹ ਕੇਵਲ ਸੀਰੀਆ ਅਤੇ ਇਰਾਕ ਤੋਂ ਹੀ ਸੰਤੁਸ਼ਟ ਨਹੀਂ ਰਹੇਗਾ। ਉਨ੍ਹਾਂ ਨੇ ਕਿਹਾ ਕਿ ਇਕੱਲੇ ਹਵਾਈ ਹਮਲਿਆਂ ਤੋਂ ਹੀ ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਸੀਰੀਆ ਨੂੰ ਨਹੀਂ ਹਰਾਇਆ ਜਾ ਸਕਦਾ। ਕੈਰੀ ਨੇ ਲਿਖਿਆ ਕਿ ਵਿਸ਼ਵ ਨੂੰ ਇਕ ਪੂਰਨ ਕਾਰਵਾਈ ਕਰਨ ਦੀ ਜ਼ਰੂਰਤ ਹੈ।