ਰੱਖਿਆ, ਗੈਰ ਫ਼ੌਜੀ ਪ੍ਰਮਾਣੂ ਤੇ ਬੁਨਿਆਦੀ ਢਾਂਚੇ ਅਤੇ ਵਣਜ ਖੇਤਰ ਵਿਚ ਸਹਿਯੋਗ ਵਧਣ ਦੀ ਆਸ
ਕਿਓਟੋ, 30 ਅਗਸਤ (ਪੀ.ਟੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜਪਾਨ ਦੇ ਪੰਜ ਦਿਨਾ ਦੌਰੇ ‘ਤੇ ਇਥੇ ਪਹੁੰਚ ਗਏ ਹਨ ਅਤੇ ਉਨ੍ਹਾਂ ਦੀ ਇਸ ਯਾਤਰਾ ਨਾਲ ਦੁਵੱਲੇ ਸਬੰਧਾਂ ਖਾਸਕਰ ਰੱਖਿਆ, ਗੈਰ ਫ਼ੌਜੀ ਪ੍ਰਮਾਣੂ ਖੇਤਰ ਅਤੇ ਬੁਨਿਆਦੀ ਢਾਂਚੇ ਤੋਂ ਇਲਾਵਾ ਵਣਜ ਖੇਤਰ ਵਿਚ ਸਹਿਯੋਗ ਵਧਣ ਦੀ ਆਸ ਹੈ। ਉਪ ਮਹਾਂਦੀਪ ਤੋਂ ਬਾਹਰ ਪ੍ਰਧਾਨ ਮੰਤਰੀ ਵਜੋਂ ਪਹਿਲੀ ਦੁਵੱਲੀ ਯਾਤਰਾ ‘ਤੇ ਸ੍ਰੀ ਮੋਦੀ ਜਪਾਨ ਦਾ ਪੰਜ ਦਿਨਾ ਸਰਕਾਰੀ ਦੌਰਾ ਸ਼ੁਰੂ ਕਰਨ ਲਈ ਓਸਾਕਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪੁੱਜੇ। ਆਪਣੇ ਦੌਰੇ ਦੇ ਪਹਿਲੇ ਪੜਾਅ ਦੌਰਾਨ ਇਹ ਗੱਲ ਧਿਆਨ ਵਿਚ ਰੱਖ ਕੇ ਉਹ ਇਥੇ ਸਮਾਰਟ ਸਿਟੀ ਦਾ ਤਜਰਬਾ ਦੇਖਣਗੇ ਕਿ ਉਹ ਵੀ ਭਾਰਤ ਵਿਚ 100 ਸਮਾਰਟ ਸਿਟੀ ਉਸਾਰਨ ਦਾ ਇਰਾਦਾ ਰੱਖਦੇ ਹਨ। ਸ੍ਰੀ ਮੋਦੀ ਅਤੇ ਜਪਾਨ ਦੇ ਪ੍ਰਧਾਨ
ਮੰਤਰੀ ਸ਼ਿਜ਼ੋ ਅਬੇ ਪਹਿਲੀ ਸਤੰਬਰ ਨੂੰ ਟੋਕੀਓ ਵਿਚ ਮਹੱਤਵਪੂਰਨ ਮੀਟਿੰਗ ਕਰਨਗੇ ਜਿਸ ਵਿਚ ਦੋਵੇਂ ਧਿਰਾਂ ਰਣਨੀਤਕ ਤੇ ਵਿਸ਼ਵ ਸਾਂਝੇਦਾਰੀ ਅੱਗੇ ਲਿਜਾਉਣ ਦੇ ਉਪਾਵਾਂ ‘ਤੇ ਵਿਚਾਰ ਕਰਨਗੇ। ਪ੍ਰਧਾਨ ਮੰਤਰੀ ਦਾ ਜਪਾਨ ਦੌਰੇ ਦੌਰਾਨ ਵੱਡਾ ਏਜੰਡਾ ਹੈ ਜਿਸ ਵਿਚ ਉਹ ਦੁਵੱਲੇ ਸਬੰਧਾਂ ਦਾ ਨਵਾਂ ਅਧਿਆਇ ਲਿਖੇ ਜਾਣ ਅਤੇ ਰਣਨੀਤਕ ਅਤੇ ਵਿਸ਼ਵ ਭਾਈਵਾਲੀ ਉੱਚ ਪੱਧਰ ‘ਤੇ ਲਿਜਾਉਣ ਦੀ ਆਸ ਕਰਦੇ ਹਨ। ਵਿਦੇਸ਼ ਮੰਤਰਾਲੇ ਨੇ ਇਸ ਯਾਤਰਾ ਬਾਰੇ ਕਿਹਾ ਕਿ ਭਾਰਤ ਨੂੰ ਇਸ ਯਾਤਰਾ ਤੋਂ ਵੱਡੀਆਂ ਉਮੀਦਾਂ ਹਨ। ਦੋਵਾਂ ਧਿਰਾਂ ਵਿਚਕਾਰ ਸਿਖਰ ਮੀਟਿੰਗ ਦੌਰਾਨ ਰੱਖਿਆ, ਗੈਰ ਫ਼ੌਜੀ ਪ੍ਰਮਾਣੂ, ਬੁਨਿਆਦੀ ਢਾਂਚਾ ਵਿਕਾਸ ਅਤੇ ਧਰਤੀ ਦੇ ਦੁਰਲੱਭ ਖਣਿਜ ਪਦਾਰਥਾਂ ਦੇ ਖੇਤਰ ਵਿਚ ਸਹਿਯੋਗ ਵਰਗੇ ਮੁੱਦੇ ਵਿਚਾਰ ਵਟਾਂਦਰੇ ਲਈ ਏਜੰਡੇ ‘ਤੇ ਰਹਿਣ ਦੀ ਸੰਭਾਵਨਾ ਹੈ। ਇਸੇ ਦੌਰਾਨ ਰੱਖਿਆ ਅਤੇ ਗੈਰ ਫ਼ੌਜੀ ਖੇਤਰਾਂ ਸਮੇਤ ਕਈ ਸਮਝੌਤਿਆਂ ‘ਤੇ ਦਸਤਖ਼ਤ ਕੀਤੇ ਜਾਣ ਦੀ ਆਸ ਹੈ। ਇਨ੍ਹਾਂ ਚੋਂ ਇਕ ਸਮਝੌਤਾ ਦੁਰਲੱਭ ਜ਼ਮੀਨ ਸਮੱਗਰੀ ਦੇ ਸਾਂਝੇ ਉਤਪਾਦਨ ਨਾਲ ਸਬੰਧਤ ਹੈ। ਸ੍ਰੀ ਨਰਿੰਦਰ ਮੋਦੀ ਨੇ ਜਪਾਨ ਦੌਰੇ ‘ਤੇ ਰਵਾਨਾ ਹੋਣ ਤੋਂ ਪਹਿਲਾਂ ਇਕ ਬਿਆਨ ਵਿਚ ਕਿਹਾ ਕਿ ਆਪਣੇ ਚੰਗੇ ਦੋਸਤ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਦੇ ਸੱਦੇ ‘ਤੇ ਉਹ ਭਾਰਤ ਅਤੇ ਜਪਾਨ ਵਿਚਕਾਰ ਸਿਖਰ ਮੀਟਿੰਗ ਲਈ ਉਤਸੁਕਤਾ ਨਾਲ ਆਪਣੀ ਜਪਾਨ ਯਾਤਰਾ ਦਾ ਇੰਤਜ਼ਾਰ ਕਰ ਰਹੇ ਹਨ। ਭਾਰਤ ਦੇ ਗੁਆਂਢ ਤੋਂ ਥੋੜ੍ਹਾ ਹਟਕੇ ਪ੍ਰਧਾਨ ਮੰਤਰੀ ਵਜੋਂ ਆਪਣੀ ਪਹਿਲੀ ਦੁਵੱਲੀ ਯਾਤਰਾ ਦਾ ਜ਼ਿਕਰ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਹ ਗੱਲ ਇਸ ਮਹੱਤਵ ਨੂੰ ਦਰਸਾਉਂਦੀ ਹੈ ਕਿ ਭਾਰਤ ਦੀ ਵਿਦੇਸ਼ ਅਤੇ ਆਰਥਿਕ ਨੀਤੀਆਂ ਵਿਚ ਜਪਾਨ ਕਿੰਨਾ ਮਹੱਤਵ ਰੱਖਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿਚ ਵਿਕਾਸ ਤੇ ਖ਼ੁਸ਼ਹਾਲੀ ਅਤੇ ਏਸ਼ੀਆ ਵਿਚ ਸ਼ਾਂਤੀ, ਸਥਿਰਤਾ ਤੇ ਖ਼ੁਸ਼ਹਾਲੀ ਲਈ ਮੇਰੀ ਕਲਪਨਾ ਵਿਚ ਜਪਾਨ ਦਾ ਅਕਸ ਵੀ ਬਹੁਤ ਮਹੱਤਵਪੂਰਨ ਹੈ।