5823 ਅਧਿਆਪਕ ਸਤੰਬਰ ਮਹੀਨੇ ਤੱਕ ਨਵੇਂ ਭਰਤੀ ਹੋਣਗੇ
ਚੰਡੀਗੜ੍ਹ, 29 ਅਗਸਤ (ਪੀ. ਟੀ)- ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਪਿਛਲੇਂ ਸਮੇਂ ਵਿੱਚ ਭਰਤੀ ਕੀਤੇ ਕਲਰਕਾਂ ਵਿੱਚੋਂ 220 ਕਲਰਕਾਂ ਨੂੰ ਸਿੱਖਿਆ ਵਿਭਾਗ ਵਿੱਚ ਨਿਯੁਕਤ ਕੀਤਾ ਜਾ ਰਿਹਾ ਹੈ ਜਿਸ ਲਈ ਸਾਰੇ 220 ਕਲਰਕਾਂ ਨੂੰ 31 ਅਗਸਤ ਨੂੰ ਮੁਹਾਲੀ ਸਥਿਤ ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਦਫਤਰ ਵਿਖੇ ਨਿਯੁਕਤੀ ਪੱਤਰ ਸੌਂਪੇ ਜਾਣਗੇ। ਇਸ ਤੋਂ ਇਲਾਵਾ 5823 ਅਧਿਆਪਕਾਂ ਦੀ ਨਵੀਂ ਭਰਤੀ ਸਤੰਬਰ ਮਹੀਨੇ ਵਿੱਚ ਕੀਤੀ ਜਾਵੇਗੀ ਜਦੋਂ ਕਿ ਕੈਬਨਿਟ ਵੱਲੋਂ ਮਨਜ਼ੂਰ ਕੀਤੀਆਂ 646 ਪੀ.ਟੀ.ਆਈ. ਅਧਿਆਪਕਾਂ ਨੂੰ ਭਰਤੀ ਕਰਨ ਦੀ ਪ੍ਰਕਿਰਿਆ ਸਤੰਬਰ ਮਹੀਨੇ ਵਿੱਚ ਸ਼ੁਰੂ ਕੀਤੀ ਜਾਵੇਗੀ। ਇਹ ਜਾਣਕਾਰੀ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।ਡਾ. ਚੀਮਾ ਨੇ ਦੱਸਿਆ ਕਿ 220 ਕਲਰਕਾਂ ਨੂੰ ਸਿੱਖਿਆ
ਵਿਭਾਗ ਵਿੱਚ ਨਿਯੁਕਤ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਹੈ ਜਿਨ੍ਹਾਂ ਵਿੱਚੋਂ 165 ਕਲਰਕਾਂ ਨੂੰ ਖੇਤਰੀ ਤੇ ਜ਼ਿਲਾ ਦਫਤਰਾਂ ਅਤੇ 55 ਕਲਰਕਾਂ ਨੂੰ ਮੁੱਖ ਦਫਤਰ ਵਿਖੇ ਤਾਇਨਾਤ ਕੀਤਾ ਜਾਵੇਗਾ। 220 ਕਲਰਕਾਂ ਨੂੰ ਨਿਯੁਕਤੀ ਪੱਤਰ ਦੇਣ ਲਈ ਮੁਹਾਲੀ ਸਥਿਤ ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਦਫਤਰ ਵਿਖੇ 31 ਅਗਸਤ 2014 ਦਿਨ ਐਤਵਾਰ ਨੂੰ ਸਵੇਰੇ 10 ਵਜੇ ਬੁਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨਿਯੁਕਤੀ ਪੱਤਰਾਂ ਤੋਂ ਬਾਅਦ ਪੋਸਟਿੰਗ ਮੈਰਿਟ ਅਤੇ ਕਰਮਚਾਰੀ ਦੀ ਮੰਗ ਅਨੁਸਾਰ ਕੀਤੀ ਜਾਵੇਗੀ। ਉਨ੍ਹਾਂ ਸਮੂਹ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਨਿਯੁਕਤੀ ਪੱਤਰ ਲੈਣ ਲਈ ਆਪਣੇ ਅਸਲ ਦਸਤਾਵੇਜ਼ਾਂ ਅਤੇ ਇਕ-ਇਕ ਫੋਟੋ ਨਾਲ 31 ਅਗਸਤ ਨੂੰ ਸਹੀ ਸਮੇਂ ’ਤੇ ਪਹੁੰਚ ਜਾਣ। ਇਸੇ ਦੌਰਾਨ ਸਿੱਖਿਆ ਮੰਤਰੀ ਨੇ ਅਗਾਂਹ ਜਾਣਕਾਰੀ ਦਿੰਦਿਆਂ ਦੱਸਿਆ ਕਿ 5823 ਅਧਿਆਪਕਾਂ ਦੀ ਨਵੀਂ ਭਰਤੀ ਕਰਨ ਦੀ ਪ੍ਰਕਿਰਿਆ ਕਰੀਬ ਮੁਕੰਮਲ ਹੋ ਗਈ ਹੈ ਅਤੇ ਇਨ੍ਹਾਂ ਅਧਿਆਪਕਾਂ ਨੂੰ ਸਤੰਬਰ ਮਹੀਨੇ ਵਿੱਚ ਨਿਯੁਕਤੀ ਪੱਤਰ ਸੌਂਪ ਦਿੱਤੇ ਜਾਣਗੇ। ਇਨ੍ਹਾਂ ਅਧਿਆਪਕਾਂ ਵਿੱਚ 5178 ਮਾਸਟਰ ਕੇਡਰ ਦੇ ਅਧਿਆਪਕ ਅਤੇ 645 ਡੀ.ਪੀ.ਈ. ਸ਼ਾਮਲ ਹਨ।



