26 ਜਨਵਰੀ ਤੋਂ ਪਹਿਲਾਂ ਖਾਤਾ ਖੋਲ੍ਹਣ ’ਤੇ 30 ਹਜ਼ਾਰ ਦਾ ਮੁਫਤ ਜੀਵਨ ਬੀਮਾ
ਨਵੀਂ ਦਿੱਲੀ, 28 ਅਗਸਤ (ਪੀ. ਟੀ)- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਦਿੱਲੀ ਵਿਖੇ ਜਨ-ਧਨ ਯੋਜਨਾ ਦਾ ਸ਼ੁੱਭ ਅਰੰਭ ਕੀਤਾ। ਇਸ ਯੋਜਨਾ ਤਹਿਤ 26 ਜਨਵਰੀ ਤੱਕ 15 ਕਰੋੜ ਲੋਕਾਂ ਦੇ ਬੈਂਕ ਖਾਤੇ ਖੋਲ੍ਹਣ ਦਾ ਟੀਚਾ ਰੱਖਿਆ ਗਿਆ ਹੈ। ਖਾਸ ਗੱਲ ਇ ਹੈ ਕਿ 26 ਜਨਵਰੀ ਤੋਂ ਪਹਿਲਾਂ ਬੈਂਕ ਖਾਤਾ ਖੋਲ੍ਹਣ ਵਾਲਿਆਂ ਨੂੰ 1 ਲੱਖ ਰੁਪਏ ਦੇ ਦੁਰਘਟਨਾ ਬੀਮੇ ਦੇ ਨਾਲ-ਨਾਲ 30 ਹਜ਼ਾਰ ਰੁਪਏ ਮੁੱਲ ਦਾ ਜੀਵਨ ਬੀਮਾ ਵੀ ਮਿਲੇਗਾ। ਪ੍ਰੋਗਰਾਮ ਦੌਰਾਨ ਵਿੱਤ ਮੰਤਰੀ ਸ੍ਰੀ ਅਰੁਨ ਜੇਤਲੀ ਅਤੇ ਵਿਤ ਰਾਜ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਵੀ ਮੌਜੂਦ ਸਨ। ਇਸ ਮੌਕੇ ’ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨ-ਧਨ ਯੋਜਨਾ ਗਰੀਬਾਂ ਦੇ ਜੀਵਨ ਵਿੱਚ ਨਵਾਂ ਸਵੇਰਾ ਹੈ। ਇੱਕ ਦਿਨ ਵਿੱਚ ਬੈਂਕਿੰਗ ਇਤਿਹਾਸ ’ਚ ਕਈਂ ਰਿਕਾਰਡ ਟੁੱਟ ਰਹੇ ਹਨ। ਇੱਕ ਦਿਨ ਵਿੱਚ 1.5 ਕਰੋੜ ਤੋਂ ਜ਼ਿਆਦਾ ਬੈਂਕ ਖਾਤੇ ਖੋਲ੍ਹਣ
ਅਤੇ 1.5 ਕਰੋੜ ਬੀਮਾ ਕਰਾਉਣ ਦਾ ਰਿਕਾਰਡ ਟੁੱਟੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਬੈਂਕ ਖਾਤਾ ਅਰਥ ਵਿਵਸਥਾ ਨਾਲ ਜੁੜਣ ਦਾ ਪਹਿਲਾ ਕਦਮ ਹੈ। ਗਰੀਬੀ ਨਾਲ ਲੜ੍ਹਾਈ ’ਚ ਅਰਥ ਵਿਵਸਥਾ ਸਭ ਤੋਂ ਅਹਿਮ ਇਕਾਈ ਹੈ। ਸਮਾਂ ਆ ਗਿਆ ਹੈ ਕਿ ਅਸੀਂ ਆਰਥਿਕ ਛੂਤ-ਛਾਤ ਤੋਂ ਛੁਟਕਾਰਾ ਪਾਉਣਾ ਹੈ। ਹੁਣ ਤੱਕ ਗਰੀਬ ਅਮੀਰ ਤੋਂ ਪੈਸੇ ਉਧਾਰ ਲੈਂਦਾ ਸੀ ਅਤੇ ਪੰਜ ਫੀਸਦੀ ਤੱਕ ਵਿਆਜ ਭਰਦਾ ਸੀ। ਇਸ ਯੋਜਨਾ ਨਾਲ ਇਹ ਸ਼ੋਸ਼ਣ ਬੰਦ ਹੋਵੇਗਾ। ਉਨ੍ਹਾਂ ਕਿਹਾ ਕਿ ਅੱਜ ਗਰੀਬਾਂ ਲਈ ਕਰਜ ਮੁਕਤੀ ਦਾ ਉਤਸਵ ਹੈ। ਲੱਖਾਂ ਲੋਕਾਂ ਨੂੰ ਇਸ ਯੋਜਨਾ ਨਾਲ ਰੁਜ਼ਗਾਰ ਮਿਲੇਗਾ। ਉਨ੍ਹਾਂ ਕਿਹਾ ਕਿ ਹੁਣ ਗਰੀਬ ਲੋਕ ਵੀ ਕਾਰਡ ਨਾਲ ਅਮੀਰਾਂ ਦੀ ਤਰ੍ਹਾਂ ਹੋਟਲਾਂ ਆਦਿ ਵਿੱਚ ਅਦਾਇਗੀ ਕਰਿਆ ਕਰਨਗੇ। ਉਨ੍ਹਾਂ ਕਿਹਾ ਕਿ ਇਹ ਮਿਸ਼ਨ ਦੋ ਪੜਾਵਾਂ ਵਿੱਚ ਲਾਗੂ ਹੋਵੇਗਾ। ਪਹਿਲਾ ਪੜਾਅ 15 ਅਗਸਤ 2014 ਤੋਂ 14 ਅਗਸਤ 2015 ਤੱਕ ਹੋਵੇਗਾ। ਦੂਜਾ ਪੜਾਅ 2015 ਤੋਂ 14 ਅਗਸਤ 2018 ਤੱਕ ਹੋਵੇਗਾ। ਇਸ ਯੋਜਨਾ ਲਈ ਪ੍ਰਧਾਨ ਮੰਤਰੀ ਨੇ ਬੈਂਕ ਅਧਿਕਾਰੀਆਂ ਨੂੰ 7.25 ਲੱਖ ਇਮੇਲਾਂ ਭੇਜੀਆਂ ਸਨ। ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਇਸ ਯੋਜਨਾ ਤਹਿਤ 15 ਅਗਸਤ 2015 ਤੱਕ ਹਰ ਪੰਜ ਕਿਲੋਮੀਟਰ ’ਤੇ ਬੈਂਕ ਹੋਵੇਗਾ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਅੱਜ ਆਰੰਭੀ ਗਈ ਦੇਸ਼ਵਿਆਪੀ ‘ਪ੍ਰਧਾਨ ਮੰਤਰੀ ਜਨ ਧਨ ਯੋਜਨਾ’ ਦੇਸ਼ ਦੇ ਕਰੋੜਾਂ ਗਰੀਬ ਤੇ ਬੈਂਕਿੰਗ ਸਹੂਲਤਾਂ ਤੋਂ ਵਾਂਝੇ ਲੋਕਾਂ ਨੂੰ ਦੇਸ਼ ਦੀ ਆਰਥਿਕਤਾ ਅਤੇ ਲਾਭਕਾਰੀ ਨੀਤੀਆਂ ਨਾਲ ਜੋੜਨ ਦਾ ਕੰਮ ਕਰੇਗੀ। ਇਸ ਦੇ ਨਾਲ ਹੀ ਲੋਕਾਂ ਵਿਚ ਇਹ ਵੀ ਭਾਵਨਾ ਪੈਦਾ ਹੋਵੇਗੀ ਕਿ ਸਰਕਾਰ ਉਨ੍ਹਾਂ ਦੀ ਨਿਰੰਤਰ ਭਲਾਈ ਲਈ ਯਤਨਸ਼ੀਲ ਹੈ। ਇਸ ਯੋਜਨਾ ਦੇ ਲਾਗੂ ਹੋਣ ਸਾਰ ਬੈਂਕ ਖਾਤਾ ਖੁਲ੍ਹਵਾਉਣ ਦੀ ਪ੍ਰਕਿਰਿਆ ਅਸਾਨ ਹੋ ਗਈ ਹੈ। ਹੁਣ ਕਿਸੇ ਵੀ ਵਿਅਕਤੀ ਨੂੰ ਖਾਤਾ ਖੁਲ੍ਹਵਾਉਣ ਲਈ ਲੰਬੇ -ਚੌੜੇ ਕਾਗਜ਼ੀ ਪ੍ਰਮਾਣ ਦੇਣ ਦੀ ਥਾਂ ਆਪਣਾ ਅਧਾਰ ਕਾਰਡ ਜਾਂ ਉਸ ਦਾ ਨੰਬਰ ਬੈਂਕ ਨੂੰ ਦੇਣਾ ਪਵੇਗਾ ਅਤੇ ਉਸ ਦਾ ਖਾਤਾ ਖੁੱਲ੍ਹ ਜਾਵੇਗਾ। ਇਸ ਯੋਜਨਾ ਤਹਿਤ ਹਰੇਕ ਪਰਿਵਾਰ ਦੇ ਮੁਖੀ ਅਤੇ ਇਕ ਮਹਿਲਾ ਮੈਂਬਰ ਦਾ ਖਾਤਾ ਬੈਂਕ ਵਿਚ ਹੋਣਾ ਯਕੀਨੀ ਬਣਾਇਆ ਜਾਵੇਗਾ ਅਤੇ 26 ਜਨਵਰੀ 2015 ਤੱਕ ਇਸ ਨੂੰ ਮੁਕੰਮਲ ਕੀਤਾ ਜਾਵੇਗਾ। ਸਕੀਮ ਤਹਿਤ ਹਰੇਕ ਖਾਤਾਧਾਰਕ ਦਾ ਇਕ ਲੱਖ ਰੁਪਏ ਦਾ ਐਕਸੀਡੈਂਟਲ ਬੀਮਾ ਆਪਣੇ ਆਪ ਹੋ ਜਾਵੇਗਾ ਅਤੇ ਹਰੇਕ ਖਾਤਾਧਾਰਕ ਨੂੰ ‘ਰੁਪੇ’ ਏ.ਟੀ.ਐਮ. ਕਾਰਡ ਜਾਰੀ ਕੀਤਾ ਜਾਵੇਗਾ ਅਤੇ ਖਾਤਾਧਾਰਕ ਵੱਲੋ ਜੇਕਰ 6 ਮਹੀਨੇ ਖਾਤੇ ਵਿਚ ਲੈਣ-ਦੇਣ ਨਿਯਮਿਤ ਰੂਪ ਵਿਚ ਕੀਤਾ ਜਾਂਦਾ ਹੈ ਤਾਂ ਉਸ ਨੂੰ 5 ਹਜ਼ਾਰ ਰੁਪਏ ਦੀ ਓਵਰ ਡਰਾਫ਼ਟਿੰਗ ਦੀ ਸਹੂਲਤ ਵੀ ਮਿਲੇਗੀ।



