ਹੈਦਰਾਬਾਦ, 26 ਅਗਸਤ (ਪੀ. ਟੀ)- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਸੰਕਟਗ੍ਰਸਤ ਲੀਬੀਆ ‘ਚ ਭਾਰਤੀਆਂ ਦੀ ਸੁਰੱਖਿਆ ਅਤੇ ਘਰ ਵਾਪਸੀ ਲਈ ਵੱਡੇ ਪੱਧਰ ‘ਤੇ ਯਤਨ ਕਰ ਰਹੀ ਹੈ। ਆਂਧਰਾ ਪ੍ਰਦੇਸ਼ ਦੇ ਮੰਤਰੀ ਪਿੱਲੇ ਰਘੁਨਾਥ ਰੈੱਡੀ ਦੁਆਰਾ 12 ਅਗਸਤ ਨੂੰ ਲੀਬੀਆ ‘ਚ ਫਸੇ ਭਾਰਤੀਆਂ ਦੇ ਬਚਾਅ ਦੀ ਅਪੀਲ ਕਰਦੇ ਹੋਏ ਲਿਖੇ ਗਏ ਪੱਤਰ ਦਾ ਜਵਾਬ ਦਿੰਦੇ ਹੋਏ ਸੁਸ਼ਮਾ ਨੇ ਕਿਹਾ ਕਿ ਵਿਦੇਸ਼ ਮੰਤਰਾਲਾ ਸਾਰੇ ਜ਼ਰੂਰੀ ਕਦਮ ਉੱਠਾ ਰਿਹਾ ਹੈ। ਉਨ੍ਹਾਂ ਨੇ ਪੱਤਰ ਦੇ ਰਾਹੀਂ ਕਿਹਾ ਕਿ ਅਨੁਮਾਨ ਮੁਤਾਬਿਕ ਲੀਬੀਆ ਦੇ ਵੱਖ ਵੱਖ ਇਲਾਕਿਆਂ ‘ਚ 6000 ਭਾਰਤੀ ਨਾਗਰਿਕ ਹਨ, ਜਿਨ੍ਹਾਂ ‘ਚ ਲਗਭਗ 4500 ਲੋਕਾਂ ਨੇ ਤ੍ਰਿਪੋਲੀ ਸਥਿਤ ਭਾਰਤੀ ਦੂਤਾਵਾਸ ‘ਚ ਰਜਿਸਟਰੇਸ਼ਨ ਕਰਾਇਆ ਹੋਇਆ ਹੈ। ਲੀਬੀਆ ‘ਚ ਭਾਰਤੀ ਦੂਤਾਵਾਸ ਦੁਆਰਾ ਨਿਯਮਤ
ਤੌਰ ‘ਤੇ ਭਾਰਤੀਆਂ ਨੂੰ ਉਥੋਂ ਦੇ ਸੁਰੱਖਿਆ ਹਾਲਾਤ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਲੜਾਈ ਵਾਲੇ ਸਥਾਨਾਂ ‘ਚ ਜਾਣ ਤੋਂ ਬਚਾਅ ਕਰਨ।



