ਤਲਵੰਡੀ ਸਾਬੋ, 22 ਅਗਸਤ (ਰਣਜੀਤ ਸਿੰਘ ਰਾਜੂ)- ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਨਥੇਹਾ ਦੇ ਰੋੜੀ ਰੋੜ ਤੇ ਜਾਂਦੇ ਰਸਤੇ ਤੇ ਰੱਦ ਕੱਸੀ ਵਿੱਚ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਭੇਦ ਭਰੀ ਹਾਲਤ ਵਿੱਚ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਿਥੇ ਪੁਲਸ ਨੇ ਲਾਸ਼ ਦੀ ਸ਼ਨਾਖਤ ਲਈ ਲਾਸ਼ ਨੂੰ ਸਿਵਲ ਹਸਪਤਾਲ ਵਿੱਚ ਰੱਖ ਦਿੱਤਾ ਹੈ ਉਥੇ ਹੀ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਿੰਡ ਨਥੇਹਾ ਦਾ ਬੱਬਰ ਸ਼ੇਰ ਸਿੰਘ ਜਦੋਂ ਬੀਤੇ ਦਿਨ ਸਵੇਰੇ ਆਪਣੇ ਖੇਤ ਜਾ ਰਿਹਾ ਸੀ ਤਾਂ ਖੇਤ ਦੇ ਨੇੜੇ ਲੰਘਦੀ ਰੱਦ ਕੱਸੀ ਵਿੱਚ ਉਸ ਨੇ ਇੱਕ ਵਿਅਕਤੀ ਦੀ ਅਲਫ ਨੰਗੀ ਲਾਸ਼ ਪਈ ਦੇਖੀ ਜਿਸ ਬਾਰੇ ਉਸ ਨੇ ਪਿੰਡ ਵਾਸੀਆਂ ਅਤੇ ਸੀਂਗੋ ਚੌਂਕੀ ਵਿੱਚ ਇਤਲਾਹ ਦਿੱਤੀ ਜਿਸ ਤੇ ਸੀਂਗੋ ਚੌਂਕੀ ਇੰਚਾਰਜ ਬਿੱਕਰ
ਸਿੰਘ ਪੁਲਸ ਪਾਰਟੀ ਸਮੇਤ ਪੁੱਜ ਗਏ ਜਿੰਨਾ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਕੇ ਲਾਸ਼ ਦੀ ਸਨਾਖਤ ਲਈ ਉਸਨੂੰ ਸਿਵਲ ਹਸਪਤਾਲ ਤਲਵੰਡੀ ਸਾਬੋ ਦੇ ਮੁਰਦਾ ਘਰ ਵਿੱਚ ਰੱਖ ਦਿੱਤਾ ਗਿਆ ਹੈ।ਚੌਂਕੀ ਇੰਚਾਰਜ ਨੇ ਦੱਸਿਆ ਕਿ ਲਾਸ਼ ਅਲਫ ਨੰਗੀ ਮਿਲੀ ਜਿਸ ਦੇ ਹਰੇ ਰੰਗ ਦੀ ਨਿੱਕਰ ਗੋਡਿਆਂ ਤਂੋ ਹੇਠਾਂ ਲੱਤਾਂ ਵਿਚਕਾਰ ਖੁੱਲੀ ਪਈ ਸੀ ,ਲਾਸ਼ ਉਪਰ ਨੋਜਵਾਨ ਦੀ ਸੱਜੀ ਅੱਖ,ਪੁੜਪੜੀ,ਗਲੇ, ਦੋਵੇ ਡੋਲਿਆਂ ਤੇ ਛਾਤੀ ਦੇ ਦੋਨੋ ਪਾਸਿਆਂ ਸੱਟਾ ਅਤੇ ਗੁਪਤ ਅੰਗ ਤੇ ਵੀ ਗੁੱਝੀਆਂ ਸੱਟਾ ਦੇ ਨਿਸ਼ਾਨ ਪਾਏ ਗਏ ਹਨ ਉਨਾਂ ਸ਼ੱਕ ਜਾਹਿਰ ਕੀਤਾ ਹੈ ਕਿ ਉਕਤ ਨੌਜਵਾਨ ਦਾ ਕਤਲ ਕਰਕੇ ਸੁੱਟਿਆ ਗਿਆ ਹੈ।ਉਹਨਾਂ ਇਹ ਵੀ ਕਿਹਾ ਕਿ ਲਾਸ਼ ਇੱਕ ਦਿਨ ਪੁਰਾਣੀ ਹੀ ਹੈ। ਸੀਂਗੋ ਚੌਂਕੀ ਪੁਲਸ ਨੇ ਪਿੰਡ ਨਥੇਹਾ ਦੇ ਬੱਬਰ ਸ਼ੇਰ ਸਿੰਘ ਦੇ ਬਿਆਨਾ ਤੇ ਧਾਰਾ 302 ਅਤੇ 34 ਆਈ ਪੀ ਸੀ ਤਹਿਤ ਨਾ ਮਾਲੂਮ ਵਿਅਕਤੀਆਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



