ਤਲਵੰਡੀ ਸਾਬੋ 22 ਅਗਸਤ (ਰਣਜੀਤ ਸਿੰਘ ਰਾਜੂ)- ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੀਆਂ ਜਿਮਨੀ ਚੋਣਾਂ ਦੌਰਾਨ ਬੀਤੇ ਕੱਲ ਸ਼ਾਮ ਨੂੰ ਸਥਾਨਕ ਪੰਜ ਨੰਬਰ ਵਾਰਡ ਵਿੱਚ ਹੋਈ ਹਿੰਸਾਂ ਦੌਰਾਨ ਜਖਮੀ ਹੋਏ ਇੱਕ ਅਕਾਲੀ ਵਰਕਰ ਜੋ ਬੀਤੀ ਕੱਲ ਤੋਂ ਸਥਾਨਕ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਸੀ ਨੇ ਅੱਜ ਪੁਲਿਸ ਕੋਲ ਹਲਕੇ ਤੋਂ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਦੇ ਭਾਈ ਅਤੇ ਇੱਕ ਕਾਂਗਰਸੀ ਬਲਾਕ ਸੰਮਤੀ ਮੈਂਬਰ ਸਮੇਤ ਕਈ ਅਣਪਛਾਤੇ ਵਿਅਕਤੀਆਂ ਖਿਲਾਫ ਬਿਆਨ ਦਰਜ ਕਰਵਾਏ ਹਨ।ਪੁਲਿਸ ਇਸ ਮਾਮਲੇ ਨੂੰ ਲੈ ਕੇ ਅਗਲੇਰੀ ਕਾਰਵਾਈ ਵਿੱਚ ਜੁਟ ਗਈ ਹੈ।
ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਅਕਾਲੀ ਦਲ ਦੇ ਸਰਗਰਮ ਵਰਕਰ ਗੁਰਮੀਤ ਸਿੰਘ ਵੜੈਚ ਨੇ ਕਿਹਾ ਕਿ ਬੀਤੇ ਕੱਲ ਉਹ ਤਲਵੰਡੀ ਸਾਬੋ ਦੇ ਪੰਜ ਨੰ: ਵਾਰਡ ਦੇ ਸਥਾਨਕ ਯਾਦਵਿੰਦਰਾ ਕਾਲਿਜ ਦੇ ਬਾਹਰ ਗੁਰੂਸਰ ਰੋਡ ਤੇ ਬਣੇ ਅਕਾਲੀ ਦਲ ਦੇ ਪੋਲਿੰਗ ਬੂਥ ਤੇ ਪਰਚੀਆਂ ਕੱਟ ਰਿਹਾ ਸੀ।ਸ਼ਾਮ ਸਮੇਂ ਜਦੋਂ ਉਹ ਪਾਣੀ ਪੀਣ ਜਾਣ ਲਈ ਸੜਕ ਪਾਰ ਕਰ ਰਿਹਾ ਸੀ ਤਾਂ ਅਚਾਨਕ ਚਾਰ ਪੰਜ ਗੱਡੀਆਂ ਆ ਕੇ ਉਸ ਕੋਲ ਰੁਕੀਆਂ ਤੇ ਉਸ ਵਿੱਚੋਂ ਕਾਂਗਰਸੀ ਉਮੀਦਵਾਰ ਦੇ ਭਾਈ ਗੋਪਾਲ ਸਿੰਘ ਜੱਸੀ ਨੇ ਉਤਰਦਿਆਂ ਹੀ ਆਪਣੇ ਨਾਲ ਆਏ ਅਣਪਛਾਤੇ ਵਿਅਕਤੀਆਂ ਨੂੰ ਕਿਹਾ ਕਿ ਇਹ ਗੁਰਮੀਤ ਵੜੈਚ ਜੀਤਮਹਿੰਦਰ ਦਾ ਵੱਡਾ ਸਮੱਰਥਕ ਕਹਾਂਉਦਾ ਹੈ ਇਹਨੂੰ ਦੱਸੋ ਪਤਾ।ਉਸ ਮੁਤਾਬਿਕ ਇਨ੍ਹਾਂ ਕਹਿੰਦਿਆਂ ਹੀ ਉਨ੍ਹਾਂ ਵਿੱਚੋਂ ਇੱਕ ਕੁਲਦੀਪ ਝਲੂਰ ਜਿਸ ਬਾਰੇ ਉਸਨੇ ਦੱਸਿਆ ਕਿ ਪਤਾ ਲੱਗਾ ਹੈ ਕਿ ਉਹ ਬਲਾਕ ਸੰਮਤੀ ਮੈਂਬਰ ਹੈ ਨੇ ਉਸਦੀ ਦਾੜ੍ਹੀ ਫੜ ਲਈ ਤੇ ਬਾਕੀਆਂ ਨੇ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ।ਅਕਾਲੀ ਵਰਕਰ ਦੇ ਦੱਸਣ ਅਨੁਸਾਰ ਉਹ ਇੱਕ ਪੂਰਨ ਗੁਰਸਿੱਖ ਵਿਅਕਤੀ ਹੈ ਤੇ ਉਕਤ ਵਿਅਕਤੀਆਂ ਨੇ ਉਸਦੇ ਦਾੜੀ ਦੇ ਕੇਸ ਪੁੱਟ ਕੇ ਉਸਦੇ ਧਾਰਮਿਕ ਕਕਾਰਾਂ ਦੀ ਬੇਅਦਬੀ ਕੀਤੀ ਹੈ ਅਤੇ ਨਾਲ ਹੀ ਉਸਦੀ ਬੁਰੀ ਤਰ੍ਹਾਂ ਮਾਰਕੁੱਟ ਵੀ ਕੀਤੀ।ਉਸਦੇ ਦੱਸਣ ਅਨੁਸਾਰ ਉਸਦੀ ਚੀਕ ਪੁਕਾਰ ਸੁਣ ਕੇ ਉਸਦੇ ਸਾਥੀ ਜਦੋਂ ਮੌਕੇ ਤੇ ਪੁੱਜੇ ਤਾਂ ਉਕਤ ਵਿਅਕਤੀ ਗੱਡੀਆਂ ਤੇ ਸਵਾਰ ਹੋ ਕੇ ਹਫੜਾਦਫੜੀ ਵਿੱਚ ਭੱਜਣ ਲੱਗੇ ਤਾਂ ਉਨ੍ਹਾ ਦੀਆਂ ਦੋ ਗੱਡੀਆਂ ਵੀ ਆਪਸ ਵਿੱਚ ਟਕਰਾਈਆਂ ਸਨ।ਵੜੈਚ ਨੇ ਪੁਲਿਸ ਕੋਲ ਦਰਜ ਬਿਆਨਾਂ ਵਿੱਚ ਉਕਤ ਵਿਅਕਤੀਆਂ ਤੋਂ ਆਪਣੀ ਜਾਨ ਮਾਲ ਨੂੰ ਵੀ ਖਤਰਾ ਦੱਸਿਆ ਹੈ। ਉੱਧਰ ਇਸ ਮਾਮਲੇ ਸਬੰਧੀ ਜਦੋਂ ਮੁੱਖ ਥਾਣਾ ਅਫਸਰ ਮਨਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਪੀੜਿਤ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।



