ਨਵੀਂ ਦਿੱਲੀ, 22 ਅਗਸਤ (ਪੀ. ਟੀ)- ਦਿੱਲੀ ਸਮੂਹਿਕ ਜਬਰ ਜਨਾਹ ਮਾਮਲੇ ਸਬੰਧੀ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਦਿੱਤੇ ਬਿਆਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਕੱਲ੍ਹ ਦੇਸ਼ ਭਰ ਦੇ ਸੈਰ ਸਪਾਟਾ ਮੰਤਰੀਆਂ ਦੀ ਦਿੱਲੀ ‘ਚ ਹੋਈ ਬੈਠਕ ਦੌਰਾਨ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਸੀ ਕਿ ਦਿੱਲੀ ਸਮੂਹਿਕ ਜਬਰ ਜਨਾਹ ਕਾਂਡ ਦੀ ਇਕ ‘ਛੋਟੀ ਘਟਨਾ‘ ਨੂੰ ਦੁਨੀਆ ਭਰ ‘ਚ ਦਿਖਾਇਆ ਗਿਆ ਅਤੇ ਜਿੱਥੇ ਤੱਕ ਵਿਸ਼ਵ ਵਿਆਪੀ ਸੈਰ ਸਪਾਟੇ ਦਾ ਸਵਾਲ ਹੈ ਤਾਂ ਸਾਨੂੰ ਇਸ ਦਾ ਅਰਬਾਂ ਡਾਲਰ ਦਾ ਨੁਕਸਾਨ ਹੋਇਆ ਹੈ। ਹਾਲਾਂਕਿ ਆਪਣੇ ਬਿਆਨ ‘ਤੇ ਹੋਏ ਹੰਗਾਮੇ ਦੇ ਤੁਰੰਤ ਪਿੱਛੋ ਸਫਾਈ ਦਿੰਦਿਆ ਸ੍ਰੀ ਜੇਤਲੀ ਨੇ ਕਿਹਾ ਕਿ ਮੇਰੇ ਬਿਆਨ ਨੂੰ ਗਲਤ ਤਰੀਕੇ ਨਾਲ ਸਮਝਿਆ ਗਿਆ ਹੈ। ਸਮੂਹਿਕ ਜਬਰ ਜਨਾਹ ਕਾਂਡ ਨੂੰ ਛੋਟੀ ਘਟਨਾ ਕਹਿਣ ਦਾ ਮੇਰਾ ਕੋਈ ਇਰਾਦਾ ਨਹੀਂ ਸੀ ਅਤੇ ਨਾ ਹੀ ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਸੀ। ਜੇਕਰ ਮੇਰੇ
ਬਿਆਨ ਨਾਲ ਕਿਸੇ ਨੂੰ ਠੇਸ ਪੁੱਜੀ ਹੈ ਤਾਂ ਇਸ ਲਈ ਮੈਨੂੰ ਅਫਸੋਸ ਹੈ। ਇਸ ਕਾਂਡ ਦੀ ਪੀੜਤ ਲੜਕੀ ਦੀ ਮਾਤਾ-ਪਿਤਾ ਨੇ ਵਿੱਤ ਮੰਤਰੀ ਦੇ ਬਿਆਨ ਦੀ ਨਿੰਦਾ ਕਰਦਿਆ ਕਿਹਾ ਕਿ ਉਨ੍ਹਾਂ ਨੂੰ ਜੇਤਲੀ ਦੇ ਬਿਆਨ ਨਾਲ ਬਹੁਤ ਦੁੱਖ ਹੋਇਆ ਹੈ। ਵੋਟਾਂ ਦੌਰਾਨ ਸਿਆਸੀ ਲਾਹਾ ਲੈਣ ਲਈ ਉਹ ਉਨ੍ਹਾਂ ਦੀ ਬੇਟੀ ਦਾ ਨਾਂਅ ਵਰਤਦੇ ਰਹੇ ਪਰ ਹੁਣ ਸੱਤਾ ‘ਚ ਆਉਣ ਪਿੱਛੋਂ ਇਸ ਕਾਂਡ ਨੂੰ ‘ਛੋਟੀ ਘਟਨਾ‘ ਦੱਸ ਰਹੇ ਹਨ।



