ਚੰਡੀਗੜ੍ਹ, 13 ਅਗਸਤ (ਪੀ.ਟੀ)- ਪੰਜਾਬ ਸਰਕਾਰ ਵੱਲੋਂ ਕੌਮੀ ਝੰਡੇ ਦੇ ਸੰਵਿਧਾਨਕ ਅਤੇ ਪ੍ਰਵਾਨਿਤ ਕਦਰਾਂ ਕੀਮਤਾਂ ਅਨੁਸਾਰ ਸਨਮਾਨ ਦੀ ਬਹਾਲੀ ਦੇ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਸੂਬੇ ਦੇ ਸਮੂਹ ਵਿਭਾਗਾਂ ਦੇ ਮੁਖੀਆਂ, ਡਿਵੀਜ਼ਨਾਂ ਦੇ ਕਮਿਸ਼ਨਰਾਂ, ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਸਬ ਡਵੀਜ਼ਨਲ ਮੈਜਿਸਟ੍ਰੇਟਾਂ ਨੂੰ ਇਸ ਸਬੰਧੀ ਲਿਖਤੀ ਹੁਕਮ ਜਾਰੀ ਕੀਤੇ ਗਏ ਹਨ ਜਿਨ੍ਹਾਂ ਵਿੱਚ ਕੌਮੀ ਝੰਡੇ ਦੇ ਨਿਰਾਦਰ ਨੂੰ ਸਖਤੀ ਨਾਲ ਰੋਕਣ ਲਈ ਫਲੈਗ ਕੋਡ ਦੀ ਪਾਲਣਾ ਦੀ ਗੱਲ ਕਹੀ ਗਈ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਫਲੈਗ ਕੋਡ ਦੀ ਪਾਲਣਾ ਲਈ ਇਹ ਹਦਾਇਤਾਂ ਵੀ ਕੀਤੀਆਂ ਗਈਆਂ ਹਨ ਕਿ ਪਲਾਸਟਿਕ ਦੇ ਝੰਡਿਆਂ ਦੇ ਇਸਤੇਮਾਲ ’ਤੇ ਮੁਕੰਮਲ ਰੋਕ ਲਾਈ ਜਾਵੇ। ਭਾਰਤ ਸਰਕਾਰ ਵੱਲੋਂ ਆਈਆਂ
ਹਦਾਇਤਾਂ ਅਨੁਸਾਰ ਪਲਾਸਟਿਕ ਦੀ ਵਰਤੋਂ ਵਾਤਾਵਰਣ ਲਈ ਹਾਨੀਕਾਰਕ ਹੈ। ਇਸ ਤੋਂ ਇਲਾਵਾ ਇਹ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਕਿਸੇ ਵੀ ਕੌਮੀ, ਸੱਭਿਆਚਾਰਕ ਜਾਂ ਖੇਡ ਸਮਾਗਮ ਮੌਕੇ ਕਾਗਜ਼ ਦੇ ਝੰਡਿਆਂ ਦੀ ਵਰਤੋਂ ਕੀਤੀ ਜਾਵੇ ਅਤੇ ਸਮਾਗਮ ਦੀ ਸਮਾਪਤੀ ’ਤੇ ਇਹ ਯਕੀਨੀ ਬਣਾਇਆ ਜਾਵੇ ਕਿ ਕੌਮੀ ਝੰਡੇ ਨੂੰ ਜ਼ਮੀਨ ’ਤੇ ਨਾ ਸੁੱਟਿਆ ਜਾਵੇ। ਕੌਮੀ ਝੰਡਿਆਂ ਨੂੰ ਪੂਰੇ ਮਾਣ-ਸਨਮਾਨ ਨਾਲ ਡਿਸਪੋਜ਼ ਆਫ ਕੀਤਾ ਜਾਵੇ।



