Skip to content
Independent perspectives. Global stories.
BREAKING

ਛੇਤੀ ਬਹੁੜੀਂ ਵੇ ਤਬੀਬਾ

Share this story

ਗੁਰਪ੍ਰੀਤ ਸਿੰਘ ਤੂਰ
ਆਈ.ਪੀ.ਐਸ.
ਐਸ.ਐਸ.ਪੀ. ਗੁਰਦਾਸਪੁਰ
ਸੰਪਰਕ : 98158-00405

imageਛੇਤੀ ਬਹੁੜੀਂ ਵੇ ਤਬੀਬਾ ਨਹੀਂ ਤਾਂ ਮੈਂ ਮਰ ਗਈ ਆਂ, ਇਹ ਦੁਹਾਈ ਪੰਜਾਬ ਦੀ ਹੈ। ਛੱਬੀ ਜੂਨ ਨੂੰ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਇਕ ਨਾਟਕ ਕਰਾਇਆ ਗਿਆ ਸੀ। ਇਸ ਨਾਟਕ ਦੇ ਅੰਤ ਵਿਚ ਆਖਰ ਮਾਪੇ ਆਪਣੇ ਨਸ਼ਈ ਪੁੱਤਰ ਗੋਲਡੀ ਨੂੰ ਨਸ਼ਾ ਛੁਡਾਊ ਕੇਂਦਰ ਵਿਚ ਦਾਖਲ ਕਰਵਾਉਣ  ਵਿਚ ਕਾਮਯਾਬ ਹੋ ਜਾਂਦੇ ਹਨ। ਮਾਂ ਸੁੱਖਾਂ ਸੁਖਦੀ ਹਸਪਤਾਲ ਵਿਚ ਉਸ ਦੇ ਸਿਰਾਣੇ ਬੈਠੀ ਰਹਿੰਦੀ ਹੈ। ਲੇਕਿਨ ਇਕ ਦਿਨ ਅਚਾਨਕ ਗੋਲਡੀ ਉਸ ਕੇਂਧਰ ਵਿਚੋਂ ਭੱਜ ਜਾਂਦਾ ਹੈ। ਮਾਂ ਦੀ ਹਾਲਤ ਨੀਮ ਪਾਗਲਾਂ ਵਾਲੀ ਹੋ ਜਾਂਦੀ ਹੈ। ਉਹ ਘਰ ਨਹੀਂ ਜਾਂਦੀ, ਹਸਪਤਾਲ ਵਿਚ ਆਪਣੇ ਪੁੱਤ ਦੇ ਮੰਜੇ ਕੋਲ ਹੀ ਬੈਠੀ ਰਹਿੰਦੀ ਹੈ। ਜਦ ਉਸ ਨੂੰ ਘਰ ਚੱਲਣ ਲਈ ਮਨਾਇਆ ਜਾ ਰਿਹਾ ਹੁੰਦਾ ਹੈ, ਤਾਂ ਬਾਹਰੋਂ ਆ ਕੇ ਕੋਈ ਸੁਨੇਹਾ ਦਿੰਦਾ ਹੈ, ਪਿੰਡ ਦੇ ਬਾਹਰ ਇਕ ਲਾਸ਼ ਮਿਲੀ ਹੈ, ਕੁਰਲਾਹਟ ਮਚ ਜਾਂਦੀ ਹੈ। ਪਰਦੇ ਪਿੱਛੇ ਸੰਗੀਤ ਗੂੰਜਦਾ ਹੈ, ‘ਇਹ ਮਾਵਾਂ ਮਮਤਾ ਦੀਆਂ ਛਾਵਾਂ, ਪੁੱਤਾਂ ਤੋਂ ਵਾਰੀਆਂ ਜਾਣ। ਦਿਲ ਦੀਆਂ ਸੱਧਰਾਂ ਦਿਲ ਵਿਚ ਲੈ ਕੇ, ਦੱਸ ਕਿੱਧਰ ਨੂੰ ਜਾਣ।’’ਦੂਜੇ ਦਿਨ ਦੀ ਹੀ ਗੱਲ ਹੈ, ਦਫਤਰ ਵਿਚ ਮਿਲਦੇ ਲੋਕਾਂ ਵਿਚੋਂ ਇਕ ਔਰਤ ਦੇ ਹਸਪਤਾਲ ਦੀ ਅਧੂਰੇ ਇਲਾਜ ਦੀ ਫਾਈਲ ਦਿਖਾਉਂਦਿਆਂ ਵਾਸਤਾ ਪਾਇਆ ਕਿ ‘ਉਸ ਦਾ ਪੁੱਤ ਨਸ਼ਾ ਛੁਡਾਊ ਕੇਂਦਰ ਵਿਚੋਂ ਭੱਜ ਗਿਆ ਹੈ।’’ ਇਕ ਕਾਗਜ਼ ਦੇ ਟੁਕੜੇ ਉਤੇ ਉਸ ਦਾ ਤੇ ਉਸ ਦੇ ਸਾਥੀਆਂ ਦੇ ਮੋਬਾਇਲ ਫੋਨ ਲਿਖ ਕੇ ਉਸ ਨੇ ਪੁੱਤ ਨੂੰ ਲੱਭਣ ਦਾ ਵਾਸਤਾ ਪਾਇਆ। ਅਰਜੀ ਲਿਖੀ ਆ ਕੋਈ? ਮੈਂ ਪੁੱਛਿਆ, ਪਰ ਉਸ ਦੇ ਹੱਥ ਵਿਚ ਫੜੇ ਪੌਲੀਥੀਨ ਦੇ ਲਿਫਾਫੇ ਵਿਚ ਤਾਂ ਤਿੰਨ ਚਾਰ ਦਵਾਈ ਵਾਲੀਆਂ ਸ਼ੀਸ਼ੀਆਂ ਹੀ ਸਨ। ਇਹ ਦਵਾਈ ਨਸ਼ਾ ਛੁਡਾਊ ਕੇਂਦਰ ਵਲੋਂ ਦਿੱਤੀ ਗਈ ਸੀ। ਸਵੇਰੇ ਦੋ ਗੋਲੀਆਂ, ਦੁਪਹਿਰ ਦੇ ਖਾਣੇ ਤੋਂ ਬਾਅਧ ਇਕ ਅਤੇ ਰਾਤ ਨੂੰ ਦੋ ਗੋਲੀਆਂ, ਪਰਚੀਆਂ ਤੇ ਲਿਖ ਕੇ ਚਿਪਕਾਇਆ ਹੋਇਆ ਸੀ। ‘ਪੁੱਤ ਦੀ ਦਵਾਈ ਆ?’ ਮੈਂ ਪੁੱਛਿਆ। ਹੰਝੂਆਂ ਨੇ ਹੀ ਉਤਰ ਦਿੱਤਾ। ਕੱਲ ਵਾਲੇ ਨਾਟਕ ਦੀ ਉਹੀ ਆਵਾਜ਼ ਮੇਰੇ ਕੰਨਾਂ ਵਿਚ ਗੂੁੰਜਣ ਲੱਗੀ, ‘ਇਹ ਮਾਵਾਂ ਮਮਤਾ ਦੀਆਂ ਛਾਂਵਾਂ, ਦੱਸ ਕਿੱਧਰ ਨੂੰ ਜਾਣ।’ ਲੱਭੂ ਜਾਉ? ਥੋੜ੍ਹੀ ਦੇਰ ਬਾਅਦ ਹੰਝੂਆਂ ਤੋਂ ਉਪਰ ਉਠ ਕੇ  ਉਸ ਨੇ ਪੁੱਛਿਆ। ਇਸ ਲੇਖ ਵਿਚ ਅਜਿਹੇ ਨੌਜਵਾਨਾਂ ਨੂੰ ਲੱਭਣ ਦਾ ਯਤਨ ਕੀਤਾ ਜਾ ਰਿਹਾ ਹੈ।

ਨਸ਼ਿਆਂ ਦੀ ਰੋਕਥਾਮ ਦੇ ਤਿੰਨ ਮੂਲ ਸਿਧਾਂਤ ਹਨ, ਸਪਲਾਈ ਨੂੰ ਰੋਕਿਆ ਜਾਵੇ, ਨਸ਼ਈ ਵਿਅਕਤੀਆਂ ਦਾ ਇਲਾਜ ਕਰਾਇਆ ਜਾਵੇ ਤਾਂ ਲੋਕਾਂ ਵਿਚ ਨਸ਼ਿਆਂ ਵਿਰੁੱਧ ਜਾਗ੍ਰਿਤੀ ਪੈਦਾ ਕੀਤੀ ਜਾਵੇ। ਹਰੀ ਕ੍ਰਾਂਤੀ ਸਮੇਂ ਕਾਮਿਆਂ ਵਿਚ ਪੋਸਤ ਤੇ ਅਫੀਮ ਦੇ ਨਸ਼ੇ ਪੈਰ ਪਸਾਰ ਰਹੇ ਹਨ ਪਰ ਅੱਜ ਸਮੈਕ, ਹੈਰੋਇਨ ਅਤੇ ਕੈਮੀਕਲ ਨਸ਼ੇ ਨੌਜਵਾਨ ਪੀੜੀ ਦਾ ਘਾਣ ਕਰ ਰਹੇ ਹਨ। ਅਪਰਾਧੀਆਂ ਨੂੰ ਸਿਖਰ ਦੀ ਸਜ਼ਾ ਦੇ ਕੇ ਚੀਨ ਨੇ ਅਫੀਮ ਵਿਰੁੱਧ ਲੜਾਈ ਜਿੱਤੀ, ਪਰ ਸਾਡੇ ਹਾਲਾਤ ਅਜਿਹੇ ਨਹੀਂ ਹਨ, ਇਕ ਪਾਸੇ ਨਸ਼ੇ ਕਰਨ ਵਾਲਿਆਂ ਦੀ ਗਿਣਤੀ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ ਤੇ ਦੂਸਰੇ ਪਾਸੇ ਨਸ਼ੇ ਵੇਚਣ ਵਾਲਿਆਂ ਦੀਆਂ ਬਹੁ ਪਰਤਾਂ ਸਮਾਜ ਵਿਚ ਪੈਦਾ ਹੋ ਚੁੱਕੀਆਂ ਹਨ। ਸਮਗਲਰਾਂ ਤੋਂ ਇਲਾਵਾ ਬੱਚਿਆਂ ਤੋਂ ਬੁੱਢਿਆਂ ਤੱਕ ਅਤੇ ਔਰਤਾਂ ਦੇ ਅਪਾਹਜ ਵਿਅਕਤੀਆਂ ਤੱਕ ਬਹੁਤ ਲੋਕ ਨਸ਼ਿਆਂ ਦੀ ਸਪਲਾਈ ਨੂੰ ਧੰਦਾ ਬਣਾਈ ਬੈਠੇ ਹਨ।
ਇਸੇ ਮਹੀਨੇ ਦੀ ਗੱਲ ਹੈ, ਚੌਵੀ ਵਰ੍ਹਿਆਂ ਦੇ ਇਕ ਨੌਜਵਾਨ ਨੂੰ ਸਮੈਕ ਪੀਣ ਦਾ ਆਦੀ ਹੋ ਜਾਣ ਅਤੇ ਮਾਪਿਆਂ ਵੱਲੋਂ ਹੀ ਸ਼ਿਕਾਇਤ ਕਰਨ ਤੇ ਪੁਲਸ ਵਲੋਂ ਬੁਲਾਇਆ ਗਿਆ। ਇਕ ਕਾਪੀ ਤੇ ਪੈਨ ਦੇ ਕੇ ਉਸ ਨੂੰ ਆਖਿਆ ਕਿ ਉਹ ਆਪਣੇ ਪਿੰਡ ਦੇ ਸਮੈਕ ਪੀਣ ਵਾਲੇ ਹੋਰ ਨੌਜਵਾਨਾਂ ਦੇ ਨਾਮ ਲਿਖ ਕੇ ਦੇਵੇ। ਉਸ ਨੇ ਛੱਬੀ ਵਿਅਕਤੀਅਆਂ ਦੀ ਲਿਸਟ ਬਣਾ ਕੇ ਦਿੱਤੀ। ਮੈਂ ਆਖਿਆ, ‘ਇਨ੍ਹਾਂ ਵਿਚੋਂ ਉਨ੍ਹਾਂ ਲੜੀ ਨੰਬਰਾਂ ਅੱਗੇ ਗੋਲ ਚੱਕਰ ਲਾ, ਜਿਹੜੇ ਸਮੈਕ ਪੀਂਦੇ ਅਤੇ ਵੇਚਦੇ ਵੀ ਨੇ।’ ਛੱਬੀਆਂ ਵਿਚੋਂ ਉਸ ਨੇ ਨੌ ਨਾਵਾਂ ਨੂੰ ਸਰਕਲ ਕਰ ਦਿੱਤਾ ਸੀ। ਉਸੇ ਸ਼ਾਮ ਉਸੇ ਪਿੰਡ ਦਾ ਇਕ ਹੋਰ ਵਿਅਕਤੀ ਖੰਘ ਵਾਲੀ ਦਵਾਈ ਦੀਆਂ ਸ਼ੀਸ਼ੀਆਂ ਤੇ ਕੈਪਸੂਲ ਗੋਲੀਆਂ ਵੇਚਦਾ ਫੜਿਆ ਗਿਆ। ਉਸ ਨੇ ਪਿੰਡ ਦੇ ਬੱਤੀ ਵਿਅਕਤੀਆਂ ਦੀ ਲਿਸਟ ਬਣਾ ਕੇ ਪੰਜ ਨਾਵਾਂ ਨੂੰ ਸਰਕਲ ਕਰ ਦਿੱਤਾ ਸੀ। ਨਸ਼ਈ ਵਿਅਕਤੀਆਂ ਹੋਰਾਂ ਨੂੰ ਨਸ਼ਾ ਕਰਨ ਲਾਉਂਦੇ ਹਨ ਅਤੇ ਉਨ੍ਹਾਂ ਕੋਲੋਂ ਝੱਟ ਪੱਟ ਆਪਣਾ ਖਰਚ ਕੱਢਣਾ ਸ਼ੁਰੂ ਕਰ ਦਿੰਦੇ ਹਨ।
ਲੋਕ ਅਕਸਰ ਸਵਾਲ ਕਰਦੇ ਹਨ, ਸਰਕਾਰਾਂ ਚਾਹੁਣ ਤਾਂ ਨਸ਼ੇ ਸ਼ਾਮ ਨੂੰ ਬੰਦ ਹੋ ਸਕਦੇ ਹਨ। ਸਰਕਾਰ ਆਦੇਸ਼ ਦੇ ਕੇ ਕੰਪਨੀਆਂ ਵਿਰੁੱਧ ਤਕੜੀ ਭਾਵਨਾ ਮੁੱਹਈਆ ਕਰਵਾ ਸਕਦੀ ਹੈ, ਇਸ ਸਮੇਂ ਇਹ ਭਾਵਨਾ ਸਿਖਰ ’ਤੇ ਹੈ। ਪਰ ਜੇ ਅਸੀ ਖੰਘ ਦੀ ਦਵਾਈ ਨੂੰ ਹੀ ਨਸ਼ਾ ਸਮਝ ਕੇ ਪੀ ਰਹੇ ਹਾਂ, ਸ਼ੀਸ਼ੀਆਂ ਤੇ ਕੈਪਸੂਲ ਵੇਚ ਕੇ ਰੋਜ਼ਾਨਾ ਦੋ ਸੌ ਤੋਂ ਤਿੰਨ ਸੌ ਰੁਪਏ ਤੱਕ ਦਿਹਾੜੀ ਕਮਾ ਰਹੇ ਹਾਂ, ਤਾਂ ਕੀ ਕੀਤਾ ਜਾ ਸਕਦਾ ਹੈ? ਨਸ਼ੇ ਇਕ ਪੇਚੀਦਾ ਤੇ ਗੁੰਝਲਦਾਰ ਸਮਾਜਿਕ ਸਮੱਸਿਆ ਹੈ। ਪਿਛਲੇ ਵਰ੍ਹੇ ਦੀ ਗੱਲ ਹੈ, ਨਸ਼ੇ ਵੇਚਣ ਦੀਆਂ ਕਈ ਸ਼ਿਕਾਇਤਾਂ ਮਿਲਣ ਤੇ ਬਰਨਾਲੇ ਸ਼ਹਿਰ ਦੀ ਇਕ ਬਸਤੀ ਤੇ ਪੂਰੀ ਸਖਤੀ ਕੀਤੀ ਗਈ। ਇਕ ਮਹੀਨੇ ਬਾਅਦ ਹੀ ਸ਼ਹਿਰ ਦੇ ਦੂਜੇ ਕੋਨੇ ਵਿਚ ਨਸ਼ਿਆਂ ਦੀ ਸਪਲਾਈ ਲਾਈਨ ਚਾਲੂ ਹੋ ਗਈ ਸੀ।
ਇਸੇ ਮਹੀਨੇ ਦੀ ਗੱਲ ਹੈ, ਕਤਲ ਦੇ ਦੋਸ਼ ਅਧੀਨ ਜੇਲ੍ਹ ਵਿਚ ਬੰਦ ਇਕ ਨੌਜਵਾਨ ਪੰਦਰਾਂ ਦਿਨ ਦੀ ਛੁੱਟੀ ਆਇਆ। ਉਦੋਂ ਉਸ ਨੌਜਵਾਨ ਦੇ ਘਰ ਬਾਈ ਵਰ੍ਹਿਆਂ ਦਾ ਇਕ ਮਿਸਤਰੀ ਮੁੰਡਾ ਨਵੇਂ ਬਣੇ ਕਮਰੇ ਨੂੰ ਦਰਵਾਜ਼ੇ ਲਾ ਰਿਹਾ ਸੀ। ਪੱਲਿਆਂ ’ਤੇ ਰੰਦਾ ਫੇਰਦੇ ਮੁੰਡੇ ਦੇ ਮੋਢੇ ’ਤੇ ਹੱਥ ਰੱਖ ਕੇ ਜੇਲ੍ਹ ਵਿਚੋਂ ਆਏ ਨੌਜਵਾਨ ਨੇ ਪੁੱਛਿਆ, ‘ਕਿੰਨੀ ਦਿਹਾੜੀ ਪੈ ਜਾਂਦੀ ਹੈ? ’ ਹੋਰ ਵਧੀਆ ਕੰਮ ਲੱਭਿਆ ਤੇਰੇ ਲਈ, ਸਮੈਕ ਦਾ ਸੂਟਾ ਲਾਉਂਦਿਆਂ ਉਸ ਨੇ ਇਕ ਸੁਝਾਅ ਦਿੱਤਾ। ਪਹਿਲੇ ਦਿਨ ਉਸ ਨੇ ਮਿਸਤਰੀ ਮੁੰਡੇ ਨੂੰ ਇਕ ਸੂਟਾ ਲਵਾਇਆ ਤੇ ਫੇਰ ਤਿੰਨ ਚਾਰ ਦਿਨ ਦੋ ਦੋ ਸੂਟੇ ਲਵਾਉਂਦਾ ਰਿਹਾ। ਜੇਲ੍ਹ ਵਾਪਸ ਜਾਂਦਿਆਂ ਉਸ ਨੇ ਆਪਣਾ ਮੋਬਾਇਲ ਉਸ ਨੂੰ ਫੜਾਇਆ, ਇਕ ਪਰਚੀ ’ਤੇ ਸਮੈਕ ਪੀਣ ਤੇ ਖਰੀਦਣ ਵਾਲਿਆਂ ਦੇ ਅੱਠ ਨੌ ਫੋਨ ਨੰਬਰ ਲਿਖ ਕੇ ਦਿੱਤੇ। ਸਮੈਕ ਕਿਥੋਂ ਪ੍ਰਾਪਤ ਕਰਨੀ ਹੈ ਤੇ ਕਿਵੇਂ ਵੇਚਣੀ ਹੈ? ’ ਉਸ ਨੇ ਸਭ ਕੁਝ ਸਮਝਾ ਦਿੱਤਾ। ਉਸ ਨੇ ਨਸ਼ਾ ਵੇਚਣ ਦੀ ਰਿਹਰਸਲ ਵੀ ਕਰਕੇ ਵਿਖਾਈ, ਇਹ ਫੋਨ ਸ਼ਾਮ ਨੂੰ ਸਿਰਫ ਪੰਜ ਤੋਂ ਅੱਠ ਵਜੇ ਤੱਕ ਖੋਲ੍ਹਣਾ ਹੈ,ਫੋਨ ਆਵੇਗਾ ਤਾਂ ਅਗਲੇ ਨੂੰ ਦਾਣਾ ਮੰਡੀ ਵਿਚ ਬਾਥਰੂਮਾਂ ਦੇ ਪਿੱਛੇ ਆਉਣ ਦਾ ਸਮਾਂ ਦੇਣਾ। ਆਪ ਜਾਣਾ ਨਹੀਂ, ਕੋਠੇ ਚੜ ਕੇ ਉਸਨੂੰ ਵੇਖਣਾ ਹੈ ਫੇਰ ਅੱਧੇ ਘੰਟੇ ਬਾਅਦ ਮੂੰਹ ਹਨੇਰਾ ਹੋਣ ਤੇ ਛੱਪੜ ’ਤੇ ਆਉਣ ਦਾ ਸਮਾਂ ਦੇਣਾ। ਪਰ ਉਹ ਕਿਰਤੀ ਮੁੰਡਾ ਪਹਿਲੇ ਹਫਤੇ ਹੀ ਫੜਿਆ ਗਿਆ। ਹਾਲਾਤ ਅਜਿਹੇ ਹਨ ਕਿ ਭਾਈ ਲਾਲੋ ਦਾ ਵਾਰਿਸ ਪੰਦਰਾਂ ਦਿਨਾਂ ਦੇ ਅੰਦਰ ਅੰਦਰ ਸਮੈਕ ਪੀਣ ਤੋਂ ਵੇਚਣ ਤੱਕ ਦਾ ਸਫਰ ਤੈਅ ਕਰ ਚੁੱਕਾ ਸੀ।
ਨਸਿਆਂ ਦੀ ਰੋਕਥਾਮ ਲਈ ਨਸ਼ਈਆਂ ਦਾ  ਇਲਾਜ ਮਹੱਤਵਪੂਰਨ ਕੜੀ ਹੈ, ਕਿਉਂ ਕਿ ਪੱਕੇ ਨਸ਼ਈ, ਨਸਿਆਂ ਦੀ ਸਪਲਾਈ ਲਾਈਨ ਟੁੱਟਣ  ਨਹੀਂ ਦਿੰਦੇ, ਦੂਸਰਾ ਇਹ ਹਾਲਾਤ ਕਈ ਲੋਕਾਂ ਦੀ ਕਮਾਈ ਦਾ ਸੌਖਾ ਤੇ ਵੱਡਾ ਸਾਧਨ ਬਣੇ ਰਹਿੰਦੇ ਹਨ। ਨਸ਼ਈ ਵਿਅਕਤੀ ਦੀ ਕੌਂਸਲਿੰਗ, ਡਾਕਟਰੀ ਇਲਾਜ ਤੇ ਮੁੜ ਵਸੇਬਾ, ਇਸ ਕਿਰਿਆ ਤੇ ਤਿੰਨ ਪੜਾਅ ਹਨ, ਇਸ ਸਮੇਂ ਇਹ ਤਿੰਨੋਂ ਪੱਖ ਇਕ ਦੂਜੇ ਨਾਲੋਂ ਵੱਧ ਕੇ ਕਮਜ਼ੋਰ ਹੈ। ਨਸ਼ਾ ਛੱਡਣਾ ਇਕ ਵੱਡੀ ਘਾਲਣਾ ਹੈ, ਬਹੁਤ ਨੌਜਵਾਨ ਇਹ ਕੋਸ਼ਿਸ਼ ਕਰਕੇ ਫੇਰ ਵਾਪਿਸ ਮੁੜ ਜਾਂਦੇ ਵੇਖੇ ਗਏ ਹਨ। ਜਦ ਕੋਈ ਨੌਜਵਾਨ ਸਮੈਕ ਪੀਂਦੇ ਫੜੇ ਜਾਂਦੇ ਉਨ੍ਹਾਂ ਤੋਂ ਪੁੱਛਿਆ ਜਾਂਦਾ ਕਿ ਹੋਰ ਕਿੰਨੇ ਨੌਜਵਾਨ ਸਮੈਕ ਪੀਂਦੇ ਹਨ ਤਾਂ ਉਹ ਦਸ ਤੋਂ ਵੀਹ ਨੌਜਵਾਨਾਂ ਦੇ ਨਾਮ ਲਿਖਾ ਦਿੰਦੇ , ਥੱਲੇ ਬੈਠੇ, ਉਹ ਕੰਧ ਨਾਲ ਸਿਰ ਲਾ ਕੇ ਇਲਾਜ ਕਰਾਉਣ ਲਈ ਲੇਲ੍ਹੜੀਆਂ ਕੱਢਣ ਲੱਗਦੇ। ਪਿਛਲੇ ਮਹੀਨੇ ਦੌਰਾਨ ਮੇਰੇ ਦਫਤਰ ਵੀਹ ਤੋਂ ਵੱਧ ਨੌਜਵਾਨਾਂ ਨੇ ਇਲਾਜ ਕਰਵਾਉਣ ਲਈ ਵਾਸਤਾ ਪਾਇਆ, ਪਰ ਸਿਸਟਮ ਤੇ ਸਮਾਜ ਦੀ ਡਾਢੀ ਅਸਮਰੱਥਾ ਮਹਿਸੂਸ ਕੀਤੀ ਗਈ। ਇਕ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਲੋੜ ਅਨੁਸਾਰ ਪਰਿਵਾਰ ਦਾ ਇਕ ਮੈਂਬਰ ਹਸਪਤਾਲ ਰਹਿਣਾ ਜ਼ਰੂਰੀ ਸੀ, ਪਰ ਉਸ ਪਰਿਵਾਰ ਦੇ ਹਾਲਾਤ ਅਜਿਹੇ ਨਹੀਂ ਸਨ। ਇਸ ਖੇਤਰ ਵਿਚ ਬਹੁਤ ਕੰਮ ਕਰਨ ਦੀ ਲੋੜ ਹੈ, ਮਨੁੱਖੀ ਸੇਵਾ ਲਈ ਸਿਰੜ ਦੀ ਭਾਵਨਾ ਰੱਖਣ ਵਾਲੀ ਕਿਸੇ ਗੈਰ ਸਰਕਾਰੀ ਸੰਸਥਾ ਨੂੰ ਲੰਬਾ ਸਫਰ ਤਹਿ ਕਰਨਾ ਹੋਵੇਗਾ।
ਨਸ਼ਿਆਂ ਵਿਰੁੱਧ ਜਾਗ੍ਰਿਤੀ ਪੈਦਾ ਕਰਨਾ, ਸਭ ਤੋਂ ਵੱਧ ਧਿਆਨ ਦੀ ਮੰਗ ਕਰਦਾ ਹੈ। ਹਰ ਹੀਲਾ ਵਰਤ ਕੇ ਨਵੀਂ ਪੀੜ੍ਹੀ ਨੂੰ ਨਸ਼ਿਆਂ ਦੇ ਰਾਹ ਪੈਣ ਤੋਂ ਰੋਕਿਆ ਜਾਵੇ, ਇਹੋ ਪ੍ਰਭਾਵਸ਼ਾਲੀ ਆਧਾਰ ਹੈ। ਨੌਜਵਾਨਾਂ ਨੂੰ ਸਮੈਕ ਦਾ ਪਹਿਲਾ ਸੂਟਾ ਲਾਉਣ ਤੋਂ ਬਚਾ ਲੈਣਾ ਸਮੇਂ ਦੀ ਵੱਡੀ ਲੋੜ ਹੈ। ਖੇਡੀ ਕਬੱਡੀ, ਜਿੰਮ ਕਲਚਰ, ਡੀ.ਜੇ. ਸਿਸਟਮ ਕੇ ਕਾਲਜ ਬਾਥਰੂਮ ਅਤਿ ਨਾਜੁਕ ਥਾਵਾਂ ਹਨ। ਪਿਛਲੇ ਢਾਈ ਮਹੀਨਿਆਂ ’ਚ ਸਮੈਕ ਪੀਣ ਵਾਲੇ ਪੰਜਾਹ ਤੋਂ ਵੱਧ ਨੌਜਵਾਨਾਂ ਨਾਲ ਰੂਬਰੂ ਹੋਣ ’ਤੇ ਪਾਇਆ ਗਿਆ ਕਿ ਹਰ ਇਕ ਦੀਆਂ ਬਾਹਾਂ, ਧੌਣ ’ਤੇ ਸਰੀਰ ਤੇ ਟੈਟੂ ਉਕਰੇ ਹੋਏ ਹਨ। ਸਿਰ ਦੇ ਵਾਲਾਂ ਨੂੰ ਰੰਗ, ਕੰਨਾਂ ਵਿਚ ਵਾਲੀਆਂ, ਟੈਟੂ, ਵੱਧ ਭਾਰ, ਟੀ ਸ਼ਰਟ ਤੇ ਜੀਨਜ਼ ਅਤੇ ਮੋਟਰ ਬਾਈਕ ਨਸ਼ਿਆਂ ਵੱਲ ਸਫਰ ਕੇ ਪੱਕੇ ਸੰਕੇਤ ਹਨ।
ਸਮਾਜਿਕ ਹਾਲਾਤ ਵੀ ਨਸ਼ਿਆਂ ਦਾ ਕਾਰਨ ਬਣਦੇ ਹਨ। ਪ੍ਰਾਈਵੇਟ ਵਿਦਿਅਕ ਸੰਸਥਾਵਾਂ ਵਿਚ ਸੰਚਾਲਕਾਂ ਦੇ ਨਿੱਜੀ ਹਿੱਤਾਂ ਦੇ ਭਾਰੂ ਹੋਣ ਤੇ ਅੰਗਰੇਜ਼ੀ ਮਾਧਿਅਮ ਦੇ ਦਬਾਅ ਨੋ ਨੌਜਵਾਨਾਂ ਨੂੰ ਵਿਰਸੇ ਨਾਲੋਂ ਪਿਛਾਂਹ ਖਿੱਚ ਲਿਆ ਹੈ। ਸ਼ਰਾਬ ਦੀ ਬਹੁਤ ਵਧ ਵਰਤੋਂ ਤੇ ਵਿਆਹਾਂ ਵਿਚ ਫਜ਼ੂਲ ਖਰਚੇ ਪਰਦੇ ਪਿਛੋਂ ਨਸ਼ਿਆਂ ਦਾ ਧਰਾਤਲ ਸਿਰਜ ਰਹੇ ਹਨ।  ਅਸੀਂ ਨੌਜਵਾਨਾਂ ਨੂੰ ਯੋਗ ਅਗਵਾਈ ਦੇਣ ਵਿਚ ਅਸਫਲ ਹੋਏ ਹਾਂ। ਨੌਜਵਾਨਾਂ ਕੋਲ ਹਾਣ ਦਾ ਰੁਜ਼ਗਾਰ ਨਹੀਂ ਹੈ ਤੇ ਅਸੀਂ ਉਨ੍ਹਾਂ ਰੁਜ਼ਗਾਰ ਦੇ ਹਾਣ ਦੇ ਨਹੀਂ ਬਣਾ ਸਕੇ।
ਨਸ਼ੇ ਕਾਰਨ , ਪੰਜ ਵਰ੍ਹਿਆਂ ਬਾਅਦ ਹੀ ਪਤੀ ਪਤਨੀ ਦਾ ਇਕ ਝਗੜਾ ਪੁਲਿਸ ਵੋਮੈਨ ਸੈਲ ਤੱਕ ਆ ਪਹੁੰਚਿਆ। ਪੁੱਛਣ ਉਤੇ ਉਸ ਨੌਜਵਾਨ ਨੇ ਦੱਸਿਆ ਕਿ ਇਹ ਪ੍ਰਾਈਵੇਟ ਨੌਕਰੀ ਕਰਦਾ ਹੈ। ਉਸ ਦੀ ਤਨਖਾਹ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ ਤੇ ਘਰ ਤੋਂ ਉਸ ਦਾ ਆਉਣ ਜਾਣ ਦਾ ਕਿਰਾਇਆ ਸੱਠ ਰੁਪਏ ਪ੍ਰਤੀ ਦਿਨ ਹੈ। ਉਸ ਨੌਜਵਾਨ ਦੀ ਵਿਦਿਅਕ ਯੋਗਤਾ, ਰੁਜ਼ਗਾਰ ਦੀ ਕਿਸਮ, ਵੇਤਨ ਦਰ ਅਤੇ ਇਸ ਕਮਾਈ ਦੇ ਬਾਜ਼ਾਰ ਅਤੇ ਸਮਾਜ ਦੇ ਮੁੱਲ ਨੇ ਉਸ ਨੌਜਵਾਨ ਨੂੰ ਨਿਵਾਨ ਵੱਲ ਮੋੜ ਦਿੱਤਾ ਸੀ। ਸਿਸਟਮ ਨੇ ਨੌਜਵਾਨਾਂ ਨਾਲ ਮੋਤੀਏ ਤੇ ਧਰੇਕ ਦੇ ਫੁੱਲਾਂ ਨੂੰ ਖੁਸ਼ਬੂ ਪੈਣ ਤੋਂ ਪਹਿਲਾਂ ਹੀ ਮਰੁੰਡ ਲੈਣ ਵਰਗਾ ਵਰਤਾਓ ਕੀਤਾ ਹੈ। ਅਸੀਂ ਸਧਾਰਣ ਹੋਣ ਦਾ ਮਾਣ ਤੇ ਸਹਿਜ ਜ਼ਿੰਦਗੀ ਜੀਣ ਦਾ ਸਲੀਕਾ ਗੁਆ ਚੁੱਕੇ ਹਾਂ। ਇਸ ਦੀ ਲਿਸ਼ਕੋਰ ਜਦ ਨੌਜਵਾਨਾਂ ਦੇ ਚਿਹਰੇ ’ਤੇ ਪੈਂਦੀ ਹੈ ਤਾਂ ਉਹ ਕੱਚ ਵਾਂਗ ਤਿੜਕ ਜਾਂਦੇ ਹਨ।
‘ਨਸ਼ਿਆਂ ਦੇ ਮਨਹੂਸ ਪਰਛਾਵੇਂ’ ਲੇਖ ਪੜ੍ਹ ਕੇ ਫਿਰੋਜ਼ਪੁਰ ਜਿਲੇ ਦੇ ਇਕ ਵਿਅਕਤੀ ਨੇ ਮੈਨੂੰ ਚਿੱਠੀ ਲਿਖੀ , ਮੈਂ ਦਿਨ ਰਾਤ ਸ਼ਰਾਬ ਦੇ ਨਸ਼ੇ ਵਿਚ ਧੁੱਤ ਰਹਿੰਦੇ ਠੇਕਾ ਖੁੱਲਦਿਆਂ ਹੀ ਠੇਕੇ ਅੱਗੇ ਖੜਾ ਹੁੰਦਾ। ਪਤਨੀ ਦੋ ਵਾਰ ਰੁੱਸ ਕੇ ਪੇਕੇ ਚਲੀ ਗਈ, ਪਰ ਧੀਆਂ ਦੀ ਮਮਤਾ ਵੱਸ ਫੇਰ ਵਾਪਸ ਆ ਜਾਂਦੀ। ਅੱਧਿਓ ਵੱਧ ਜਾਇਦਾਦ ਮੈਂ ਵੇਚ ਚੁੱਕਾ ਸੀ, ਜਿਗਰ ਦੀ ਬਿਮਾਰੀ ਕਾਰਨ ਮਹੀਨਾ ਸ਼ਹਿਰ ਦੇ ਵੱਡੇ ਹਸਪਤਾਲਵਿਚ ਦਾਖਲ ਰਿਹਾ। ਪੰਦਰਾਂ ਵਰ੍ਹੇ ਪਹਿਲਾਂ ਸਿਆਲ ਦੀ ਇਕ ਸਵੇਰ ਦੀ ਗੱਲ ਹੈ, ਧੁੰਦ ਹਾਲੇ ਲੱਥੀ ਨਹੀਂ ਸੀ। ਮੈਂ ਠੇਕੇ ਗਿਆ  ਤਾਂ ਉਨ੍ਹਾਂ ਉਧਾਰ ਬੋਤਲ ਦੇਣ ਤੋਂ ਨਾਂ ਕਰ ਦਿੱਤੀ। ਮੈਂ ਵਾਪਸ ਮੁੜਿਆ ਤਾਂ ਦੂਜੇ ਪਾਸਿਓਂ ਮੇਰੀ ਪ੍ਰਾਇਮਰੀ ਸਕੂਲ ਵਿਚ ਪੜ੍ਹਦੀ ਧੀ ਵਾਪਸ ਆ ਰਹੀ ਸੀ। ਕੁਛ ਦੁੱਖਦਾ, ਤਾਪ ਚੜਿਆ,ਪਰ ਮੂੰਹੋਂ ਕੁਝ ਨਾ ਬੋਲੀ, ਗੋਡਿਆਂ ਭਾਰ ਹੋ ਕੇ ਆਪਣਾ ਚਿਹਰਾ ਉਸਦੇ ਚਿਹਰੇ ਦੇ ਬਰਾਬਰ ਕਰਕੇ ਪੁੱਛਿਆ, ਪੜ੍ਹਨ ਨੂੰ ਮਨ ਨੀ ਕਰਦਾ।  ਮੈਂ ਉਸ ਦੇ ਸਿਰ ਤੇ ਹੱਥ ਫੇਰਿਆ, ‘ਕਿਤਾਬਾਂ ਨਹੀਂ, ਫੀਸ ਨਹੀਂ,’ ਸਿਸਕੀਆਂ ਲੈਂਦਿਆਂ ਉਸ ਨੇ ਕਿਹਾ ਸਕੂਲੋ ਨਾਮ ਕੱਟਿਆ ਗਿਆ, ਉਸ ਦੀਆਂ ਅੱਖਾਂ ਵਿਚੋਂ ਦੋ ਧਰਾਲਾਂ ਫੁੱਟੀਆਂ ਤੇ ਚਿਹਰੇ ਦਾ ਸਫਰ ਤਹਿ ਕਰਕੇ ਚਿੱਠੀਆਂ ਅਤੇ ਅਸਮਾਨੀਆਂ ਰੰਗਦੀਆਂ ਛੋਟੀਆਂ ਛੋਟੀਆਂ ਡੱਬੀਆਂ ਵਾਲੀ ਕਮੀਜ਼ ਨੂੰ ਗਿਲਾ ਕਰਨ ਲੱਗੀਆਂ। ਉਹਦਾ ਗਲਾ ਇੰਝ ਗਿੱਲਾ ਹੋ ਗਿਆ ਜਿਵੇਂ ਪਾਣੀ ਦਾ ਅੱਧਾ ਗਲਾਸ ਡੋਲਿਆ ਹੋਵੇ, ਮੈਂ ਗਰਦਨ ’ਤੇ ਹੱਥ ਰੱਖ ਕੇ ਵੇਖਿਆ ਉਸ ਦਾ ਸਰੀਰ ਠੰਡਾ ਸੀਤ ਹੋ ਗਿਆ ਸੀ। ਘਰ ਆ ਕੇ ਮੈਂ ਧੀ ਦੇ ਵਰਦੀ ਵਾਲੇ ਕਮੀਜ਼ ਨੂੰ ਸ਼ਰਾਬ ਛੱਡਣ ਲਈ ਸਿਰੜ ਦਾ ਪ੍ਰਤੀਕ ਮੰਨ ਲਿਆ। ਉਸ ਨੂੰ ਬੈਠਕ ਵਿਚੋਂ ਆਪਣੇ ਮੰਜੇ ਸਾਹਮਣੇ ਕਿੱਲੀ ਤੇ ਟੰਗ ਲਿਆ। ਸਰੀਰ ਟੁੱਟਦਾ ਰਿਹਾ, ਉਲਟੀਆਂ ਲੱਗੀਆਂ, ਬੁਖਾਰ ਚੜਿਆ ਉਸ ਕਮੀਜ਼ ਨੂੰ ਮੈ! ਕਦੇ ਗੁੱਟ ਤੇ ਲਪੇਟ ਲੈਂਦਾ, ਸਿਰ ਦੁੱਖਦਾ ਤਾਂ ਉਸ ਨਾਲ ਘੁੱਟ ਕੇ ਮੱਥਾ ਬੰਨ੍ਹ ਲੈਂਦਾ। ਤਰੇਲੀਆਂ ਆਉਂਦੀਆਂ ਮੱਥਾ ਮੁੜ ਕੇ ਨਾਲ ਭਿੱਜ ਜਾਂਦਾ, ਮੈਂ ਉਸ ਨੂੰ ਕਮੀਜ਼ ਨਾਲ ਭਾਫ ਦੇਣ ਲੱਗਾ, ਮੱਥਾ ਪੋਲਾ ਪੋਲਾ ਨੱਪਦਾ ਰਹਿੰਦਾ, ਤਹਿ ਲਾ ਕੇ ਛਾਤੀ ਤੇ ਰੱਖਦਾ ਤਾਂ ਨੀਂਦ ਆ ਜਾਂਦੀ। ਮੇਰੀ ਪਤਨੀ ਨੇ ਮੇਰਾ ਇਲਾ ਕਰਾਇਆ?’
ਉਸ ਸੱਜਣ ਦੀ ਧੀ ਅੱਜ ਕਾਲਜ ਵਿਦਿਆਰਥਣ ਹੈ। ਉਸ ਦੀ ਕਮੀਜ਼ ਉਸ ਦੇ ਬਾਬਲ ਲਈ ਅੱਜ ਵੀ ਮਾਰਗ ਦਰਸ਼ਨ ਹੈ। ਉਸ ਦੇ ਬਾਬਲ ਦਾ ਹੰਝੂਆਂ ਭਿੱਜਿਆ ਖਤ ਮੇਰੇ ਲਈ ਮਾਰਗ ਦਰਸ਼ਨ ਹੈ। ਦੁੱਖ ਦੀ ਚੋਟ ਤੇ ਧੀਆਂ ਦਾ ਪਿਆਰ, ਨਸ਼ਿਆਂ ਦੇ ਬਿਖੜੇ ਪੈਂਡਿਆਂ ਤੋਂ ਵਾਪਸ ਮੁੜ ਆਉਣ ਲਈ ਵੱਡੀ ਸੰਭਾਵਨਾ ਰੱਖਦੇ ਹਨ।

WRITTEN BY