ਹਰਿੰਦਰ ਸਿੰਘ ਚਹਿਲ
ਆਈ.ਪੀ.ਐਸ. , ਸਾਬਕਾ ਡੀ.ਆਈ.ਜੀ., ਪੰਜਾਬ ਪੁਲਿਸ
ਸੰਪਰਕ :98789-91911
ਟੀ.ਵੀ. ਦੇ ਵੱਖ ਵੱਖ ਚੈਨਲਾਂ ਉਤੇ ਜਦ ਅਜੋਕੇ ਗੀਤਾਂ ਦੇ ਵੀਡੀਓ ਬਣੇ ਦੇਖਦਾ ਹਾਂ ਤਾਂ ਮੈਨੂੰ ਪੰਜਾਬੀ ਸੱਭਿਆਚਾਰ ਉਤੇ ਸੱਚੀ ਮੁੱਚੀ ਤਰਸ ਆਉਣ ਲੱਗ ਪੈਂਦਾ ਹੈ। ਤਰਸ ਮੈਨੂੰ ਸਾਡੇ ਅਸਲੀ ਪੰਜਾਬੀ ਸੱਭਿਆਚਾਰ ਉਤੇ ਆਉਂਦਾ ਹੈ ਤੇ ਗੁੱਸਾ ਕੁਚੀਲਤਾ ਨਾ ਭਰੇ ਬਣਾਉਟੀ ਸੱਭਿਆਚਾਰ ਉਤੇ ਮੈਂ ਅਜੋਕੇ ਸੱਭਿਆਚਾਰ ਵਿਚੋਂ ਪੁਰਾਣੇ ਸੱਭਿਆਚਾਰ ਦੇ ਨਕਸ਼ੇ ਲੱਭਣ ਲੱਗਣ ਹਾਂ ਜੋ ਲੱਭੇ ਨਹੀਂ ਲੱਭਦੇ।
ਕਾਫੀ ਸਾਲ ਬੀਤ ਗਏ ਹਨ.. ਰੇਡੀਓ ਉਤੋਂ ਆਸਾ ਸਿੰਘ ਮਸਤਾਨਾ ਦਾ ਗਾਇਆ ਗੀਤ ਸੁਣਿਆ ਸੀ.. ਗੀਤ ਸੁਣਨ ਮਗਰੋਂ ਮੈਂ ਪਤਾ ਕੀਤਾ ਕਿ ਇਸ ਗੀਤ ਦਾ ਲੇਖਕ ਕੌਣ ਹੈ.. ਤਾਂ ਪਤਾ ਲੱਗਿਆ ਕਿ ਇਸ ਗੀਤ ਦੇ ਰਚਨਹਾਰ ਧਨੀ ਰਾਮ ਚਾਤ੍ਰਿਕ ਹਨ.. ਉਸ ਗੀਤ ਦੇ ਕੁਝ ਬੋਲ ਅਜੇ ਮੇਰੇ ਜ਼ਿਹਨ ਵਿਚ ਤਾਜ਼ਾ ਹਨ, ਜੋ ਸਰੂਰ ਦਿੰਦੇ ਹਨ: –
ਐ ਪੰਜਾਬ ਕਰਾਂ ਹੀ ਸਿਫਤ ਤੇਰੀ
ਸ਼ਾਨਾਂ ਦੇ ਸਭ ਅਸਮਾਨ ਤੇਰੇ..
ਮੈਂ ਇਨ੍ਹਾਂ ਬੋਲਾਂ ਵਿਚੋਂ ਉਸ ਪੰਜਾਬ (ਏਸ ਪੰਜਾਬ ਦੇ ਨਹੀਂ) ਦੇ ਦੀਦਾਰ ਕਰਨੇ ਚਾਹੁੰਦਾ ਹਾਂ ਤੇ ਜਦ ਇਹ ਬੋਲ ਕੰਨੀ ਪੈਂਦੇ ਸਨ ਤਾਂ ਕਿੰਨਾ ਅਨੰਦ ਬੱਝ ਜਾਂਦਾ ਸੀ:
ਕੋਈ ਪੀਂਹਦੀ ਹੈ, ਕੋਈ ਕੱਤਦੀ ਹੈ
ਕੋਈ ਗੋਹਾ ਕੂੜਾ ਕਰਦੀ ਹੈ
ਇਸੇ ਗੀਤ ਵਿਚ ਇਕ ਥਾਂ ਕੁਦਰਤ ਦਾ ਕਮਾਲ ਭਰਿਆ ਵਰਣਨ ਆਉਂਦਾ ਹੈ
ਜਦ ਰਾਤ ਚਾਨਣੀ ਖ਼ਿੜਦੀ ਹੈ
ਇਕ ਰਾਗ ਇਲਾਹੀ ਛਿੜਦਾ ਹੈ
ਗਿੱਧੇ ਨੂੰ ਲੋਹੜਾ ਆਉਂਦਾ ਹੈ
ਜੋਬਨ ’ਤੇ ਬ੍ਰਿਹਾ ਭਿੜਦਾ ਹੈ
ਕਵੀ ਦੇ ਖਿਆਲ ਕਿੰਨੇ ਉਚੇ ਉਡਾਰੀਆਂ ਮਾਰਨ ਵਾਲੇ ਹਨ, ਪਰ ਹੁਣ ਦੇ ਬਹੁਤੇ ਗਾਇਕ ਕੁਦਰਤ ਦੀ ਇਸ ਦਾਤ ਤੋਂ ਵਿਹੂਣੇ ਹਨ..
ਮੈਨੂੰ ਚੇਤਾ ਹੈ.. ਮੈਂ ਨਾਭੇ ਪੜ੍ਹਦਾ ਸੀ.. ਜਦ ਪੰਜਾਬੀ ਦੀ ਕੋਇਲ ਸੁਰਿੰਦਰ ਕੌਰ ਨੂੰ ਸਾਹਮਣੇ ਗਾਉਂਦੀ ਨੂੰ ਪਹਿਲੀ ਵਾਰ ਦੇਖਿਆ ਸੀ ਉਹਨੇ. ਸ਼ਿਵ ਬਟਾਲਵੀ ਦਾ ਗੀਤ ਗਾਇਆ:
ਮੈਨੂੰ ਹੀਰੇ ਹੀਰੇ ਆਖ ਹਾਏ ਨੀ
ਮੁੰਡਾ ਲੰਬੜਾਂ ਦਾ..
ਇਹੋ ਜਿਹੇ ਗਾਇਕ ਤੇ ਗਾਇਕਾਵਾਂ ਸਾਡੇ ਮਨਾਂ ਵਿਚੋਂ ਕਦੀ ਵੀ ਵਿਸਰ ਨਹੀਂ ਸਕਦੇ.. ਨਵੇਂ ਗਾਇਕਾਂ ਵਿਚੋਂ ਗੁਰਦਾਸ ਮਾਨ ਵੱਡੇ ਵੀਰ ਤਰ੍ਹਾਂ. ਕੁਲਦੀਪ ਮਾਣਕ ਕਲੀਆਂ ਦਾ ਬਾਦਸ਼ਾਹ, ਸਦੀਕ, ਜਸਵੰਤ ਸੰਦੀਲਾ, ਹਰਭਜਨ ਮਾਨ , ਜਾਂ ਹਰਜੀਤ ਹਰਮਨ ਨੂੰ ਪ੍ਰਮਾਤਮਾ ਨੇ ਆਵਾਜ਼ਾਂ ਦੇ ਕੇ ਉਨ੍ਹਾਂ ’ਤੇ ਬਖਸ਼ਿਸ਼ ਕੀਤੀ ਹੋਈ ਹੈ, ਪੰਮੀ ਬਾਈ ਨੇ ਲੋਕ ਨਾਚਾਂ ਤੇ ਭੰਗੜੇ ਨੂੰ ਜਿਉਂਦਾ ਰੱਖਿਆ ਹੈ। ਬਹੁਤ ਸਾਰੇ ਕਲਾਕਾਰਾਂ ਨਾਲ ਮੇਰਾ ਨੇੜਿਓਂ ਵਾਹ ਵਾਸਤਾ ਰਿਹਾ ਹੈ.. ਸੱਚੀ ਸੁੱਚੀ ਕਲਾ ਦੇ ਧਾਰਨੀਆਂ ਨੂੰ ਮੈਂ ਬਹੁਤ ਪਿਆਰ ਸਤਿਕਾਰ ਦੇਣ ਦੀ ਕੋਸ਼ਿਸ਼ ਕੀਤੀ ਹੈ। ਕਰਮਜੀਤ ਧੂਰੀ ਦਾ ਗੀਤ ਮਿੱਤਰਾਂ ਦੀ ਲੂਣ ਦੀ ਡਲੀ ਨੀਂ ਤੂੰ ਮਿਸ਼ਰੀ ਬਰੋਬਰ ਜਾਣੀ, ਮਨ ਨੂੰ ਬਹੁਤ ਸਕੂਨ ਦਿੰਦਾ ਹੈ।
ਮੈਨੂੰ ਬਾਪੂ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਦੀ ਸੰਗਤ ਵੀ ਨਸੀਬ ਹੁੰਦੀ ਰਹੀ ਹੈ.. ਉਸਦੀਆਂ ਲਿਖੀਆਂ ਤੇ ਗਾਈਆਂ ਕਵੀਸ਼ਰੀਆਂ ਬਚਪਨ ਵਿਚ ਸੁਣੀਆਂ ਹੋਈਆਂ ਸਨ. ਬਹੁਤ ਦੇਰ ਬਾਅਦ ਇਕ ਦਿਨ ਸ. ਬਲਵੰਤ ਸਿੰਘ ਰਾਮੂਵਾਲੀਆਂ ਪਾਸੋਂ ਪਤਾ ਲੱਗਿਆ ਕਿ ਛੋਟੇ ਸਾਹਿਬਜ਼ਾਦਿਆਂ ਬਾਰੇ ਲਿਖੀ ਹੋਈ ਬਹੁਤ ਮਕੂਬਲ ਰਹੀ ਕਵੀਸ਼ਰੀ ਇਨ੍ਹਾਂ ਨੇ ਹੀ ਗਾਈ ਸੀ.
ਕਿਉਂ ਫੜੀ ਸਿਪਾਹੀਆਂ
ਨੇ ਭੈਣੋਂ ਇਹ ਹੰਸਾਂ ਦੀ ਜੋੜੀ.
ਮੈਂ ਜਗਰਾਉਂ ਐਸ.ਐਸ.ਪੀ. ਸੀ ਤਾਂ ਇਕ ਦਿਨ ਲੰਘਦੇ ਲੰਘਦੇ ਬਾਪੂ ਪਾਰਸ ਜੀ ਮੇਰੇ ਕੋਲ ਘਰ ਆ ਗਏ. ਦੁਪਹਿਰ ਦਾ ਵਕਤ ਸੀ. ਮੈਂ ਪੁੱਛਿਆ, ‘‘ਬਾਪੂ ਜੀ ਲਓ ਘੁੱਟ ਕੁ? ਕਹਿਣ ਲੱਗੇ, ਜ਼ਰੂਰ ਲਾਵਾਂਗੇ ਤੇਰੇ ਪਿਆਰ ਵਿਚ ਪੁੱਤਰਾ..।’’ ਉਹ ਹੌਲੀ ਹੌਲੀ ਪੀਂਦੇ ਰਹੇ, ਗੱਲਾਂ ਸੁਣਾ ਸੁਣਾ ਕੇ ਨਿਹਾਲ ਕਰਦੇ ਰਹੇ। ਹੋਲੀ ਦਾ ਦਿਨ ਸੀ, ਬਹੁਤ ਰੌਣਕ ਸੀ। ਅਜਿਹੇ ਕਲਾਕਾਰ ਤੇ ਲਿਖਾਰੀ ਸਾਡੇ ਪੰਜਾਬੀ ਸੱਭਿਆਚਾਰ ਦਾ ਮਾਣਮੱਤਾ ਸਰਮਾਇਆ ਹਨ। ਜਦੋਂ ਅਜਿਹੇ ਕਲਾਕਾਰਾਂ ਦੀ ਕਲਾ ਤੇ ਹੁਣ ਵਾਲਿਆਂ ਦੀ ਕਲਾ ਨੂੰ ਆਹਮੋ ਸਾਹਮਣੇ ਰੱਖ ਕੇ ਦੇਖੀਦਾ ਹੈ ਤਾਂ ਹੁਣ ਵਾਲਿਆਂ ਦੇ ਪੱਲੜੇ ਵਿਚ ਕੱਖ ਨਹੀਂ ਦਿਸਦਾ। ਸੋਚੀਦਾ ਹੈ ਕਿ ਇਹੋ ਹੀ ਪੰਜਾਬੀਆਂ ਦਾ ਸੱਭਿਆਚਾਰ ਹੈ। ਮੋਟਰ ਸਾਈਕਲਾਂ ’ਤੇ ਚੜ ਕੇ ਕਾਲਜਾਂ ਮੂਹਰੇ ਗੇੜੀਆਂ ਲਾਉਣੀਆਂ, ਜਾਂ ਲੰਡੀਆਂ ਜੀਪਾਂ ’ਤੇ ਘੁੰਮਣਾ । ਹਥਿਆਰ ਚੁੱਕੀ ਫਿਰਨੇ.. ਆਪਣੀਆਂ੍ਯ ਹੀ ਧੀਆਂ ਭੈਣਾਂ ਨੂੰ ਗੀਤਾਂ ਵਿਚ ਭੰਡੀ ਛੰਡੀ ਜਾਣਾ। ਸਾਡੇ ਅੱਜ ਦੇ ਗਾਇਕਾਂ ਜਾਂ ਲੇਖਕਾਂ ਦੀ ਅਕਲ ਨੂੰ ਕੀ ਜਿੰਦਰਾ ਵਜ ਗਿਆ ਹੈ?
ਪਹਿਲੇ ਸਮੇਂ ਦੇ ਸਰੋਤਿਆਂ ਤੇ ਗਾਉਣ ਵਾਲਿਆਂ ਵਿਚ ਜਤ ਸਤ ਜਾ ਸ਼ਰਮ ਹਯਾ ਕਿਸ ਹੱਦ ਤੱਕ ਸੀ.. ਮੈ ਇਥੋਂ ਇਕ ਮਿਸਾਲ ਦੇਣੀ ਚਾਹੁੰਦਾ ਹਾਂ..।
ਇਕ ਦਿਨ ਟੀਵੀ ਉਤੇ ਸਵੇਰੇ ਸਵੇਰੇ ਕੋਈ ਗਾ ਰਿਹਾ ਸੀ
ਬਾਪੂ ਕਹਿੰਦਾ ਸੁੱਕੇ ਅੱਜ ਨਹੀਂ ਛੱਡਣੇ..
ਅੱਜ ਠੋਕਣੇ ਹੀ ਠੋਕਣੇ
ਸਵੇਰ ਦਾ ਵਕਤ ਸ਼ਾਂਤੀ ਭਰਿਆ ਹੁੰਦਾ ਹੈ ਤੇ ਇਹੋ ਜਿਹਾ ਸੰਗੀਤ ਸ਼ਾਂਤੀ ਭੰਗ ਕਰ ਦਿੰਦਾ ਹੈ, ਇਸ ਮਗਰੋਂ ਇਕ ਹੋਰ ਲੱਗ ਪਿਆ
ਅੱਜ ਪੰਗਾ ਪੈਣਾ ਹੀ ਪੈਣਾ
ਮੈਂ ਸੁਣ ਕੇ ਕਾਫੀ ਚਿਰ ਬੈਚੇਨ ਰਿਹਾ।
ਮੈਂ ਨਿੱਕਾ ਜਿਹਾ ਸੀ.. ਛੇਵੀ ਸੱਤਵੀਂ ਵਿਚ ਹੋਵਾਂਗਾ। ਆਪਣੇ ਮਾਮੇ ਦੇ ਮੁੰਡੇ ਦੀ ਜੰਨ ਗਿਆ ਸੀ ਭੀਖੀ। ਦੋ ਮੰਜੇ ਜੋੜ ਕੇ ਸਪੀਕਰ ਲਾਏ ਗਏ। ਗੀਤ ਵੱਜਣ ਲੱਗੇ। ਜਦ ਇਹ ਗੀਤ ਵੱਜਿਆ ‘ਕਿੰਝ ਬੀਤੀ ਮੁਕਲਾਵੇ ਵਾਲੀ ਰਾਤ’ ਤਾਂ ਉਥੇ ਰੌਲਾ ਜਿਹਾ ਪੈ ਗਿਆ ਕਿ ‘ਪੰਚਾਇਤ ਆ ਕੇ ਡੰਨ ਲਾਦੂਗੀ.. ਏਹੀ ਗੀਤ ਬੰਦ ਕਰੋ.. ਕੋਈ ਚੰਗਾ ਜਿਹਾ ਲਾਓ।’
ਪਹਿਲੇ ਸਮੇਂ ਦੇ ਸਰੋਤਿਆਂ ਕੋਲ ਅਣਖ ਸੀ ਤੇ ਸਹਿਣਸ਼ੀਲਤਾ ਸੀ। ਦਲੇਰੀ ਵੀ ਸੀ।
ਸਾਡੇ ਪੰਜਾਬ ਦਾ ਸੱਭਿਆਚਾਰ ਤਾਂ ਏਨਾ ਅਮੀਰ ਹੈ ਕਿ ਇਹ ਜਿੰਨਾ ਮਰਜ਼ੀ ਲਿਖ ਲਿਖ ਗਾਈ ਜਾਣ. ਵਿਸਿਆਂ ਦੀ ਘਾਟ ਹੈ ਹੀ ਨਹੀਂ।. ਪਰ ਜਾਪਦਾ ਹੈ ਕਿ ਇਹ ਲੋਕ ਕਲਾ ਰਾਹੀਂ ਪੈਸੇ ਕਮਾਉਣ ਦੀ ਦੌੜ ਵਿਚ ਸ਼ਾਮਲ ਹੋ ਗਏ ਹਨ। ਗੀਤਾਂ ਨੇ ਸਾਡੇ ਬੱਚਿਆਂ ਦੇ ਮਨਾਂ ਉਤੇ ਬਹੁਤ ਅਸਰ ਪਾਇਆ ਹੈ। ਇਕ ਗੱਲ ਹੋਰ ਦੇਖਣ ਵਾਲੀ ਹੈ.. ਜਿਹੜੇ ਭੈੜੀ ਕਿਸਮ ਦੇ ਨਸਿਆਂ ਤੇ ਹੋਰ ਬੁਰੀਆਂ ਅਲਾਮਤਾਂ ਦੇਖਣ ਵਾਲੀ ਹੈ.. ਜਿਹੜੇ ਭੈਣੀ ਕਿਸਮ ਦੇ ਨਸਿਆਂ ਤੇ ਹੋਰ ਬੁਰੀਆਂ ਅਲਾਮਤਾਂ ਵੱਲ ਧੱਕਣ ਵਾਲੇ ਗੀਤਾਂ ਦੇ ਗਾਇਕ ਹਨ.. ਉਨ੍ਹਾਂ ਦੀਆਂ ਜ਼ਰਾ ਗਹੁ ਨਾਲ ਸ਼ਕਲਾਂ ਦੇਖੋ, ਤਾਂ ਉਨ੍ਹਾਂ ਨੇ ਨਸ਼ੇ ਕੀਤੇ ਹੋਏ ਲੱਗਦੇ ਹਨ ਜੋ ਵੀ ਕੁਝ ਹੈ ਉਹ ਉਹੋ ਜਿਹੇ ਸੁਨੇਹਾ ਹੀ ਲੋਕਾਂ ਨੂੰ ਦੇਵੇਗਾ।
ਮੈਨੂੰ ਖੁਸ਼ੀ ਹੁੰਦਾ ਹੈ ਜਦੋਂ ਮੇਰਾ ਅਜੀਜ਼, ਬੇਟਾ ਅਤੇ ਭਰਾਵਾਂ ਵਰਗਾ ਭਗਵੰਤ ਮਾਨ ਆਪਣੇ ਵਿਅੰਗ ਦਾ ਤੀਰ ਅਜਿਹੇ ਗਾਇਕਾਂ ’ਤੇ ਛੱਡਦਾ ਹੈ.. ਗੰਦ ਪਾਉਣ ਵਾਲਿਆਂ ਨੂੰ ਲਾਹਨਤਾਂ ਪਾਉਂਦਾ ਹੈ। ਉਨੇ ਆਪਣੀ ਠੇਠ ਪੇਂਡੂ ਸ਼ਬਦਾਵਲੀ ਨਾਲ ਕਮੇਡੀ ਰਾਹੀਂ ਲੋਕਾਂ ਦੇ ਮਨਾਂ ’ਕੇ ਰਾਜ ਕੀਤਾ ਤੇ ਕਰ ਰਿਹਾ ਹੈ।
ਮੈਨੂੰ ਯਾਦ ਹੈ ਜਦੋਂ ਮੈਂ ਪਟਿਆਲੇ ਏ.ਐਸ.ਆਈ. ਸਾਂ ਤਾਂ ਯੂਨੀਵਰਸਿਟੀ ਤੋਂ ਕਰਨਲ ਜੋਗਿੰਦਰ ਸਿੰਘ ਸਿੱਧੂ ਦਾ ਫੋਨ ਆਇਆ ਕਿ ਹਰਿੰਦਰ ਮੁੰਡਿਆਂ ਨੇ ਲੜ ਪੈਣਾ ਹੈ। ਉਦੋਂ ਯੂਨੀਵਰਸਿਟੀ ਵਿਚ ਯੂਥ ਫੈਸਟੀਬਲ ਹੋ ਰਹੇ ਸੀ ਤੇ ਭੰਗੜੇ ਦੀਆਂ ਟੀਮਾਂ ਵੀ ਅਣਗਿਣਤ ਆਈਆਂ ਹੋਈਆਂ ਸੀ। ਕਰਨਲ ਸਿੱਧੂ ਨੂੰ ਜਾਪਿਆ ਕਿ ਡਾਂਗਾਂ ਫੜ ਕੇ ਨੱਚਣ ਵਾਲੇ ਮੁੰਡੇ. ਇਨ੍ਹਾਂ ਡਾਂਗਾਂ ਨਾਲ ਲੜ ਪੈਣਗੇ। ਮਾਹੌਲ ਥੋੜ੍ਹਾ ਕੁ ਅਣਸੁਖਾਵਾਂ ਜਿਹਾ ਹੋਇਆ ਸੀ. ਤਾਂ ਮੇਰੇ ਮੂੰਹੋਂ ਇਹ ਬੋਲ ਸੁਭਾਵਕ ਹੀ ਨਿਕਲੇ ਸਨ, ‘ਸਿੱਧੂ ਸਾਹਿਬ, ਭੰਗੜੇ ਪਾਉਣ ਵਾਲੇ.. ਹੱਸਣ ਹਸਾਉਣ ਵਾਲੇ ਨੱਚਣ ਟੱਪਣ ਵਾਲੇ ਮੁੰਡੇ ਮੈਂ ਕਦੇ ਲ਼ੜਦੇ ਨਹੀਂ ਦੇਖੇ।’’
ਸੋ, ਲੜਾਈ ਨਾ ਹੋਈ… ਸਿੱਧੂ ਸਾਹਿਬ ਦਾ ਫੋਨ ਆਇਆ ਕਿ ਤੇਰੀ ਗੱਲ ਸੱਚੀ ਹੋਈ.. ਵੈਸੇ ਮੈਂ ਕਿਹਾ ਸੁਭਾਵਿਕ ਹੀ ਸੀ ਕਿ ਇਨ੍ਹਾਂ ਨੇ ਕੀ ਲੜਨਾ ? ਕਲਾ ਬਹੁਤ ਵਿਕਸਿਤ ਹੋ ਚੁੱਕੀ ਹੈ। ਕਲਾਕਾਰਾਂ ਦੇ ਸਟੇਟਸ ਬਣ ਗਏ ਹਨ। ਪਰ ਜੋ ਲੋਕ ਪੰਜਾਬੀ ਮਾਂ ਬੋਲੀ ਨੂੰ ਗੰਦੇ ਗੰਦੇ ਗੀਤ ਗਾ ਕੇ ਕਲਕਿੰਤ ਕਰ ਰਹੇ ਹਨ ਉਨ੍ਹਾਂ ਤੋਂ ਸਾਨੂੰ ਬਚਣ ਦੀ ਲੋੜ ਹੈ।
ਕਿਸੇ ਲੇਖਕ ਦਾ ਇਹ ਸ਼ਿਅਰ 1993 ਵਿਚ ਮੈਂ ਨਿੱਜੀ ਡਾਇਰੀ ਦੇ ਪਹਿਲੇ ਪੰਨੇ ਉਤੇ ਹੱਥੀਂ ਲਿਖਿਆ ਸੀ
ਹਮ ਮਰਦ ਹੈਂ, ਕੋਈ ਹੀਜ਼ (ਹੀਜੜੇ) ਨਹੀਂ।
ਸਿਲਵੱਟਾਂ (ਕੂੰਡਾ ਸੋਟੀ) ਮੇਂ ਪਿਸ ਜਾਏਂਗੇ ਵੋ, ਕਸਨੀਜ਼ (ਧਣੀਆਂ) ਨਹੀਂ।
ਵੋ ਕੰਨ ਸਾ ਉਕਤਾ (ਮਸਲਾ) ਹੈ, ਜੋ ਵਾ (ਹੱਲ) ਹੋ ਨਹੀਂ ਸਕਤਾ।
ਹਿੰਮਤ ਕਰੇ ਇਨਸਾਨ ਤੋਂ ਕਿਆ ਹੋ ਨਹੀਂ ਸਕਤਾ।


