Skip to content
Independent perspectives. Global stories.
BREAKING

ਚਾਰ ਮਾਡਰਨ ਜੇਲ੍ਹਾਂ ਦਾ ਨਿਰਮਾਣ ਛੇਤੀ ਹੋਵੇਗਾ ਮੁਕੰਮਲ : ਠੰਡਲ

Share this story

ਚੰਡੀਗੜ੍ਹ, 6 ਅਗਸਤ (ਪੀ. ਟੀ)- ਪੰਜਾਬ ਦੀਆਂ ਜੇਲ੍ਹਾਂ ਅੰਦਰ ਸਮਰੱਥਾ ਤੋਂ ਵੱਧ ਕੈਦੀਆਂ ਦੇ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਸਰਕਾਰ ਵੱਲੋਂ ਉਸਾਰੀ ਅਧੀਨ 4 ਮਾਡਰਨ ਜੇਲ੍ਹਾਂ ਦਾ ਨਿਰਮਾਣ ਕਾਰਜ ਛੇਤੀ ਤੋਂ ਛੇਤੀ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਨਵੇਂ ਬਣੇ ਜ਼ਿਲ੍ਹਿਆਂ ਵਿੱਚ ਜੇਲ੍ਹਾਂ ਬਣਾਉਣ ਸਬੰਧੀ ਅਧਿਕਾਰੀਆਂ ਨੂੰ ਵਿਸਤ੍ਰਾਰਤ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਇਹ ਨਿਰਦੇਸ਼ ਜੇਲ੍ਹ ਮੰਤਰੀ ਸ. ਸੋਹਣ ਸਿੰਘ ਠੰਡਲ ਨੇ ਅੱਜ ਇਥੇ ਜੇਲ੍ਹ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਦਿੱਤਾ। ਸ. ਠੰਡਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਤੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ 4 ਮਾਡਰਨ ਜੇਲ੍ਹਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਮੀਟਿੰਗ ਵਿੱਚ ਮੌਜੂਦ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਤੋਂ ਜੇਲ੍ਹਾਂ ਦੇ ਨਿਰਮਾਣ ਕਾਰਜਾਂ ਦੀ ਮੌਜੂਦਾ ਸਥਿਤੀ ਸਬੰਧੀ ਸਮੀਖਿਆ ਕੀਤੀ ਅਤੇ ਇਸ ਦੇ

ਨਾਲ ਹੀ ਇਹ ਨਿਰਦੇਸ਼ ਵੀ ਦਿੱਤੇ ਕਿ ਨਿਰਮਾਣ ਕਾਰਜ ਹਰ ਹੀਲ ਮਿੱਥੇ ਸਮੇਂ ਅੰਦਰ ਮੁਕੰਮਲ ਕੀਤੇ ਜਾਣ ਤਾਂ ਜੋ ਕੈਦੀਆਂ ਦੀ ਭੀੜ ਨੂੰ ਘਟਾਇਆ ਜਾ ਸਕੇ।    ਸ. ਠੰਡਲ ਨੇ ਨਵੀਆਂ ਜੇਲ੍ਹਾਂ ਵਿੱਚ ਬਿਜਲੀ ਅਤੇ ਗੈਸ ਦੀ ਖਪਤ ਨੂੰ ਘਟਾਉਣ ਦੇ ਮੰਤਵ ਲਈ ਸੂਰਜੀ ਊਰਜਾ ਦੇ ਯੂਨਿਟ ਲਗਾਉਣ ਸਬੰਧੀ ਅਧਿਕਾਰੀਆਂ ਨੂੰ ਪੇਡਾ ਨਾਲ ਰਾਬਤਾ ਕਾਇਮ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਪੁਰਾਣੀਆਂ ਜੇਲ੍ਹਾਂ ਅੰਦਰ ਵੀ ਸੂਰਜੀ ਊਰਜਾ ਦੇ ਯੂਨਿਟਾਂ ਨੂੰ ਲਗਾ ਕੇ ਸੂਰਜੀ ਊਰਜਾ ਨਾਲ ਰੋਟੀ ਪਕਾਉਣ, ਪਾਣੀ ਗਰਮ ਕਰਨ ਅਤੇ ਰੌਸ਼ਨੀ ਦਾ ਪ੍ਰਬੰਧ ਕਰਨ ਸਬੰਧੀ ਪੇਡਾ ਨਾਲ ਰਾਬਤਾ ਕਾਇਮ ਕਰ ਕੇ ਇਸ ਸਮੁੱਚੇ ਪ੍ਰਾਜੈਕਟ ’ਤੇ ਆਉਣ ਵਾਲੇ ਖਰਚੇ ਦੀ ਰਿਪੋਰਟ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਜੇਲ੍ਹ ਮੰਤਰੀ ਨੇ ਪੁਰਾਣੀਆਂ ਜੇਲ੍ਹਾਂ ਵਿੱਚ ਬਣ ਰਹੀਆਂ ਨਵੀਆਂ ਬੈਰਕਾਂ ਦੀ ਉਸਾਰੀ ਦਾ ਕੰਮ ਵੀ ਤੇਜ਼ੀ ਨਾਲ ਮੁਕੰਮਲ ਕੀਤੇ ਜਾਣ ਦੇ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਪ੍ਰਮੁੱਖ ਸਕੱਤਰ (ਜੇਲ੍ਹਾਂ) ਨੂੰ ਇਹ ਹਦਾਇਤ ਵੀ ਕੀਤੀ ਕਿ ਨਵੇਂ ਬਣੇ ਜ਼ਿਲ੍ਹਿਆਂ ਜਿੱਥੇ ਜੇਲ੍ਹਾਂ ਦਾ ਨਿਰਮਾਣ ਨਹੀਂ ਹੋ ਸਕਿਆ, ਵਿੱਚ ਨਵੀਆਂ ਜੇਲ੍ਹਾਂ ਦੀ ਉਸਾਰੀ ਸਬੰਧੀ ਰਿਪੋਰਟ ਤਿਆਰ ਕੀਤੀ ਜਾਵੇ ਤਾਂ ਜੋ ਮੁੱਖ ਮੰਤਰੀ ਜੀ ਨਾਲ ਇਸ ਸਬੰਧੀ ਗੱਲ ਕਰ ਕੇ ਅਜਿਹੇ ਜ਼ਿਲ੍ਹਿਆਂ ਵਿੱਚ ਜੇਲ੍ਹਾਂ ਦੀ ਉਸਾਰੀ ਕਰਵਾਈ ਜਾ ਸਕੇ।ਮੀਟਿੰਗ ਵਿੱਚ ਪ੍ਰਮੁੱਖ ਸਕੱਤਰ, ਜੇਲ੍ਹਾਂ ਸ੍ਰੀ ਸੰਜੇ ਕੁਮਾਰ, ਏ.ਡੀ.ਜੀ.ਪੀ. (ਜੇਲ੍ਹਾਂ) ਸ੍ਰੀ ਆਰ.ਪੀ.ਮੀਨਾ, ਪੰਜਾਬ ਪੁਲਿਸਿੰਗ ਹਾਊਸਿੰਗ ਕਾਰਪੋਰੇਸ਼ਨ ਦੇ ਪ੍ਰਬੰਧਕੀ ਨਿਰਦੇਸ਼ਕ ਏ.ਡੀ.ਜੀ.ਪੀ. ਸ੍ਰੀ ਆਰ.ਪੀ.ਸਿੰਘ, ਆਈ.ਜੀ. (ਜੇਲ੍ਹਾਂ) ਸ੍ਰੀ ਜਗਜੀਤ ਸਿੰਘ, ਏ.ਆਈ.ਜੀ. ਸ੍ਰੀ ਰੂਪ ਕੁਮਾਰ ਵੀ ਹਾਜ਼ਰ ਸਨ।

WRITTEN BY