ਕਾਂਗਰਸ ਪਾਰਟੀ ਨੂੰ ਦੱਸਿਆ ਸਿੱਖਾਂ ਦੀ ਸਭ ਤੋਂ ਵੱਡੀ ਦੁਸ਼ਮਣ, ਇਕੱਠਾਂ ਵਿੱਚ ਪੰਥਕ ਮੁੱਦੇ ਚੁੱਕੇ
ਤਲਵੰਡੀ ਸਾਬੋ 6 ਅਗਸਤ (ਰਣਜੀਤ ਸਿੰਘ ਰਾਜੂ)- ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੀ ਜਿਮਨੀ ਚੋਣ ਲਈ ਅੱਜ ਕਾਗਜ ਵਾਪਿਸ ਲੈਣ ਦਾ ਦਿਨ ਲੰਘਦਿਆਂ ਹੀ ਚੋਣ ਪ੍ਰਚਾਰ ਪੂਰੀ ਤਰ੍ਹਾਂ ਭਖ ਚੁੱਕਾ ਹੈ।ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਸ੍ਰ.ਜੀਤਮਹਿੰਦਰ ਸਿੰਘ ਸਿੱਧੂ ਦੇ ਹੱਕ ਵਿੱਚ ਅੱਜ ਪੰਜਾਬ ਦੇ ਉੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਰੀਬ ਇੱਕ ਦਰਜਨ ਪਿੰਡਾਂ ਦਾ ਦੌਰਾ ਕਰਦਿਆਂ ਚੋਣ ਸਭਾਵਾਂ ਨੂੰ ਸੰਬੋਧਨ ਕੀਤਾ। ਅੱਜ ਆਪਣੇ ਦੌਰੇ ਦੌਰਾਨ ਪਿੰਡਾਂ ਵਿੱਚ ਭਾਰੀ ਇਕੱਠਾਂ ਨੂੰ ਸੰਬੋਧਨ ਕਰਦਿਆਂ ਉੱਪ ਮੁੱਖ ਮੰਤਰੀ ਬਾਦਲ ਨੇ ਜਿਆਦਾਤਰ ਪੰਥਕ ਮੁੱਦਿਆਂ ਦੀ ਗੱਲ ਕਰਨ ਨੂੰ ਤਰਜੀਹ ਦਿੱਤੀ।ਉਨ੍ਹਾਂ ਆਪਣੇ ਸੰਬੋਧਨ ਵਿੱਚ ਕਾਂਗਰਸ ਪਾਰਟੀ ਨੂੰ ਸਿੱਖਾਂ ਦੀ ਸਭ ਤੋਂ
ਵੱਡੀ ਦੁਸ਼ਮਨ ਪਾਰਟੀ ਕਰਾਰ ਦਿੰਦਿਆਂ ਉਸ ਉੱਪ ਸਮੇਂ ਸਮੇਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਦੇਸ਼ ਦੇ ਦੋਸ਼ ਲਾਏ।ਉਨ੍ਹਾਂ ਕਿਹਾ ਕਿ ਸਾਕਾ ਨੀਲਾ ਤਾਰਾ ਤੋਂ ਲੈ ਕੇ ਹੁਣ ਤੱਕ ਕਾਂਗਰਸ ਨੇ ਹਮੇਸ਼ਾਂ ਹੀ ਸਿੱਖਾਂ ਨੂੰ ਵੰਡਣ ਦੀ ਕੋਸ਼ਿਸ ਕੀਤੀ ਹੈ।ਉਨ੍ਹਾਂ ਕਿਹਾ ਕਿ ਹੁਣੇ ਹੁਣੇ ਹੋ ਕੇ ਹਟੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੇਸ਼ ਵਿੱਚੋਂ ਲੱਗਪੱਗ ਖਤਮ ਹੋ ਗਈ ਹੈ ਅਤੇ ਖਾਤਮੇ ਦੇ ਕਗਾਰ ਤੇ ਆ ਕੇ ਵੀ ਕਾਂਗਰਸ ਨੇ ਇੱਕ ਵਾਰ ਫਿਰ ਸਿੱਖਾਂ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ ਕੀਤੀ ਹੈ।ਉਨ੍ਹਾਂ ਕਿਹਾ ਕਿ ਹਰਿਆਣੇ ਦੀ ਹੁੱਡਾ ਸਰਕਾਰ ਨੇ ਕੁਝ ਬੰਦਿਆਂ ਨੂੰ ਨਾਲ ਲੈ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕਰ ਦਿੱਤਾ ਹੈ ਜਿਸ ਲਈ ਉਹ ਕਾਨੂੰਨੀ ਤੌਰ ਤੇ ਅਧਿਕਾਰ ਹੀ ਨਹੀ ਰੱਖਦੀ।ਉਨ੍ਹਾਂ ਕਿਹਾ ਕਿ ਸਿੱਖਾਂ ਤੇ ਜਦੋਂ ਵੀ ਕਦੇ ਦੇਸ਼ ਜਾਂ ਵਿਦੇਸ਼ ਦੇ ਕਿਸੇ ਹਿੱਸੇ ਵਿੱਚ ਮੁਸੀਬਤ ਆਈ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੋਣ ਨਾਤੇ ਸਿੱਖਾਂ ਦੀ ਸਾਰ ਲਈ ਹੈ ਪ੍ਰੰਤੂ ਹੁਣ ਕਾਂਗਰਸ ਚਾਹੁੰਦੀ ਹੈ ਕਿ ਸਿੱਖਾਂ ਦੀ ਇਹ ਸਿਰਮੌਰ ਜਥੇਬੰਦੀ ਵੀ ਦੋ ਹਿੱਸਿਆਂ ਵਿੱਚ ਵੰਡੀ ਜਾਵੇ ਪ੍ਰੰਤੂ ਉਹ ਨਹੀ ਜਾਣਦੇ ਕਿ ਸਿੱਖ ਸੰਗਤ ਇਹ ਕਿਸੇ ਕੀਮਤ ਤੇ ਨਹੀ ਹੋਣ ਦੇਵੇਗੀ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਾਰ ਵਾਰ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਦੇਣ ਵਾਲੀ ਕਾਂਗਰਸ ਦੇ ਉਮੀਦਵਾਰਾਂ ਦੀਆਂ ਜਿਮਨੀ ਚੋਣਾਂ ਵਿੱਚ ਜਮਾਨਤਾਂ ਜਬਤ ਕਰਵਾ ਦੇਵੇ ਤਾਂ ਕਿ ਅਗਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦਾ ਭੋਗ ਪਾਇਆ ਜਾ ਸਕੇ।
ਉਨ੍ਹਾਂ ਇਸ ਮੌਕੇ ਲੋਕਾਂ ਨੂੰ ਦੱਸਿਆ ਕਿ ਕੇਂਦਰ ਦੀ ਐੱਨ.ਡੀ.ਏ ਸਰਕਾਰ ਨੇ ਪੰਜਾਬ ਦੇ ਵਿਕਾਸ ਲਈ ਪੈਸੇ ਦੀ ਕੋਈ ਕਮੀ ਨਹੀ ਰਹਿਣ ਦੇਣੀ ਅਤੇ ਹੁਣ ਵੀ ਉਹ ਕੇਂਦਰ ਸਰਕਾਰ ਤੋਂ ਪੰਜਾਬ ਦੀਆਂ ਸੜਕਾਂ ਦੇ ਨਿਰਮਾਣ ਲਈ 10 ਹਜਾਰ ਕਰੋੜ ਰੁਪਏ ਦੀ ਰਾਸ਼ੀ ਮੰਜੂਰ ਕਰਵਾ ਕੇ ਲਿਆਏ ਹਨ।ਉਨ੍ਹਾਂ ਦੱਸਿਆ ਕਿ ਤਲਵੰਡੀ ਸਾਬੋ ਤੋਂ ਅੰਮ੍ਰਿਤਸਰ ਤੱਕ ਅਤੇ ਬਠਿੰਡਾ ਚੰਡੀਗੜ ਸੜਕ ਨੂੰ ਚਹੁੰਮਾਰਗੀ ਕਰਨ ਨੂੰ ਮੰਜੂਰੀ ਮਿਲ ਗਈ ਹੈ।ਉਨ੍ਹਾਂ ਅਪੀਲ ਕੀਤੀ ਕਿ ਉਹ ਹਲਕੇ ਦੇ ਵਿਕਾਸ ਲਈ ਵੀ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਨੂੰ ਵੋਟਾਂ ਪਾਉਣ।ਇਸ ਮੌਕੇ ਲੋਕਾਂ ਨੇ ਸ੍ਰ.ਬਾਦਲ ਨੂੰ ਭਰੋਸਾ ਦੁਆਇਆ ਕਿ ਉਹ ਸਿੱਧੂ ਨੂੰ ਭਾਰੀ ਵੋਟਾਂ ਦੇ ਫਰਕ ਨਾਲ ਜਿਤਾ ਕੇ ਭੇਜਣਗੇ।ਇਸ ਮੌਕੇ ਕਈ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸੁਖਬੀਰ ਬਾਦਲ ਅਤੇ ਸੁਖਬੀਰ ਬਾਦਲ ਦਾ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਤੋਂ ਪਹਿਲਾ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਸ੍ਰ.ਜੀਤਮਹਿੰਦਰ ਸਿੰਘ ਸਿੱਧੂ ਨੇ ਬਾਦਲ ਨੂੰ ਜੀ ਆਇਆਂ ਕਹਿੰਦਿਆਂ ਲੋਕਾਂ ਨੂੰ ਆਪਣੀਆਂ ਭਵਿੱਖੀ ਯੋਜਨਾਵਾਂ ਤੋਂ ਜਾਣੂੰ ਕਰਵਾਇਆ।ਅੱਜ ਦੇ ਸਮਾਗਮਾਂ ਦੀ ਵਿਸ਼ੇਸ ਗੱਲ ਇਹ ਰਹੀ ਕਿ ਇਸ ਵਿੱਚ ਪਾਰਟੀ ਦੇ ਸਾਰੇ ਧੜਿਆਂ ਦੇ ਆਗੂਆਂ ਤੇ ਉਨ੍ਹਾਂ ਦੇ ਸਮੱਰਥਕਾਂ ਨੇ ਸ਼ਮੂਲੀਅਤ ਕੀਤੀ।
ਸਮਾਗਮਾਂ ਵਿੱਚ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ,ਸੀਨ:ਅਕਾਲੀ ਆਗੂ ਅਮਰਜੀਤ ਸਿੰਘ ਖਾਨ੍ਹਾ,ਦਰਬਾਰਾ ਸਿੰਘ ਗੁਰੁ,ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੁਖਮਨ ਸਿੰਘ ਸਿੱਧੂ,ਸਾਬਕਾ ਸੰਸਦੀ ਸਕੱ:ਜਗਦੀਪ ਸਿੰਘ ਨਕੱਈ,ਸੁਖਵਿੰਦਰ ਸਿੰਘ ਔਲਖ ਚੇਅਰਮੈਨ ਪਨਸੀਡ,ਹਰਿੰਦਰਪਾਲ ਸਿੰਘ ਚਹਿਲ ਸਾਬਕਾ ਡੀ.ਆਈ.ਜੀ,ਗੁਰਮੀਤ ਸਿੰਘ ਬੁਰਜ ਮਹਿਮਾ ਸਿਆਸੀ ਸਕੱ: ਸਿੱਧੂ,ਜਸਵੀਰ ਸਿੰਘ ਪਥਰਾਲਾ ਨਿੱਜੀ ਸਹਾਇਕ,ਸੀਨ:ਅਕਾਲੀ ਆਗੂ ਬਾਬੂ ਸਿੰਘ ਮਾਨ,ਮਨਜੀਤ ਸਿੰਘ ਸ਼ਿੰਪੀ ਚੇਅਰਮੈਨ ਬਲਾਕ ਸੰਮਤੀ,ਸੀਨ:ਅਕਾਲੀ ਆਗੂ ਮਲਕੀਤ ਸਿੰਘ ਸਮਾਂਓ,ਅਕਾਲੀ ਦਲ ਦੇ ਸਰਕਲ ਪ੍ਰਧਾਨ ਜਸਵਿੰਦਰ ਸਿੱਧੂ,ਅਵਤਾਰ ਮੈਨੂੰਆਣਾ,ਜਸਪਾਲ ਨੰਬਰਦਾਰ ਲਹਿਰੀ,ਟਹਿਲ ਲਹਿਰੀ,ਹਰਦੇਵ ਫੌਜੀ ਸਰਪੰਚ ਨੰਗਲਾ,ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਹਰਪ੍ਰੀਤ ਲਹਿਰੀ,ਰਣਜੀਤ ਮਲਕਾਣਾ ਕੌਂਸਲਰ,ਸੁਖਵੀਰ ਗੱਗੜ ਨਿੱਜੀ ਸਕੱ:ਭੁਪਿੰਦਰ ਬਾਦਲ,ਰਾਜ ਨੰਗਲਾ,ਯੂਥ ਆਗੂ ਜਗਤਾਰ ਨੰਗਲਾ,ਭੋਲਾ ਕਲਾਲਵਾਲਾ,ਡਾ.ਮਲਕੀਤ ਮਿਰਜੇਆਣਾ,ਮਦਨ ਲਾਲ ਲਹਿਰੀ ਆਦਿ ਆਗੂ ਹਾਜਿਰ ਸਨ।



