ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ 1459 ਕਿ.ਮੀ ਸੜਕਾਂ ਲਈ 952 ਕਰੋੜ ਰੁਪੈ ਜਾਰੀ ਕਰਨ ਦਾ ਭਰੋਸਾ
ਪਰਨੀਤ ਬਰਾੜ- ਕਾਰਜਕਾਰੀ ਸੰਪਾਦਕ -ਨਵੀਂ ਦਿੱਲੀ/ਚੰਡੀਗੜ੍ਹ, 4 ਅਗਸਤ: ਕੇਂਦਰੀ ਸੜਕੀ ਆਵਾਜਾਈ ਤੇ ਸ਼ਾਹਮਾਰਗ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਅੱਜ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਰਾਜ ਵਿਚ 1459 ਕਿਲੋਮੀਟਰ ਸੜਕਾਂ ਦੀ ਉਸਾਰੀ ਲਈ 952 ਕਰੋੜ ਰੁਪੈ ਦੀ ਪ੍ਰਵਾਨਗੀ ਜਲਦ ਦੇਣ ਦਾ ਭਰੋਸਾ ਦਿੱਤਾ ਹੈ ਤੇ ਨਾਲ ਹੀ ਉਨ੍ਹਾਂ ਨੇ ਕੇਂਦਰੀ ਸੜਕ ਫੰਡ ਯੋਜਨਾ ਤਹਿਤ ਸਾਲਾਨਾ ਕਾਰਗੁਜ਼ਾਰੀ ਨੂੰ ਮਾਪਦੇ ਨਵੇਂ ਫਾਰਮੂਲੇ ’ਤੇ ਵੀ ਮੁੜ ਵਿਚਾਰ ਕਰਨ ’ਤੇ ਸਹਿਮਤੀ ਪ੍ਰਗਟਾਈ ਹੈ।ਅੱਜ ਨਵੀਂ ਦਿੱਲੀ ਵਿਖੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਰਾਜ ਦੇ ਬਕਾਇਆ ਪਏ ਵੱਖ-ਵੱਖ ਸੜਕੀ ਪ੍ਰਾਜੈਕਟਾਂ ਬਾਰੇ ਕੇਂਦਰੀ ਮੰਤਰੀ ਸ਼੍ਰੀ ਗਡਕਰੀ ਨਾਲ ਕ੍ਰਿਸ਼ੀ ਭਵਨ
ਵਿਖੇ ਉਚੇਚੀ ਮੁਲਾਕਾਤ ਕੀਤੀ ਜਿਸ ਦੋਰਾਨ ਉਨ੍ਹਾਂ ਰਾਜ ਦੇ ਵੱਖ-ਵੱਖ ਸੜਕੀ ਪ੍ਰਾਜੈਕਟਾਂ ਨੂੰ ਜਲਦ ਮੁਕੰਮਲ ਕਰਨ ਦੀ ਲੋੜ ’ਤੇ ਜੋਰ ਦਿੱਤਾ।
ਮੀਟਿੰਗ ਦੋਰਾਨ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਬਣਨ ਵਾਲੀਆਂ 1459 ਕਿ.ਮੀ ਸੜਕਾਂ ਲਈ 952 ਕਰੋੜ ਰੁਪੈ ਦੀ ਪ੍ਰਵਾਨਗੀ ਦਾ ਭਰੋਸਾ ਦਿੰਦਿਅ੍ਯਾਂ ਸ੍ਰੀ ਗਡਕਰੀ ਨੇ ਉਪ ਮੁੱਖ ਮੰਤਰੀ ਨੂੰ ਦੱਸਿਆ ਕਿ ਕੇਂਦਰ ਵਲੋਂ ਪ੍ਰਵਾਨਿਤ ਰਾਸ਼ੀ ਦੀ ਪਹਿਲੀ ਕਿਸ਼ਤ ਛੇਤੀ ਹੀ ਜਾਰੀ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਵਲੋਂ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ-2 ਤਹਿਤ ਨਵੀਆਂ ਤੇ ਪੁਰਾਣੀਆਂ ਸੜਕਾਂ ਦੀ ਉਸਾਰੀ ਤੇ ਮੁਰੰਮਤ ਅਤੇ ਚੌੜਾ ਕਰਨ ਲਈ ਇਕ 94 ਕਰੋੜ ਰੁਪੈ ਦੀ ਵੱਖਰੀ ਗ੍ਰਾਂਟ ਦੀ ਵੀ ਪ੍ਰਵਾਨਗੀ ਦਿੱਤੀ ਗਈ।
ਪੰਜਾਬ ਦੇ ਬਕਾਇਆ ਸੜਕੀ ਪ੍ਰਾਜੈਕਟਾਂ ਬਾਰੇ ਕੇਂਦਰੀ ਮੰਤਰੀ ਨੂੰ ਜਾਣਕਾਰੀ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਵਲੋਂ ਕੌਮੀ ਸ਼ਾਹਮਾਰਗ- 64 ਦੇ ਜ਼ੀਰਕਪੁਰ-ਪਟਿਆਲਾ ਹਿੱਸੇ ਦੇ 4 ਮਾਰਗੀਕਰਨ ਨੂੰ ਪਹਿਲ ਦੇ ਆਧਾਰ ’ਤੇ ਪ੍ਰਵਾਨਗੀ ਦਿੱਤੀ ਜਾਵੇ। ਇਸ ਤੋਂ ਇਲਾਵਾ ਉਨਾਂ ਕਿਹਾ ਕਿ ਕੌਮੀ ਸ਼ਾਹਮਾਰਗ- 64 ਦੇ ਪਟਿਆਲਾ-ਬਠਿੰਡਾ ਹਿੱਸੇ ਦੇ 4 ਮਾਰਗੀ ਕਰਨ ਅਤੇ ਕੌਮੀ ਸ਼ਾਹਮਾਰਗ 71 ਜਲੰਧਰ-ਮੋਗਾ-ਬਰਨਾਲਾ ਹਿੱਸੇ ਦੇ ਮਜ਼ਬੂਤੀਕਰਨ ਲਈ ਨੈਸ਼ਨਲ ਹਾਈਵੇਅ ਡਿਵੈਲਪਮੈਂਟ ਪ੍ਰੋਗਰਾਮ-4 ਤਹਿਤ ਮਨਜ਼ੂਰੀ ਦਿੱਤੀ ਜਾਵੇ। ਮੀਟਿੰਗ ਵਿਚ ਕੇਂਦਰੀ ਮੰਤਰੀ ਨੇ ਇਨ੍ਹਾਂ ਪ੍ਰਾਜੈਕਟਾਂ ਲਈ ਇਸੇ ਮਹੀਨੇ ਹਰੀ ਝੰਡੀ ਦੇਣ ਦਾ ਭਰੋਸਾ ਦਿੱਤਾ।
ਕੇਂਦਰੀ ਮੰਤਰੀ ਨੂੰ ਜੀਵ ਰੱਖਿਆ ਵਿਭਾਗ ਦੀਆਂ ਬਕਾਇਆ ਪ੍ਰਵਾਨਗੀਆਂ ਬਾਰੇ ਜਾਣਕਾਰੀ ਦਿੰਦਿਅ੍ਯਾਂ ਸ. ਬਾਦਲ ਨੇ ਮੰਗ ਕੀਤੀ ਕਿ ਕੌਮੀ ਸ਼ਾਹਮਾਰਗ 15 ਦੇ ਅੰਮ੍ਰਿਤਸਰ-ਬਠਿੰਡਾ ਹਿੱਸੇ ਤੇ ਸੰਗਰੂਰ-ਪਾਤੜਾਂ-ਖਨੌਰੀ ਸੜਕ ਦੇ ਪੰਜਾਬ/ਹਰਿਆਣਾ ਸਰਹੱਦ ਦੇ 4 ਮਾਰਗੀਕਰਨ ਲਈ ਬਕਾਇਆ ਪ੍ਰਵਾਨਗੀਆਂ ਪਹਿਲ ਦੇ ਆਧਾਰ ’ਤੇ ਜਾਰੀ ਕਰਵਾਈਆਂ ਜਾਣ ਕਿਉਂਕਿ ਇਨਾਂ ਪ੍ਰਾਜੈਕਟਾਂ ਦਾ ਛੇਤੀ ਕੰਮ ਸ਼ੁਰੂ ਕਰਵਾਉਣ ਲਈ ਇਹ ਲਾਜਮੀ ਹਨ।
ਸ. ਬਾਦਲ ਨੇ ਇਹ ਵੀ ਮੰਗ ਕੀਤੀ ਕਿ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਜ਼ੀਰਕਪੁਰ-ਪਟਿਆਲਾ ਸੜਕ ਦੇ 4 ਮਾਰਗੀਕਰਨ ਦੀ ਪ੍ਰਵਾਨਗੀ ਬਾਰੇ ਪੰਜਾਬ ਸਰਕਾਰ ਨੂੰ ਸੂਚਿਤ ਕੀਤੀ ਜਾਵੇ ਤ੍ਯਾਂ ਜੋ ਇਸਦਾ ਕੰਮ ਅੱਗੇ ਸੌਂਪਿਆ ਜਾ ਸਕੇ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ਲਈ ਟੈਂਡਰ ਜਾਰੀ ਕਰ ਰਹੀ ਹੈ। ਉਨ੍ਹਾਂ ਕੇਂਦਰੀ ਮੰਤਰੀ ਨੂੰ ਇਸ ਪ੍ਰਾਜੈਕਟ ਨੂੰ ਈ.ਪੀ.ਸੀ. ਦੇ ਘੇਰੇ ਵਿਚ ਲਿਆਉਣ ਲਈ ਵੀ ਬੇਨਤੀ ਕੀਤੀ। ਇਸ ਮੌਕੇ ਉਪ ਮੁੱਖ ਮੰਤਰੀ ਨੇ ਸ੍ਰੀ ਗਡਕਰੀ ਨੂੰ ਦੱਸਿਆ ਕਿ ਕੇਂਦਰੀ ਸੜਕ ਫੰਡ ਯੋਜਨਾ ਤਹਿਤ ਸਾਲਾਨਾ ਕਾਰਗੁਜ਼ਾਰੀ ਨਿਰਧਾਰਿਤ ਕਰਨ ਦੇ ਨਵੇਂ ਫਾਰਮੂਲੇ ਨਾਲ ਪੰਜਾਬ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ ਇਸ ਲਈ ਕੇਂਦਰ ਪ੍ਰਭਾਵਿਤ ਰਾਜਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਇਸ ਫਾਰਮੂਲੇ ’ਤੇ ਮੁੜ ਵਿਚਾਰ ਕਰੇ। ਸ੍ਰੀ ਗਡਕਰੀ ਨੇ ਉਪ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਉਹ ਸਾਰੇ ਪ੍ਰਾਜੈਕਟਾਂ ਨੂੰ ਪਹਿਲ ਦੇ ਆਧਾਰ ’ਤੇ ਪ੍ਰਵਾਨਗੀ ਦੇਣਗੇ ਤੇ ਜੀਵ ਰੱਖਿਆ ਵਿਭਾਗ ਦੀਆਂ ਬਕਾਇਆ ਪ੍ਰਵਾਨਗੀਆਂ ਜਾਰੀ ਕਰਵਾਉਣ ਲਈ ਕੇਂਦਰੀ ਵਾਤਾਵਰਨ ਤੇ ਜੰਗਲਾਤ ਮੰਤਰਾਲੇ ਨਾਲ ਤਾਲਮੇਲ ਕਰਨਗੇ।



