ਨਵੀਂ ਦਿੱਲੀ, 2 ਅਗਸਤ (ਪੀ. ਟੀ)- ਯੂ. ਪੀ. ਐਸ. ਸੀ. ਪ੍ਰੀਖਿਆ ਦੇ ਪਾਠਕ੍ਰਮ ‘ਤੇ ਉੱਠੇ ਵਿਵਾਦ ਦੇ ਮੱਦੇਨਜ਼ਰ ਅੱਜ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (ਐਨ.ਐਸ.ਯੂ.ਆਈ) ਦੇ ਵਰਕਰਾਂ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਰਿਹਾਇਸ਼ ਅੱਗੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਨੂੰ ਬੇਕਾਬੂ ਹੁੰਦਿਆਂ ਵੇਖ ਪੁਲਿਸ ਵੱਲੋਂ ਕਈ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਸਰਕਾਰ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਸਰਕਾਰ ਮਾਮਲੇ ‘ਚ ਟਾਲ-ਮਟੋਲ ਕਰ ਰਹੀ ਹੈ। ਵਿਦਿਆਰਥੀਆਂ ਅਨੁਸਾਰ ਸ਼ੁੱਕਰਵਾਰ ਨੂੰ ਸਦਨ ‘ਚ ਰੱਖੀ ਗਈ ਵਰਮਾ ਰਿਪੋਰਟ ‘ਤੇ ਮੁੜ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਦਰਅਸਲ ਇਸ ਮੁੱਦੇ ‘ਤੇ ਵਿਰੋਧ ਕਰ
ਰਹੇ ਪ੍ਰਦਰਸ਼ਨਕਾਰੀਆਂ ਨੂੰ ਇਸ ਗੱਲ ਨਾਲ ਕਰਾਰਾ ਝਟਕਾ ਲੱਗਾ ਹੈ ਜਿਸ ‘ਚ ਵਰਮਾ ਕਮੇਟੀ ਨੂੰ ਸੀ-ਸੈੱਟ ਦਾ ਸਮਰਥਕ ਦੱਸਿਆ ਗਿਆ ਹੈ। ਇਸ ਮੁੱਦੇ ‘ਤੇ ਸ਼ੁੱਕਰਵਾਰ ਨੂੰ ਵੀ ਰਾਜ ਸਭਾ ‘ਚ ਕਾਫੀ ਹੰਗਾਮਾ ਹੋਇਆ ਸੀ। ਮੰਨਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਕੇਂਦਰ ਸਰਕਾਰ ਇਸ ਮਾਮਲੇ ‘ਤੇ ਕਮੇਟੀ ਦੀਆਂ ਸਿਫਾਰਿਸ਼ਾਂ ਬਾਰੇ ਵਿਚਾਰ ਤੋਂ ਬਾਅਦ ਆਪਣਾ ਰੁਖ਼ ਸਾਫ਼ ਕਰ ਸਕਦੀ ਹੈ। ਇਸੇ ਦੌਰਾਨ ਵਿਦਿਆਰਥੀਆਂ ਨੇ ਆਪਣਾ ਅੰਦੋਲਨ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ, ਜਦ ਕਿ ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰੀ ਸਦਨ ‘ਚ ਭਰੋਸਾ ਦੇ ਚੁੱਕੇ ਹਨ ਕਿ ਸਰਕਾਰ ਇਸ ਮਸਲੇ ਦਾ ਉਚਿੱਤ ਹੱਲ ਕੱਢੇਗੀ। ਦੱਸਣਯੋਗ ਹੈ ਕਿ ਵਰਮਾ ਕਮੇਟੀ ਨੇ ਬੀਤੇ ਕੱਲ੍ਹ ਹੀ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੀ ਹੈ।



