ਨਵੀਂ ਦਿੱਲੀ, 1 ਅਗਸਤ (ਪੀ. ਟੀ)- ਨਵੇਂ ਚੁਣੇ ਗਏ ਆਰਮੀ ਚੀਫ ਜਨਰਲ ਦਲਬੀਰ ਸਿੰਘ ਸੁਹਾਗ ਨੇ ਅੱਜ ਕਿਹਾ ਹੈ ਕਿ ਦੁਨੀਆਂ ਦੀ ਬਿਹਤਰੀਨ ਅਤੇ ਬਹਾਦਰ ਫੌਜ ਦੀ ਅਗਵਾਈ ਕਰਨਾ ਇਕ ਮਾਨ ਵਾਲੀ ਗੱਲ ਹੈ। ਜਨਰਲ ਸੁਹਾਗ ਨੇ ਦੱਖਣੀ ਬਲਾਕ ਤੋਂ ਅੱਜ ਸਵੇਰੇ ‘ਗਾਰਡ ਆਫ ਆਨਰ‘ ਵੀ ਲਿਆ। ਉਨ੍ਹਾਂ ਨੇ ਇਸ ਮੌਕੇ ‘ਤੇ ਕਿਹਾ ਕਿ ਸੈਨਾ ਪ੍ਰਮੁੱਖ ਦੀ ਜਿੰਮੇਵਾਰੀ ਸੰਭਾਲ ਕੇ ਉਹ ਫਖਰ ਮਹਿਸੂਸ ਕਰ ਰਹੇ ਹਨ। ਇਸ ਸੰਦਰਭ ‘ਚ ਉਨ੍ਹਾਂ ਨੇ ਕਿਹਾ ਕਿ ਉਹ ਸਰਕਾਰ ਦਾ ਧੰਨਵਾਦ ਕਰਦੇ ਹਨ ਜਿਸ ਨੇ ਇਸ ਜਿੰਮੇਵਾਰੀ ਲਈ ਉਨ੍ਹਾਂ ‘ਚ ਭਰੋਸਾ ਕੀਤਾ ਹੈ। ਲੈਫਟੀਨੈਂਟ ਜਨਰਲ ਦਲਬੀਰ ਸਿੰਘ ਸੁਹਾਗ ਨੇ ਪ੍ਰਤੀਬੱਧਤਾ ਜਤਾਉਂਦੇ ਹੋਏ ਕਿਹਾ ਕਿ ਉਨ੍ਹਾਂ ਦਾ ਯਤਨ ਹੋਵੇਗਾ ਕਿ ਉਹ ਸੈਨਾ ਨੂੰ ਮਹਾਨਤਮ ਪੱਧਰ
‘ਤੇ ਲੈ ਕੇ ਜਾਣ। ਸੇਵਾ ਮੁਕਤ ਹੋਏ ਜਨਰਲ ਬਿਕਰਮ ਸਿੰਘ ਦੇ ਸਿਰ ਕਲਮ ਕਰਨ ਵਾਲੇ ਬਿਆਨ ‘ਤੇ ਨਵੇਂ ਚੁਣੇ ਗਏ ਸੈਨਾ ਪ੍ਰਮੁੱਖ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਦਾ ਜਵਾਬ ਭਵਿੱਖ ‘ਚ ਢੁੱਕਵੇਂ ਤੋਂ ਕਿਤੇ ਵੱਧ ਤਰੀਕੇ ਨਾਲ ਹੋਵੇਗਾ ਅਤੇ ਉਹ ਜ਼ੋਰਦਾਰ ਤੇ ਜਲਦ ਹੋਵੇਗਾ। ਜਨਰਲ ਦਲਬੀਰ ਸਿੰਘ ਸੁਹਾਗ ਦਾ ਕਾਰਜਕਾਲ 30 ਮਹੀਨਿਆਂ ਦਾ ਹੋਵੇਗਾ ।



