ਕਾਂਗਰਸ ਨੇ ਹਮੇਸ਼ਾਂ ਹੀ ਪੰਜਾਬ ’ਤੇ ਆਰਥਿਕ ਤੇ ਧਾਰਮਿਕ ਹਮਲਾ ਕੀਤਾ : ਮੁੱਖ ਮੰਤਰੀ
ਹਰਜੀਤ ਸਿੰਘ ਹਸਨਪੁਰੀ- ਉਧਮ ਸਿੰਘ ਵਾਲਾ (ਸੁਨਾਮ), 31 ਜੁਲਾਈ- ਕਾਂਗਰਸ ਪਾਰਟੀ ਦੀਆਂ ਪੰਜਾਬ ਪ੍ਰਤੀ ਮਾਰੂ ਨੀਤੀਆਂ ਦੀ ਤਿੱਖੀ ਅਲੋਚਨਾ ਕਰਦੇ ਹਏ ਪੰਜਾਬ ਦੇ ਮੁੱਖ ਮੰਤਰੀ ਸ਼. ਪਰਕਾਸ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਹੀ ਪੰਜਾਬ ’ਤੇ ਆਰਥਿਕ ਅਤੇ ਧਾਰਮਿਕ ਹਮਲਾ ਕਰਨ ਦੀ ਕੋਸ਼ਿਸ਼ ਵਿੱਚ ਰਹੀ ਹੈ। ਇਸ ਨੇ ਪਹਿਲਾਂ ਹਰਿਮੰਦਰ ਸਾਹਿਬ ’ਤੇ ਫੌਜੀ ਹਮਲਾ ਕਰਵਾਇਆ ਅਤੇ ਫਿਰ ਦਿੱਲੀ ਦੰਗਿਆਂ ਦੌਰਾਨ ਸਿੱਖਾਂ ਨੂੰ ਗਲਾਂ ਵਿੱਚ ਟਾਇਰ ਪਾ ਕੇ ਸਾੜਿਆ। ਹੁਣ ਇਸ ਨੇ ਸਿੱਖਾਂ ’ਤੇ ਤੀਜਾ ਹਮਲਾ ਕਰਕੇ ਹਰਿਆਣਾ ਵਿੱਚ ਵੱਖਰੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਿਕ ਕਮੇਟੀ ਲਈ ਬਿੱਲ ਪਾਸ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਇਸ ਗੰਧਲੀ ਸਿਆਸਤ ਕਾਰਨ ਪੰਜਾਬ ਦੇ ਲੋਕ ਇਸ ਨੂੰ ਕਦੀ ਵੀ ਮੁਆਫ
ਨਹੀਂ ਕਰਨਗੇ। ਅੱਜ ਸ਼ਹੀਦ ਉਧਮ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾਂ ਹੀ ਪੰਜਾਬ ਨੂੰ ਕੰਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸ ਨੇ ਆਪਣੇ ਸ਼ਾਸਨ ਦੌਰਾਨ ਰਾਜ ਦੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਅਣਗੌਲ ਕੇ ਰੱਖਿਆ Ê ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਸੱਤਾ ਸੰਭਾਲਾਣ ਤੋਂ ਬਾਅਦ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਲਈ ਦਿੜ ਯਤਨ ਕੀਤੇ ਹਨ ਅਤੇ ਇਸ ਸਮੇਂ ਦੌਰਾਨ ਸਰਕਾਰੀ ਨੌਕਰੀਆਂ ਵਿੱਚ ਪੂਰੇ ਪਾਰਦਰਸ਼ੀ ਤਰੀਕੇ ਨਾਲ ਹਜ਼ਾਰਾਂ ਭਰਤੀਆਂ ਕੀਤੀਆਂ ਗਈਆਂ ਹਨ। ਭਰਤੀਆਂ ਦੀ ਇਸ ਪ੍ਰਕਿਰਿਆ ਦੌਰਾਨ ਹੇਰਾ ਫੇਰੀ ਦੀ ਕੋਈ ਵੀ ਸ਼ਿਕਾਇਤ ਪ੍ਰਾਪਤ ਨਹੀਂ ਹੋਈ। ਪੱਤਰਕਾਰਾਂ ਵੱਲੋਂ ਇਸ ਸਬੰਧੀ ਕੀਤੇ ਗਏ ਸਵਾਲ ਦੇ ਜਵਾਬ ਵਿੱਚ ਸ. ਬਾਦਲ ਨੇ ਕਿਹਾ ਕਿ ਜੇ ਕਿਤੇ ਕੋਈ ਭ੍ਰਿਸ਼ਟਾਚਾਰ ਦਾ ਮਾਮਲਾ ਹੈ ਤਾਂ ਉਸ ਨੂੰ ਉਨ੍ਹਾਂ ਦੇ ਸਾਹਮਣੇ ਲਿਆਂਦਾ ਜਾਵੇ। ਸੂਬੇ ਵਿੱਚ ਨਸ਼ਿਆਂ ਦੀ ਲਾਹਣਤ ਨਾਲ ਨਿਪਟਣ ਲਈ ਰਾਜ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਅਤੇ ਉਨ੍ਹਾਂ ਦੀ ਪ੍ਰਗਤੀ ਸਬੰਧੀ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਅਗਲੇ ਡੇਢ ਦੋ ਸਾਲ ਵਿੱਚ ਰਾਜ ਵਿੱਚੋਂ ਨਸ਼ੇ ਦੀ ਸਮੱਸਿਆ ਦਾ ਖਾਤਮਾ ਕਰ ਦਿੱਤਾ ਜਾਵੇਗਾ।
ਸਥਾਨਿਕ ਅਨਾਜ ਮੰਡੀ ਵਿਖੇ ਸ਼ਹੀਦ ਉਧਮ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਸ਼ਹੀਦ ਉਧਮ ਸਿੰਘ ਨੇ ਸੱਤ ਸਮੁੰਦਰ ਪਾਰ ਜਾ ਕੇ ਅੰਗਰੇਜਾਂ ਵੱਲੋਂ ਭਾਰਤੀਆਂ ’ਤੇ ਕੀਤੇ ਗਏ ਅੱਤਿਆਚਾਰਾਂ ਅਤੇ ਜੱਲ੍ਹਿਆਂਵਾਲਾ ਬਾਗ ਦੇ ਸਾਕੇ ਦਾ ਬਦਲਾ ਲਿਆ ਅਤੇ ਆਪਣਾ ਮਹਾਨ ਬਲਿਦਾਨ ਦਿੱਤਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਹਿੱਸਾ ਪਾਉਣ ਵਾਲੇ ਮਹਾਨ ਯੋਧਿਆਂ ਦੀ ਦੀ ਯਾਦ ਤਾਜਾ ਰੱਖਣ ਅਤੇ ਉਨ੍ਹਾਂ ਦੀ ਮਹਾਨ ਦੇਣ ਬਾਰੇ ਭਵਿੱਖੀ ਪੀੜ੍ਹੀਆਂ ਨੂੰ ਜਾਣੂ ਕਰਵਾਉਣ ਲਈ ਕਰਤਾਰਪੁਰ ਵਿਖੇ 200 ਕਰੋੜ ਰੁਪਏ ਦੀ ਲਾਗਤ ਨਾਲ ਜੰਗ-ਏ -ਆਜ਼ਾਦੀ ਯਾਦਗਰ ਬਣਾਈ ਜਾ ਰਹੀ ਹੈ ਜਿਸ ਵਿੱਚ ਆਜ਼ਾਦੀ ਸੰਘਰਸ਼ ਦੇ ਯੋਧਿਆਂ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਮੁਹਈਆ ਕਰਵਾਈ ਜਾਵੇਗੀ।
ਸਮਾਗਮ ਦੇ ਅੰਦਰ ’ਚ ਮੁੱਖ ਮੰਤਰੀ ਨੇ ਸ਼ਹੀਦ ਊਧਮ ਸਿੰਘ ਜੀ ਦੇ ਜੀਵਨ ਦੇ ਅਧਾਰਿਤ ਸ੍ਰੀ ਪ੍ਰੇਮ ਕੁਮਾਰ ਗੁਗਲਾਨੀ ਵੱਲੋ ਪ੍ਰਕਾਸ਼ਿਤ ਕਿਤਾਬ ਰਿਲੀਜ ਕੀਤੀ। ਇਸ ਤੋਂ ਪਹਿਲਾਂ ਸ. ਪਰਕਾਸ਼ ਸਿੰਘ ਬਾਦਲ ਨੇ ਸਥਾਨਕ ਸਟੇਡੀਅਮ ਵਿਖੇ ਸ਼ਹੀਦ ਊਧਮ ਸਿੰਘ ਸਮਾਰਕ ’ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਸ ਮੌਕੇ ਸ਼ਹੀਦ ਊਧਮ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਲਾਈਨਜ਼ ਕਲੱਬ ਵੱਲੋਂ ਲਗਾਏ ਖੂਨਦਾਨ ਕੈਂਪ ਦਾ ਸ. ਬਾਦਲ ਨੇ ਉਦਘਾਟਨ ਕੀਤਾ ਅਤੇ ਖੂਨਦਾਨੀਆਂ ਨੂੰ ਸਨਮਾਨਿਤ ਵੀ ਕੀਤਾ।
ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਸ. ਪ੍ਰਮਿੰਦਰ ਸਿੰਘ ਢੀਂਡਸਾ ਨੇ ਸ਼ਹੀਦ ਊਧਮ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਆਪ ’ਚ ਦੇਸ਼ ਭਗਤੀ ਅਤੇ ਰਾਸ਼ਟਰਵਾਦ ਦੀ ਭਾਵਨਾ ਪੈਦਾ ਕਰਨ। ਉਨ੍ਹਾ ਦੱਸਿਆ ਸ਼ਹੀਦ ਊਧਮ ਸਿੰਘ ਜੀ ਦੀ ਯਾਦ ਬਣਾਉਣ ਲਈ ਪਿਛਲੇ ਬਜ਼ਟ ਵਿੱਚ ਵੀ ਪੈਸੇ ਰੱਖੇ ਗਏ ਸਨ, ਇਸ ਵਾਰ ਵੀ ਬਜ਼ਟ ’ਚ ਪੈਸੇ ਰੱਖੇ ਗਏ ਹਨ। ਯਾਦਗਾਰ ਉਸਾਰਣ ਲਈ ਜ਼ਮੀਨ ਲਈ ਥਾਂ ਦੇਖ ਦੇ ਜਲਦੀ ਸਥਾਪਤ ਕਰ ਦਿੱਤਾ ਜਾਵੇਗਾ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਮੁੱਖ ਸੰਸਦੀ ਸਕੱਤਰ ਸ. ਬਲਵੀਰ ਸਿੰਘ ਘੁੰਨਸ, ਮੁੱਖ ਸੰਸਦੀ ਸਕੱਤਰ ਸ੍ਰੀ ਪ੍ਰਕਾਸ਼ ਚੰਦ ਗਰਗ, ਵਿਧਾਇਕ ਇਕਬਾਲ ਸਿੰਘ ਝੂੰਦਾਂ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਪ੍ਰਬੰਧਕੀ ਨਿਰਦੇਸ਼ਕ ਸ. ਗੁਰਬਚਨ ਸਿੰਘ ਬਚੀ, ਸਾਬਕਾ ਮੰਤਰੀ ਸ. ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਮੰਤਰੀ ਸ. ਗੋਬਿੰਦ ਸਿੰਘ ਕਾਂਝਲਾ, ਸ. ਰਜਿੰਦਰ ਸਿੰਘ ਕਾਂਝਲਾਂ, ਮਨਜਿੰਦਰ ਸਿੰਘ ਬਰਾੜ, ਜਤਿੰਦਰ ਕਾਲੜਾ ਸਕੱਤਰ ਭਾਜਪਾ ਪੰਜਾਬ, ਜੱਥੇਦਾਰ ਰਘਬੀਰ ਸਿੰਘ ਜਖੇਪਲ, ਸ. ਸੁਖਵੰਤ ਸਿੰਘ ਸਰਾਓ ਹਲਕਾ ਇੰਚਾਰਜ਼ ਲਹਿਰਾਗਾਗਾ ਨੇ ਸੰਬੋਧਨ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜੋਗੀ ਰਾਮ ਸਾਹਨੀ ਜ਼ਿਲ੍ਹਾ ਪ੍ਰਧਾਨ ਭਾਜਪਾ, ਸਰਜੀਵਨ ਜਿੰਦਲ, ਗੁਰਪ੍ਰੀਤ ਸਿੰਘ ਲਖਮੀਰਵਾਲਾ, ਗੁਰਚਰਨ ਸਿੰਘ ਚੰਨਾ, ਰਵਿੰਦਰ ਸਿੰਘ ਚੀਮਾ, ਸਤਿਗੁਰ ਸਿੰਘ ਨਮੌਲ, ਹਰਪ੍ਰੀਤ ਸਿੰਘ ਢੀਂਡਸਾ, ਸ. ਗੁਰਮੀਤ ਸਿੰਘ ਜੌਹਲ, ਰਾਮ ਪਾਲ ਸਿੰਘ ਬਹਿਣੀਵਾਲ, ਸਤਪਾਲ ਸਿੰਘ ਸਿੰਗਲਾ, ਡਿਪਟੀ ਕਮਿਸ਼ਨਰ ਸ. ਅਰਸ਼ਦੀਪ ਸਿੰਘ ਥਿੰਦ, ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ, ਐਸ.ਡੀ.ਐਮ. ੍ਰਸ੍ਰੀਮਤੀ ਪ੍ਰਨੀਤ ਸ਼ੇਰਗਿੱਲ, ਐਸ.ਪੀ.ਐਚ. ਸ੍ਰੀ ਨਰਿੰਦਰ ਕੌਸ਼ਲ, ਐਸ.ਪੀ.ਡੀ. ਸ. ਪਰਮਜੀਤ ਸਿੰਘ ਗੋਰਾਇਆ, ਡੀ.ਐਸ.ਪੀ. ਸੁਨਾਮ ਸ. ਸੁਖਦੇਵ ਸਿੰਘ ਵਿਰਕ ਅਤੇ ਹੋਰ ਵੱਡੀ ਗਿਣਤੀ ’ਚ ਅਕਾਲੀ ਭਾਜਪਾ ਆਗੂ ਅਤੇ ਅਧਿਕਾਰੀ ਸਾਹਿਬਾਨ ਮੌਜੂਦ ਸਨ।



