ਸਹਾਰਨਪੁਰ ਵਿਚ ਦੋ ਫਿਰਕਿਆਂ ਵਿਚਕਾਰ ਹੋਈਆਂ ਝੜਪਾਂ ਵਿਚ ਜਿਥੇ ਤਿੰਨ ਜਾਨਾਂ ਚਲੇ ਗਈਆਂ, ਉਥੇ ਵੱਡਾ ਮਾਲੀ ਨੁਕਸਾਨ ਵੀ ਹੋਇਆ। ਇਸ ਦੇ ਨਾਲ-ਨਾਲ ਦੋ ਫਿਰਕਿਆਂ ਵਿਚ ਜਿਸ ਤਰ੍ਹਾਂ ਕੜਵਾਹਟ ਪੈਦਾ ਹੋਈ ਹੈ ਅਤੇ ਵੱਡੀ ਤਰੇੜ ਪੈਦਾ ਹੋਈ ਹੈ, ਉਹ ਛੇਤੀ ਕੀਤਿਆਂ ਖ਼ਤਮ ਹੋਣ ਵਾਲੀ ਜਾਂ ਮਿਟਣ ਵਾਲੀ ਨਹੀਂ। ਉੱਤਰ ਪ੍ਰਦੇਸ਼ ਵਿਚ ਅਕਸਰ ਫਿਰਕੂ ਦੰਗੇ ਹੁੰਦੇ ਹਨ, ਜਿਨ੍ਹਾਂ ਨਾਲ ਵੱਡਾ ਨੁਕਸਾਨ ਹੁੰਦਾ ਹੈ। ਚਾਹੇ ਭਾਰਤ ‘ਚ ਪਿਛਲੇ ਸਾਢੇ ਛੇ ਦਹਾਕਿਆਂ ਤੋਂ ਲੋਕਤੰਤਰੀ ਪ੍ਰਣਾਲੀ ਦਾ ਤਜਰਬਾ ਵੱਡੀ ਹੱਦ ਤੱਕ ਸਫ਼ਲ ਰਿਹਾ ਹੈ ਪਰ ਇਸੇ ਸਮੇਂ ਵਿਚ ਵੋਟ ਦੀ ਰਾਜਨੀਤੀ ਦੇ ਨਾਂਹ-ਪੱਖੀ ਅਸਰ ਵੀ ਸਾਹਮਣੇ ਆਏ ਹਨ। ਚਾਹੀਦਾ ਤਾਂ ਇਹ ਸੀ ਕਿ ਇਸ ਸਮੇਂ ਦੌਰਾਨ ਜਾਤੀਵਾਦ ਅਤੇ ਫਿਰਕੂਵਾਦ ਘੱਟ ਹੁੰਦਾ ਪਰ ਇਸ ਦੀ ਬਜਾਏ ਇਹ ਰੁਝਾਨ ਹੋਰ ਵੀ ਵਧੇ ਨਜ਼ਰ ਆਉਂਦੇ ਹਨ। ਅਜਿਹੀ ਸੂਰਤ ਵਿਚ ਜਿਥੇ ਸਮੁੱਚੇ ਸਮਾਜ ਨੂੰ ਬੇਹੱਦ ਸੁਚੇਤ ਹੋਣ ਦੀ ਜ਼ਰੂਰਤ ਹੈ, ਉਥੇ ਸਰਕਾਰਾਂ ਨੂੰ ਵੀ ਇਸ ਪੱਖੋਂ ਵੱਡੀ ਚੌਕਸੀ ਵਰਤਣੀ ਚਾਹੀਦੀ ਹੈ। ਅਜਿਹਾ ਕੁਝ ਵਾਪਰਨ ਤੋਂ ਰੋਕਣ ਲਈ ਹਾਲੇ ਤੱਕ ਕੋਈ ਪ੍ਰਭਾਵਸ਼ਾਲੀ ਤਰੀਕੇ ਨਹੀਂ ਲੱਭੇ ਜਾ ਸਕੇ ਪਰ ਕਾਨੂੰਨ ਦੇ ਸ਼ਾਸਨ ਨੂੰ ਲਾਗੂ ਕਰਨ ਦੀ ਜ਼ਰੂਰਤ ਬੇਹੱਦ ਮਹਿਸੂਸ ਹੁੰਦੀ ਹੈ। ਹਰ ਘਟਨਾ ਨੂੰ ਤੱਥਾਂ ਦੀ ਹਕੀਕਤ ਦੇ ਆਧਾਰ ‘ਤੇ ਲਿਆ ਜਾਣਾ ਚਾਹੀਦਾ ਹੈ। ਪਰ ਇਸ ਗੱਲ ਵਿਚ ਅਨੇਕਾਂ ਕਾਰਨਾਂ ਕਰਕੇ ਸਥਾਨਕ ਪ੍ਰਸ਼ਾਸਨ ਅਤੇ ਪ੍ਰਾਂਤਕ ਸਰਕਾਰਾਂ ਆਪਣੇ ਫ਼ਰਜ਼ਾਂ ਦੀ ਪਾਲਣਾ ਕਰਨ ਤੋਂ ਅਸਮਰੱਥ ਰਹਿੰਦੀਆਂ ਹਨ। ਜੇਕਰ ਦੰਗਾ-ਫਸਾਦ ਕਰਨ ਵਾਲੇ ਦੋਸ਼ੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਕਾਨੂੰਨ ਦੇ ਕਟਹਿਰੇ ‘ਚ ਖੜ੍ਹੇ ਕਰਕੇ ਸਖ਼ਤ ਸਜ਼ਾਵਾਂ ਦੇ ਭਾਗੀ ਬਣਾਇਆ ਜਾਵੇ ਤਾਂ ਹਾਲਾਤ ਵਿਚ ਫ਼ਰਕ ਪੈ ਸਕਦਾ ਹੈ ਪਰ ਸਰਕਾਰੀ ਕਾਰਗੁਜ਼ਾਰੀ ਵਿਚ ਅਕਸਰ ਅਜਿਹੇ ਅਮਲਾਂ ਦੀ ਘਾਟ ਨਜ਼ਰ ਆਉਂਦੀ ਹੈ। ਪਿਛਲੇ ਲੰਮੇ ਸਮੇਂ ਤੋਂ ਉੱਤਰ ਪ੍ਰਦੇਸ਼ ਸਰਕਾਰ ਦੀ ਇਸ ਪੱਖੋਂ ਆਲੋਚਨਾ ਹੁੰਦੀ ਰਹੀ ਹੈ। ਇਹ ਅਫ਼ਸੋਸ ਦੀ ਗੱਲ ਹੈ ਕਿ ਦੇਸ਼ ਦੇ ਸਭ ਤੋਂ ਵੱਡੇ ਸੂਬੇ ਵਿਚ ਪਿਛਲੇ 15 ਸਾਲਾਂ ਤੋਂ ਜੋ
ਸਰਕਾਰਾਂ ਬਣੀਆਂ ਹਨ, ਉਹ ਆਪਣੇ ਫ਼ਰਜ਼ ਪੂਰੀ ਤਰ੍ਹਾਂ ਨਿਭਾਉਣ ਤੋਂ ਅਸਮਰੱਥ ਰਹੀਆਂ ਹਨ। ਪਹਿਲਾਂ ਜਾਤੀਵਾਦ ਨੂੰ ਵੱਧ ਤੋਂ ਵੱਧ ਵਧਾਉਣ ਵਿਚ ਯੋਗਦਾਨ ਪਾਇਆ ਗਿਆ, ਇਥੋਂ ਤੱਕ ਕਿ ਵੱਡੀ ਪੱਧਰ ‘ਤੇ ਜਾਤੀ ਆਧਾਰਿਤ ਵੋਟ ਬੈਂਕਾਂ ਦੀ ਪੁਸ਼ਤਪਨਾਹੀ ਕੀਤੀ ਗਈ। ਹੁਕਮਰਾਨ ਅਮਨ-ਕਾਨੂੰਨ ਦੇ ਮੁਹਾਜ਼ ‘ਤੇ ਬੁਰੀ ਤਰ੍ਹਾਂ ਅਸਫ਼ਲ ਹੋਏ ਅਤੇ ਵੱਖ-ਵੱਖ ਫਿਰਕਿਆਂ ਵਿਚ ਪੈਦਾ ਹੋਈ ਨਫ਼ਰਤ ਨੂੰ ਵੀ ਘਟਾਉਣ ਵਿਚ ਅਸਮਰੱਥ ਰਹੇ। ਅੱਜ ਜਦੋਂ ਕਿ ਦੁਨੀਆ ਭਰ ਵਿਚ ਹਰ ਪੱਖੋਂ ਵਿਕਾਸ ਦੀ ਗਤੀ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ, ਉਥੇ ਭਾਰਤ ਵਰਗੇ ਦੇਸ਼ ਵਿਚ ਫਿਰਕੂ ਮੁਹਾਜ਼ ‘ਤੇ ਲੜਾਈਆਂ ਵਧਦੀਆਂ ਨਜ਼ਰ ਆ ਰਹੀਆਂ ਹਨ। ਇਹ ਅਕਸਰ ਦੇਖਿਆ ਗਿਆ ਹੈ ਕਿ ਜਿਹੜੇ ਲੋਕ ਸਿੱਖਿਆ ਪੱਖੋਂ ਪਿਛੜੇ ਹੋਏ ਹੁੰਦੇ ਹਨ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਹੁੰਦੇ ਹਨ, ਉਨ੍ਹਾਂ ਨੂੰ ਅਜਿਹੇ ਝਗੜਿਆਂ ਲਈ ਭਾਵੁਕ ਤੌਰ ‘ਤੇ ਅਸਾਨੀ ਨਾਲ ਭੜਕਾ ਦਿੱਤਾ ਜਾਂਦਾ ਹੈ।ਇਹ ਵੱਡੀ ਚਿੰਤਾ ਵਾਲੀ ਗੱਲ ਹੈ ਕਿ ਸਮਾਜ ਵਿਚ ਵਧਦੇ ਅਜਿਹੇ ਪਾੜੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਬੇਹੱਦ ਘਾਤਕ ਸਾਬਤ ਹੋ ਸਕਦੇ ਹਨ। ਅਜਿਹੇ ਮਾਹੌਲ ਵਿਚ ਚੰਗੇ ਜੀਵਨ ਦੀ ਸਿਰਜਣਾ ਦਾ ਕਿਆਸ ਕੀਤਾ ਜਾਣਾ ਮੁਸ਼ਕਿਲ ਹੈ। ਇਸੇ ਲਈ ਅੱਜ ਵੱਡੀ ਜ਼ਰੂਰਤ ਨਿਰਪੱਖ ਅਤੇ ਪ੍ਰਤੀਬੱਧ ਆਗੂਆਂ ਦੀ ਜਾਪਦੀ ਹੈ, ਜੋ ਇਸ ਵਿਗੜੀ ਵਿਵਸਥਾ ਨੂੰ ਸੁਧਾਰਨ ਵਿਚ ਸਹਾਈ ਹੋਣ। ਚਾਹੇ ਅਜਿਹੇ ਹਾਲਾਤ ਸਮੁੱਚੇ ਦੇਸ਼ ਵਿਚ ਬਣੇ ਨਜ਼ਰ ਆਉਂਦੇ ਹਨ ਪਰ ਉੱਤਰ ਪ੍ਰਦੇਸ਼ ਦੀ ਅਖਿਲੇਸ਼ ਯਾਦਵ ਦੀ ਸਰਕਾਰ ਲਈ ਇਹ ਹੁਣ ਵੱਡੀ ਚੁਣੌਤੀ ਬਣ ਕੇ ਉੱਭਰੇ ਹਨ, ਜਿਨ੍ਹਾਂ ਨਾਲ ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਣ ਦੀ ਜ਼ਰੂਰਤ ਹੈ। ਅਖਿਲੇਸ਼ ਪੜ੍ਹਿਆ-ਲਿਖਿਆ ਨੌਜਵਾਨ ਸਿਆਸੀ ਆਗੂ ਹੈ ਪਰ ਉਸ ਦੇ ਹੁਣ ਤੱਕ ਦੇ ਕਾਰਜਕਾਲ ਨੇ ਤਾਂ ਨਿਰਾਸ਼ਾ ਹੀ ਪੈਦਾ ਕੀਤੀ ਹੈ। ਆਉਂਦੇ ਸਮੇਂ ਵਿਚ ਉਸ ਤੋਂ ਇਹ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਇਨ੍ਹਾਂ ਵੱਡੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੋਵੇ, ਤਾਂ ਜੋ ਉੱਤਰ ਪ੍ਰਦੇਸ਼ ਵਿਚ ਫੈਲ ਰਹੀ ਫਿਰਕੂ ਅੱਗ ਦੂਜੇ ਪ੍ਰਾਂਤਾਂ ਨੂੰ ਪ੍ਰਭਾਵਿਤ ਨਾ ਕਰ ਸਕੇ। (ਸੰਪਾਦਕੀ ਰੋਜ਼ਾਨਾ ਅਜੀਤ ਜਲੰਧਰ 30 ਜੁਲਾਈ 2014)



