ਬਰਮਿੰਘਮ, 27 ਜੁਲਾਈ (ਪੀ. ਟੀ)- ਸਿੱਖ ਕੌਮ ਅੱਜ ਬੜੇ ਹੀ ਨਿਰਾਸ਼ਾ ਭਰੇ ਸਮੇਂ ਚੋਂ ਗੁਜਰ ਰਹੀ ਹੈ, ਇਹਨਾਂ ਹਲਾਤਾਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਭੁਮਿਕਾ ਬਹੁਤ ਅਹਿਮ ਹੋਣੀ ਚਾਹੀਦੀ ਸੀ, ਪਰ ਮੌਜੂਦਾ ਜਥੇਦਾਰ ਸਾਹਿਬਾਨ ਨੇ ਕੁੱਝ ਅਜਿਹੇ ਹੁਕਮਨਾਮੇ ਜੋ ਸਿੱਧੇ ਤੌਰ ਤੇ ਪੰਜਾਬ ਦੀ ਮੌਜੂਦਾ ਸਰਕਾਰ ਦਾ ਪੱਖ ਪੂਰਦੇ ਨੇ ਜਾਰੀ ਕਰਕੇ ਸਿੱਖੀ ਸਿਧਾਂਤਾਂ ਨੂੰ ਢਾਹ ਲਾਈ ਹੈ। ਜਿਸ ਕਰਕੇ ਸਿੱਖਾਂ ਦਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮਿਆਂ ਪ੍ਰਤੀ ਸਤਿਕਾਰ ਘੱਟ ਹੋ ਰਿਹਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਸ੍ਰ. ਮਲਕੀਤ ਸਿੰਘ ਤੇਹਿੰਗ, ਪ੍ਰਧਾਨ ਗੁਰੂ ਨਾਨਕ ਗੁਰਦੁਆਰਾ ਸਮੈਦਿਕ (ਯੂ.ਕੇ.) ਨੇ ਕੀਤਾ।ਉਨ੍ਹਾ ਕਿਹਾ ਕਿ ਹਰਿਆਣਾ ਕਮੇਟੀ ਬਾਰੇ ਵਿਵਾਦ ਪਿੱਛੇ ਰਾਜਸੀ ਖਹਿਬਾਜ਼ੀ ਹੈ। ਇਸ ਦਾ ਸਿੱਧਾ ਨੁਕਸਾਨ
ਸਿੱਖਾਂ ਨੂੰ ਹੋ ਰਿਹਾ ਹੈ। ਅੱਜ ਸਿੱਖਾਂ ਵਿੱਚ ਖਾਨਾ-ਜੰਗੀ ਦੇ ਹਾਲਾਤ ਬਣਾ ਦਿੱਤੇ ਗਏ ਹਨ, ਜਿਸ ਦੇ ਹੱਲ ਲਈ ਤਖ਼ਤਾਂ ਦੇ ਜਥੇਦਾਰਾਂ ਨੂੰ ਅੱਗੇ ਆਉਣਾ ਚਾਹੀਦਾ ਸੀ, ਪਰ ਅਫਸੋਸ ਕਿ ਜਥੇਦਾਰਾਂ ਵੱਲੋਂ ਰਾਜਸੀ ਪ੍ਰਭਾਵ ਕਬੂਲ ਕੇ ਇਕਤਰਫ਼ਾ ਫੈਸਲੇ ਕੀਤੇ ਜਾ ਰਹੇ ਹਨ। ਹਰਿਆਣੇ ਦੇ ਸਿੱਖਾਂ ਨੂੰ ਪੰਥ ਵਿੱਚੋਂ ਛੇਕਣਾ ਗ਼ਲਤ ਫੈਸਲਾ ਹੈ, ਜੋ ਕਾਹਲੀ ਵਿੱਚ ਲਿਆ ਗਿਆ ਹੈ।
ਉਨ੍ਹਾ ਨੇ ਪੰਥਕ ਸਮੇਲਨ ਕਰਨ ਤੇ ਪਬੰਦੀ ਲਗਾਉਣ ਦੇ ਫੈਸਲੇ ਦਾ ਸਵਾਗਤ ਕੀਤਾ ।
ਉਨ੍ਹਾ ਆਖਿਆ ਕਿ ਜਥੇਦਾਰ ਸਾਹਿਬਾਨ ਨੂੰ ਸ਼੍ਰੀ ਅਕਾਲ ਤਖਤ ਸਾਹਿਬਾਨ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਾਤਲਾਂ ਨੂੰ ਸਜਾ ਦਿਵਾਉਣ ਲਈ ਬਣਦੀ ਭੁਮਿਕਾ ਨਿਭਾਉਣੀ ਚਾਹੀਦੀ ਸੀ , ਮੌਜੂਦਾ ਅਕਾਲੀ ਸਰਕਾਰ ਤੇ ਦਬਾਅ ਬਣਾਇਆ ਜਾ ਸਕਦਾ ਸੀ , ਪਰ ਜਥੇਦਾਰ ਸਾਹਿਬ ਇਸ ਮੁੱਦੇ ਤੇ ਚੁੱਪ ਹਨ।
ਯਾਦ ਰਹੇ ਕਿ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਜਗਰਾਉਂ ਪੁਲਿਸ ਨੇ ਅਗਵਾ ਕਰਕੇ, ਭਾਰੀ ਤਸ਼ਦਦ ਤੋਂ ਬਾਅਦ ਇੱਕ ਫਰਜ਼ੀ ਕਹਾਣੀ ਘੜਕੇ ਸਦਾ ਲਈ “ਗਾਇਬ“ ਕਰ ਦਿਤਾ ਸੀ। ਭਾਈ ਗੁਰਬਖਸ਼ ਸਿੰਘ ਨੇ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਮਰਨਵਰਤ ਆਰੰਭ ਕੀਤਾ ਸੀ ਜੋ 43 ਵੇਂ ਦਿਨ ਜਥੇਦਾਰ ਅਕਾਲ ਤਖਤ ਸਾਹਿਬ ਸੰਤ ਸਮਾਜ ਅਤੇ ਸੰਘਰਸ਼ ਕਮੇਟੀ ਨੇ ਸਰਕਾਰ ਅਤੇ ਖਾਸ ਕਰਕੇ ਜਥੇਦਾਰ ਅਕਾਲ ਤਖਤ ਸਾਹਿਬ ਨਾਲ ਹੋਏ ਅਹਿਦ ਮੁਤਾਬਿਕ ਭਰੋਸਾ ਦੇ ਕੇ ਮਰਨ ਵਰਤ ਖੁਲਵਾ ਦਿੱਤਾ ਸੀ ਕੇ ਪੈਰੋਲ ਤੇ ਆਏ 4 ਸਿੱਖ ਬੰਦੀ ਦੁਬਾਰਾ ਜ਼ੇਲ ਵਿਚ ਨਹੀ ਜਾਣਗੇ ਅਤੇ ਬਾਹਰਲੇ ਸੂਬਿਆਂ ਵਿਚਲੇ ਦੋਵੇਂ ਬੰਦੀ ਵੀ ਜਲਦੀ ਰਿਹਾ ਹੋ ਜਾਣਗੇ।ਪਰ ਉਨ੍ਹਾਂ ਦੋਹਾਂ ਦੀ ਰਿਹਾਈ ਹੋਣੀ ਦੂਰ ਦੀ ਗੱਲ ਰਹੀ ਸਗੋਂ ਪੈਰੋਲ ਤੇ ਆਏ ਚਾਰੇ ਸਿੱਖ ਵੀਰ ਵੀ 22 ਜਨਵਰੀ ਤੋਂ ਵਾਰੀ-ਵਾਰੀ ਵਾਪਿਸ ਜ਼ੇਲ ਚਲੇ ਗਏ ।
ਇਸ ਨਾਲ ਵੀ ਸਿੱਖਾਂ ਦਾ ਅਕਾਲ ਤਖਤ ਦੇ ਜਥੇਦਾਰ ਪ੍ਰਤੀ ਭਰੋਸਾ ਟੁੱਟਿਆ ਹੈ ਕਿਉਕਿ ਸਿਰਫ ਪੰਜਾਬ ਨਹੀ ਸਗੋਂ ਵਿਸ਼ਵ ਪੱਧਰ ਤੇ ਇਨ੍ਹਾਂ ਬੰਦੀਆਂ ਦੀ ਸਜ਼ਾ ਪੂਰੀ ਹੋਣ ਉਪਰੰਤ ਗੈਰ ਇਖਲਾਕੀ ਨਜ਼ਰਬੰਦੀ ਨੂੰ ਲੈ ਕੇ ਸਿੱਖ ਭਾਈਚਾਰਾ ਹੀ ਨਹੀਂ ਸਗੋ ਮਨੁੱਖੀ ਅਧਿਕਾਰ ਜਥੇਬੰਦੀਆਂ ਅਤੇ ਇੰਨਸਾਫ ਪਸੰਦ ਲੋਕਾਂ ਨੇ ਇਨਾਂ ਬੰਦੀ ਸਿੰਘਾਂ ਦੀ ਰਿਹਾਈ ਅੰਦੋਲਨ ਵਾਸਤੇ ਅਪਣੀ ਹਮਾਇਤ ਦਿੱਤੀ ਸੀ।
ਇਸੇ ਤਰਾਂ ਬੀਤੇ ਸਮੇਂ ਦੌਰਾਨ ਗੁਰਦਾਸਪੁਰ ਵਿੱਚ ਸਹੀਦ ਭਾਈ ਜਸਪਾਲ ਸਿੰਘ ਦੇ ਕਤਲ ਦੇ ਦੋਸ਼ੀਆ ਨੂੰ ਅੱਜ ਤੱਕ ਸਜਾਵਾ ਦਿਵਾਉਣਾ ਤਾਂ ਬਹੁਤ ਦੂਰ ਰਿਹਾ ਸਗੋਂ ਦੋਸ਼ੀਆ ਦੀ ਗ੍ਰਿਫਤਾਰੀ ਨੂੰ ਵੀ ਜਥੇਦਾਰ ਯਕੀਨੀ ਨਹੀਂ ਬਣਾ ਸਕੇ ਜਦੋਂ ਕਿ ਜਥੇਦਾਰ ਨੇ ਭਾਈ ਜਸਪਾਲ ਸਿੰਘ ਦੇ ਭੋਗ ਸਮਾਗਮ ਸਮੇਂ ਐਲਾਨ ਕੀਤਾ ਸੀ ਕਿ ਦੋਸ਼ੀਆ ਨੂੰ ਸਖਤ ਸਜਾਵਾਂ ਦਿਵਾਈਆਂ ਜਾਣਗੀਆਂ ਅਤੇ ਜਸਪਾਲ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈ ਜਾਵੇਗੀ ਪਰ ਦੋਹਾਂ ਕੰਮਾਂ ਵਿੱਚੋਂ ਇੱਕ ਵੀ ਕੰਮ ਨੇਪਰੇ ਨਹੀਂ ਚੜਿਆ।ਉਨ੍ਹਾਂ ਨੇ ਗੁਰਦੁਆਰਾ ਸਿੰਘ ਸਭਾ ਥਾਣਾ ਕੁਤਬਸ਼ੇਰ ਏਰੀਆ ਸਹਾਰਨਪੁਰ ਉੱਪਰ ਸ਼ਰਾਰਤੀ ਅਨਸਰਾਂ ਵੱਲੋਂ ਕੀਤੇ ਪਥਰਾਵ ਅਤੇ ਸਿੱਖ ਭਾਈਚਾਰੇ ਦੀਆਂ ਦੁਕਾਨਾਂ ਨੂੰ ਅੱਗ ਲਗਾ ਕੇ ਮਾਲੀ ਨੁਕਸਾਨ ਦੀ ਕਰੜੇ ਸ਼ਬਦਾਂ ‘ਚ ਨਿਖੇਧੀ ਕੀਤੀ ।


