ਕਰਫਿਊ ਜਾਰੀ- 38 ਗ੍ਰਿਫਤਾਰ
ਗ੍ਰਹਿ ਮੰਤਰੀ ਵੱਲੋਂ ਮੋਦੀ ਨਾਲ ਮੁਲਾਕਾਤ, ਡਰੋਨ ਕੈਮਰਾ ਰੱਖ ਰਿਹੈ ਨਜ਼ਰ
ਸਹਾਰਨਪੁਰ, 27 ਜੁਲਾਈ (ਪੀ. ਟੀ. ਲਾਇਵ)-ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸਹਾਰਨਪੁਰ ‘ਚ ਜ਼ਮੀਨ ਨੂੰ ਲੈ ਕੇ 2 ਫਿਰਕਿਆਂ ਵਿਚਾਲੇ ਹੋਈ ਹਿੰਸਾ ਦੇ ਮਾਮਲੇ ‘ਚ 38 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਦੋਂ ਕਿ 6 ਪੁਲਿਸ ਥਾਣਿਆਂ ਅਧੀਨ ਪੈਂਦੇ ਇਲਾਕਿਆਂ ‘ਚ ਕਰਫਿਊ ਅਜੇ ਜਾਰੀ ਹੈ। ਹਿੰਸਾਗ੍ਰਸਤ ਇਲਾਕੇ ‘ਚ ਤਣਾਅ ਬਰਕਰਾਰ ਹੈ ਪ੍ਰੰਤੂ ਸਥਿਤੀ ਨਿਯੰਤਰਣ ਹੇਠਾਂ ਹੈ। ਹਿੰਸਾ ਦੀ ਕੋਈ ਤਾਜ਼ਾ ਵਾਰਦਾਤ ਸਾਹਮਣੇ ਨਹੀਂ ਆਈ। ਸਥਿਤੀ ‘ਤੇ ਨਜ਼ਰ ਰੱਖਣ ਲਈ ਡਰੋਨ ਦੀ ਮਦਦ ਲਈ ਜਾ ਰਹੀ ਹੈ।30 ਤੱਕ ਬੰਦ ਰਹਿਣਗੇ ਸਕੂਲ ਤੇ ਕਾਲਜਹਿੰਸਾਗ੍ਰਸਤ ਇਲਾਕੇ ‘ਚ ਕਰਫਿਊ ਜਾਰੀ ਹੈ। ਰੈਪਿਡ ਐਕਸ਼ਨ ਫੋਰਸ ਦੀਆਂ 13 ਕੰਪਨੀਆਂ ਅਤੇ ਪੀ. ਐੱਸ. ਸੀ. ਅਤੇ ਸੀ. ਆਰ. ਪੀ. ਐੱਫ. ਨੂੰ ਤਾਇਨਾਤ ਕੀਤਾ ਗਿਆ ਹੈ। ਪ੍ਰਸ਼ਾਸਨ ਨੇ ਦੰਗਾਕਾਰੀਆਂ ਨੂੰ
ਦੇਖਦਿਆਂ ਹੀ ਗੋਲੀ ਮਾਰਨ ਦੇ ਆਦੇਸ਼ ਦਿੱਤੇ ਹਨ। ਤਣਾਅਪੂਰਨ ਸਥਿਤੀ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਸਕੂਲ ਅਤੇ ਕਾਲਜ 30 ਜੁਲਾਈ ਤੱਕ ਬੰਦ ਕਰ ਦਿੱਤੇ ਹਨ। ਸਹਾਰਨਪੁਰ ‘ਚ ਹੋਈ ਹਿੰਸਾ ‘ਚ 3 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ ਸਨ। ਹਿੰਸਾ ‘ਚ ਦਰਜਨਾਂ ਦੁਕਾਨਾਂ ਅਤੇ ਗੱਡੀਆਂ ਸਾੜ ਦਿੱਤੀਆਂ ਗਈਆਂ ਸਨ।
ਸਥਿਤੀ ਤਣਾਅਪੂਰਨ ਪ੍ਰੰਤੂ ਕਾਬੂ ਹੇਠ
ਐੱਸ. ਐੱਸ. ਪੀ. ਰਾਜੇਸ਼ ਕੁਮਾਰ ਪਾਂਡੇ ਨੇ ਦੱਸਿਆ ਕਿ ਸਥਿਤੀ ਨਿਯੰਤਰਣ ਹੇਠਾਂ ਹੈ। ਮਿੰਟ ਦਰ ਮਿੰਟ ਹਾਲਾਤ ਸੁਧਰ ਰਹੇ ਹਨ। ਸਹਾਰਨਪੁਰ ਦੀ ਜ਼ਿਲ੍ਹਾ ਮੈਜਿਸਟਰੇਟ ਸੰਧਿਆ ਤਿਵਾੜੀ ਨੇ ਦੱਸਿਆ ਕਿ ਇਲਾਕੇ ‘ਚ ਸਥਿਤੀ ਆਮ ਵਾਂਗ ਹੋ ਰਹੀ ਹੈ। ਹਿੰਸਾ ਦੀ ਕੋਈ ਤਾਜ਼ਾ ਵਾਰਦਾਤ ਸਾਹਮਣੇ ਨਹੀਂ ਆਈ। ਕੁਝ ਥਾਵਾਂ ‘ਤੇ ਮਾੜੀ ਮੋਟੀ ਅੱਗ ਲਾਉਣ ਦੀ ਘਟਨਾ ਦੀ ਸੂਚਨਾ ਮਿਲੀ ਹੈ। ਸ਼ਾਂਤੀ ਕਮੇਟੀ ਦੀ ਬੈਠਕ ਕਤੋਂ ਬਾਅਦ ਕਰਫਿਊ ਬਾਰੇ ਨਜ਼ਰਸਾਨੀ ਕੀਤੀ ਜਾਵੇਗੀ। ਸਥਿਤੀ ‘ਤੇ ਨਜ਼ਰ ਰੱਖਣ ਲਈ ਪ੍ਰਸ਼ਾਸਨ ਨੇ ਡਰੋਨ ਵੀ ਤਾਇਨਾਤ ਕੀਤੇ ਹਨ।
ਜ਼ਮੀਨ ਵਿਵਾਦ ਨੂੰ ਲੈ ਕੇ ਹੋਈ ਹਿੰਸਾ
ਸਹਾਰਨਪੁਰ ‘ਚ ਸਨਿੱਚਰਵਾਰ ਉਸ ਸਮੇਂ ਦੰਗਾ ਸ਼ੁਰੂ ਹੋਇਆ ਜਦੋਂ ਮੁਸਲਮਾਨਾਂ ਨੂੰ ਸੂਚਨਾ ਮਿਲੀ ਕਿ ਕੁਤੁਬਸ਼ੇਰ ਇਲਾਕੇ ‘ਚ ਕਥਿਤ ਵਿਵਾਦਤ ਜ਼ਮੀਨ ‘ਤੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਉਸਾਰੀ ਸ਼ੁਰੂ ਕਰ ਦਿੱਤੀ ਹੈ। ਮੁਸਲਮਾਨਾਂ ਨੇ ਇਸ ਦਾ ਵਿਰੋਧ ਕੀਤਾ। ਉਹ ਗੁਰਦੁਆਰਾ ਸਾਹਿਬ ਦੇ ਬਾਹਰ ਇਕੱਠੇ ਹੋ ਗਏ ਅਤੇ ਪਥਰਾਅ ਸ਼ੁਰੂ ਕਰ ਦਿੱਤਾ। ਇਸ ਦੇ ਬਾਅਦ ਦੋਵਾਂ ਫਿਰਕਿਆਂ ਵਿਚਾਲੇ ਹਿੰਸਕ ਝੜਪ ਸ਼ੁਰੂ ਹੋ ਗਈ। ਜ਼ਮੀਨ ਨੂੰ ਲੈ ਕੇ ਵਿਵਾਦ 4 ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਇਲਾਕੇ ਦੇ ਸਿੱਖ ਇਥੇ ਗੁਰਦੁਆਰਾ ਸਾਹਿਬ ਬਣਾਉਣਾ ਚਾਹੁੰਦੇ ਸਨ। ਇਲਾਕੇ ‘ਚ 200 ਮੀਟਰ ਦੂਰ ਰਹਿਣ ਵਾਲੇ ਮੁਸਲਮਾਨਾਂ ਦਾ ਕਹਿਣਾ ਹੈ ਕਿ ਇਸ ਥਾਂ ਦੇ ਕੋਲ ਪਿਛਲੇ 10 ਸਾਲਾਂ ਤੋਂ ਮਸਜਿਦ ਬਣੀ ਹੋਈ ਹੈ। ਮਾਮਲਾ ਅਦਾਲਤ ‘ਚ ਪਹੁੰਚ ਗਿਆ ਅਤੇ ਫ਼ੈਸਲਾ ਸਿੱਖਾਂ ਦੇ ਹੱਕ ‘ਚ ਹੋ ਗਿਆ।
ਮ੍ਰਿਤਕਾਂ ਦੇ ਆਸ਼ਰਿਤਾਂ ਨੂੰ ਮਿਲੇਗਾ 10-10 ਲੱਖ ਦਾ ਮੁਆਵਜ਼ਾ
ਯੂ. ਪੀ. ਸਰਕਾਰ ਨੇ ਹਿੰਸਾ ‘ਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ 10-10 ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ 5-5 ਹਜ਼ਾਰ ਦੀ ਮਦਦ ਦਿੱਤੀ ਜਾਵੇਗੀ। ਸਰਕਾਰ ਨੇ ਹਿੰਸਾ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਰਿਪੋਰਟ ਮੰਗੀ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਯੂ. ਪੀ. ਸਰਕਾਰ ਨੂੰ ਕਾਨੂੰਨ ਵਿਵਸਥਾ ਬਹਾਲ ਕਰਨ ਲਈ ਕਿਹਾ ਹੈ। ਯੂ. ਪੀ. ਦੇ ਖੁਫੀਆ ਸੂਤਰਾਂ ਅਨੁਸਾਰ ਸਥਾਨਿਕ ਅਥਾਰਟੀਆਂ ਨੂੰ ਸ਼ਹਿਰ ‘ਚ ਹਿੰਸਾ ਦੀ ਸੰਭਾਵਨਾ ਦੇ ਬਾਰੇ ਪਤਾ ਸੀ। ਇਸ ਦੇ ਬਾਵਜੂਦ ਪੁਲਿਸ ਨੂੰ ਮਜ਼ਬੂਤ ਕਰਨ ਦੇ ਲਈ ਵਾਧੂ ਸੁਰੱਖਿਆ ਦਸਤੇ ਤਾਇਨਾਤ ਨਹੀਂ ਸਨ ਕੀਤੇ ਗਏ।
ਭਾਜਪਾ ਨੇ ਸਪਾ ਸਰਕਾਰ ‘ਤੇ ਲਗਾਇਆ ਹਿੰਸਾ ਨੂੰ ਬੜ੍ਹਾਵਾ ਦੇਣ ਦਾ ਦੋਸ਼
ਭਾਜਪਾ ਨੇ ਯੂ. ਪੀ. ਸਰਕਾਰ ‘ਤੇ ਰਾਜਨੀਤਕ ਲਾਭ ਉਠਾਉਣ ਲਈ ਹਿੰਸਾ ਨੂੰ ਬੜਾਵਾ ਦੇਣ ਦਾ ਦੋਸ਼ ਲਗਾਇਆ ਹੈ। ਸਹਾਰਨਪੁਰ ਦੇ ਦੰਗਿਆਂ ‘ਤੇ ਭਾਜਪਾ ਆਗੂ ਸ਼ਾਹਨਵਾਜ਼ ਹੁਸੈਨ ਨੇ ਕਿਹਾ ਕਿ ਯੂ. ਪੀ. ‘ਚ ਸੱਤਾਧਾਰੀ ਲੋਕ ਫਿਰਕੂ ਤਣਾਅ ਚਾਹੁੰਦੇ ਹਨ ਤਾਂ ਕਿ ਵੋਟ ਬੈਂਕ ਦੀ ਰਾਜਨੀਤੀ ਕਰ ਸਕਣ। ਅਖਿਲੇਸ਼ ਯਾਦਵ ਦੀ ਸਰਕਾਰ ਸਾਰੇ ਮੋਰਚਿਆਂ ‘ਤੇ ਅਸਫ਼ਲ ਹੈ। ਹੁਸੈਨ ਨੇ ਕਿਹਾ ਅਖਿਲੇਸ਼ ਚੰਗੀ ਸਰਕਾਰ ਦੇਣ ‘ਚ ਅਸਫ਼ਲ ਰਹੇ ਹਨ। ਉਨ੍ਹਾਂ ਨੂੰ ਸੂਬੇ ‘ਚ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣਾ ਚਾਹੀਦਾ ਹੈ। ਹਰ ਚੀਜ਼ ਲਈ ਭਾਜਪਾ ਨੂੰ ਦੋਸ਼ੀ ਠਹਿਰਾਉਣਾ ਸਪਾ ਦੀ ਆਦਤ ਹੋ ਗਈ ਹੈ।
ਕਾਂਗਰਸ ਨੇ ਕਿਹਾ ਯੂ. ਪੀ. ਨੂੰ ਟੁਕੜਿਆਂ ‘ਚ ਵੰਡਣ ਦਾ ਸਹੀ ਵਕਤ
ਕਾਂਗਰਸ ਨੇ ਵੀ ਦੰਗਿਆਂ ਦੇ ਲਈ ਯੂ. ਪੀ. ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਕਾਂਗਰਸ ਨੇ ਮੰਗ ਕੀਤੀ ਹੈ ਕਿ ਸੂਬੇ ਨੂੰ ਛੋਟੇ ਹਿੱਸਿਆਂ ‘ਚ ਵੰਡ ਦਿੱਤਾ ਜਾਵੇ। ਕਾਂਗਰਸ ਆਗੂ ਰਾਸ਼ਿਦ ਅਲਵੀ ਨੇ ਕਿਹਾ ਕਿ ਯੂ. ਪੀ. ਨੂੰ ਹਿੱਸਿਆਂ ‘ਚ ਵੰਡ ਦੇਣਾ ਚਾਹੀਦਾ ਹੈ। ਇਸ ਦੇ ਲਈ ਇਹੋ ਸਹੀ ਵਕਤ ਹੈ। ਕਾਂਗਰਸ ਨੇ ਜ਼ਿਲ੍ਹਾ ਪ੍ਰਸ਼ਾਸਨ ‘ਤੇ ਹਿੰਸਕ ਝੜਪ ਰੋਕਣ ‘ਚ ਅਸਫਲ ਰਹਿਣ ਦਾ ਵੀ ਦੋਸ਼ ਲਗਾਇਆ ਹੈ। ਸਮਾਜਵਾਦੀ ਪਾਰਟੀ ਦੇ ਆਗੂ ਰਾਜਿੰਦਰ ਚੌਧਰੀ ਨੇ ਕਿਹਾ ਕਿ ਯੂ. ਪੀ. ‘ਚ ਫਿਰਕੂ ਹਿੰਸਾ ਅਤੇ ਅਸਮਾਜਿਕ ਤੱਤਾਂ ਦੀ ਕੋਈ ਜਗ੍ਹਾ ਨਹੀਂ ਹੈ। ਜੇਕਰ ਵਿਰੋਧੀ ਦਲਾਂ ਨੇ ਇਸ ਦਾ ਰਾਜਨੀਤੀਕਰਨ ਦੀ ਕੋਸ਼ਿਸ਼ ਕੀਤੀ ਤਾਂ ਕਾਨੂੰਨ ਆਪਣਾ ਕੰਮ ਕਰੇਗਾ।ਸੁਰੱਖਿਆ ‘ਤ ਚੌਕਸ ਨਜ਼ਰ ਰੱਖਣ ਲਈ ਡਰੋਨ ਕੈਮਰੇ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।
ਗ੍ਰਹਿ ਮੰਤਰੀ ਵੱਲੋਂ ਮੋਦੀ ਨਾਲ ਮੁਲਾਕਾਤ
ਨਵੀਂ ਦਿੱਲੀ- ਸਹਾਰਨਪੁਰ ‘ਚ ਹੋਈ ਹਿੰਸਾ ਤੋਂ ਬਾਅਦ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੂਰੀ ਘਟਨਾ ਤੋਂ ਜਾਣੂ ਕਰਵਾਇਆ। ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ‘ਚ ਚੱਲੀ 20 ਮਿੰਟ ਦੀ ਇਸ ਮੁਲਾਕਾਤ ‘ਚ ਪ੍ਰਧਾਨ ਮੰਤਰੀ ਨੇ ਸਹਾਰਨਪੁਰ ‘ਚ ਜਾਰੀ ਹਿੰਸਾ ‘ਤੇ ਕਾਬੂ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦਾ ਆਦੇਸ਼ ਦਿੱਤਾ। ਇਸ ਘਟਨਾ ਤੋਂ ਬਾਅਦ ਪੁਲਿਸ ਨੇ 38 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਦੂਜੇ ਪਾਸੇ ਰਾਜਨਾਥ ਸਿੰਘ ਨੇ ਰਾਜ ਸਰਕਾਰ ਨੂੰ ਪੂਰੀ ਤਰ੍ਹਾਂ ਮਦਦ ਦਾ ਭਰੋਸਾ ਦਿੱਤਾ ਹੈ। ਫਿਲਹਾਲ ਇਨ੍ਹਾਂ ਇਲਾਕਿਆਂ ‘ਚ 18 ਕੰਪਨੀਆਂ ਨੂੰ ਤੈਨਾਤ ਕੀਤਾ ਗਿਆ ਹੈ ਤੇ ਸੁਰੱਖਿਆ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ। ਮੇਰਠ ਜੋਨ ਦੇ ਆਈਜੀ ਨੇ ਵੀ ਕਿਹਾ ਕਿ ਕੱਲ੍ਹ ਤੋਂ ਕਿਸੇ ਤਰ੍ਹਾਂ ਦੀ ਘਟਨਾ ਨਹੀਂ ਹੋਈ। ਜੇਕਰ ਹਾਲਤ ਸ਼ਾਂਤੀਪੂਰਨ ਬਣੀ ਰਹੀ ਤਾਂ ਛੇਤੀ ਹੀ ਕਰਫਿਊ ਖ਼ਤਮ ਕਰ ਦਿੱਤੀ ਜਾਵੇਗਾ। ਅਸੀਂ ਸੁਰੱਖਿਆ ਦੇ ਪੁਖਤੇ ਇੰਤਜਾਮ ਕੀਤੇ ਹਨ।



