Skip to content
Independent perspectives. Global stories.
BREAKING

ਦੇਗ ਤੇਗ ਫਤਹਿ ਦੇ ਸੰਕਲਪ ਨੂੰ ਵੰਗਾਰ ਜੀ.ਐਮ.ਫਸਲਾਂ

Share this story

ਰਸ਼ਪਾਲ ਸਿੰਘ
ਸੰਪਰਕ : 9855440151
ਮਾਣਮੱਤੇ ਸੰਕਲਪ ਨੂੰ ਵਿਚਾਰਨ ਤੋਂ ਪਹਿਲਾਂ ਜੀ.ਐਮ. ਦਾ ਸ਼ਾਬਦਿਕ ਅਰਥ ਸਮਝ ਲੈਣਾ ਜ਼ਰੂਰੀ ਹੈ। ਉਹ ਫਸਲਾਂ ਜੋ ਜੀਨ ਪਰਿਵਰਤਿਤ ਅਤੇ ਗੈਰ-ਕੁਦਰਤੀ  ਵਰਤਾਰੇ ਕਾਰਣ ਹੋਂਦ ਵਿਚ ਆਈਆਂ ਹੋਣ।
ਧਰਮ ਇਕ ਕ੍ਰਾਂਤੀਕਾਰੀ ਸ਼ਕਤੀ ਹੈ।ਸਮਾਜਿਕ ਚੇਤੰਨਤਾ,ਆਰਥਿਕ ਤਬਦੀਲੀ ਅਤੇ ਬਹੁ-ਪੱਖੀ ਵਿਕਾਸ ਨੂੰ ਵੀ ਰੂਹਾਨੀਅਤ ਖੇੜੇ ਦਾ ਅੰਗ ਸਮਝਦਾ ਹੈ।ਧਰਮੀ ਮਨੁੱਖ ਸੰਸਾਰ ਦੀਆਂ ਸਮੱਸਿਆਵਾਂ ਦੇ ਸਨਮੁੱਖ ਜੂਝਦਾ ਹੈ ਅਤੇ ਪਰਉਪਕਾਰੀ ਕਾਰਜਾਂ ਲਈ ਤਤਪਰ ਰਹਿੰਦਾ ਹੈ। ਸਿੱਖ ਧਰਮ ਅੰਦਰ ‘ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ’ ਦਾ ਸਿਧਾਂਤ ਹੈ। ਦੁਸ਼ਟਾਂ ਦਾ ਨਾਸ਼ ਅਤੇ ਧਰਮ ਦਾ ਪ੍ਰਕਾਸ਼ ਕਰਨ ਦਾ ਆਦੇਸ਼ ਹੈ। ਕਿਸੇ ਵੀ ਪ੍ਰਕਾਰ ਦੇ ਸ਼ੋਸ਼ਣ ਦਾ ਡਟਵਾਂ ਵਿਰੋਧ ਹੈ। ਗੁਰੂੁ ਨਾਨਕ ਦੇਵ ਜੀ ਨੇ ਸਪੱਸ਼ਟ ਕਰ ਦਿੱਤਾ ਕਿ ਜੇ ਕੱਪੜੇ ਨੂੰ ਲਹੂ ਲੱਗ ਜਾਏ ਤਾਂ ਉਹ ਪਾਉਣ ਯੋਗ ਨਹੀਂ ਰਹਿੰਦਾ, ਇਸੇ ਤਰ੍ਹਾਂ ਜੋ ਲੋਕ ਛਲ-ਕਪਟ ਨਾਲ ਸਮਾਜ ਦਾ ਖੁੂਨ ਚੂਸਦੇ ਹਨ ਉਹਨਾਂ ਦੇ ਚਿਤ ਨਿਰਮਲ ਨਹੀਂ ਹੋ ਸਕਦੇ। ਇਸ ਦਾ ਭਾਵ ਕਿ ਮੈਲੇ ਚਿਤ ਵਾਲਿਆਂ ਤੋਂ ਸੁਰੱਖਿਅਤ ਰਹਿਣ ਦੀ ਲੋੜ ਹੈ। ਲੋਭੀ, ਲਾਲਚੀ ਤੇ ਲਾਲਸੀ ਮੈਲਾ- ਚਿੱਤ ਲੌਬੀ ਹੱਥੋਂ ਸੰਸਾਰ ਦੀ ਪਵਿੱਤਰਤਾ ਨੂੰ ਭੰਗ ਹੋਣ ਤੋਂ ਬਚਣਾ-ਬਚਾਉਣਾ ਇਕ ਧਰਮ ਕਰਮ ਹੈ।
ਇਸੇ ਕਰਕੇ ਸਿੱਖ ਧਰਮ ਅੰਦਰ ਦੇਗ ਤੇਗ ਫਤਹਿ ਦੇ ਸੰਕਲਪ ਨੂੰ ਰੋਜ਼ਾਨਾ ਅਰਦਾਸ ਵਿਚ ਦੁਹਰਾਇਆ ਹੀ ਨਹੀਂ ਜਾਂਦਾ ਬਲਕਿ ਅਮਲੀ ਜਾਮਾ ਵੀ ਪਹਿਨਾਇਆ ਜਾਂਦਾ ਹੈ।ਕੜਾਹ-ਪ੍ਰਛਾਦਿ ਅਤੇ ਗੁਰੂ ਕੇ ਲੰਗਰ ਤਿਆਰ ਕਰ, ਵਰਤਾਉਣ ਤੋਂ ਪਹਿਲਾਂ ਕ੍ਰਿਪਾਨ ਭੇਟ ਕੀਤੀ ਜਾਂਦੀ ਹੈ।ਬਾ-ਕਮਾਲ ਸਿਧਾਂਤ ਹੈ ਕਿ ਦੇਗ ਭਾਵ ਅੰਨ ਪਾਣੀ ਸਭ ਦੀ ਜ਼ਰੂਰਤ ਹੈ ਤੇ ਸਭ ਦਾ ਹੱਕ ਹੈ। ਇਹ ਹੱਕ ਸਭ ਨੂੰ ਮਿਲੇ। ਇਸ ਵਿਚ ਕੋਈ ਧੱਕੇ-ਸ਼ਾਹੀ ਅਤੇ ਹੇਰਾ-ਫੇਰੀ ਨਾ ਹੋਵੇ।ਸਭ ਦਾ ਆਤਮ-ਸਨਮਾਨ ਕਾਇਮ ਰਹੇ।ਇਸ ਲਈ ਦੇਗ ਨਾਲ ਤੇਗ ਦੀ ਫਤਹਿ ਵੀ ਮੰਗੀ ਗਈ ਹੈ।ਸਿੱਖ ਸਰਬੱਤ ਦੇ ਭਲੇ ਦੇ ਮਿਸ਼ਨ ਵਿਚ ਮਿਸ਼ਰਣ ਹੁੰਦਿਆਂ ਹਰ ਅਨਿਆਂ ਵਿਰੁੱਧ ਸੰਘਰਸ਼ ਕਰਦਾ ਹੈ।ਲੋਕ-ਰਾਜ ਹਮਾਇਤੀ ਸਮੂਹ ਦੀ ਸਰਬ-ਪੱਖੀ ਸੂਝ ਹੀ ਪੰਥ ਕੀ ਜੀਤ ਹੈ।ਹਲੇਮੀ ਰਾਜ ਹੀ ਸਿੱਖ ਧਰਮ ਅੰਦਰ ਸਵਰਗ ਹੈ।
ਸੰਸਾਰ ਸਮੇਂ-ਸਮੇਂ ਕਈ ਪ੍ਰਕਾਰ ਦੇ ਅੱਤਿਆਚਾਰ ਦਾ ਸ਼ਿਕਾਰ ਰਹਿੰਦਾ ਹੈ ਅਤੇ ਸੱਤਵਾਦੀ ਸੱਤਿਆਚਾਰ ਲਈ ਤਤਪਰ ਰਹਿੰਦੇ ਹਨ।ਨੈਤਿਕ ਸਦਾਚਾਰ ਤੇ ਸੱਭਿਆਚਾਰ ਦੇ ਵਾਰਸ ਸਦਾ ਸੁਚੇਤ ਰਹਿੰਦੇ ਹਨ।ਅੱਜ ਸਿੱਖ ਕੌਮ ਨੂੰ ਇਕ ਹੋਰ ਮਸਲੇ’ਤੇ ਸਾਵਧਾਨ ਹੋਣ ਦੀ ਲੋੜ ਹੈ।ਉਹ ਮਸਲਾ ਹੈ ਭੋਜਨ ਦੀ ਸੁਰੱਖਿਆ ਦਾ।ਪਿਛਲੇ ਕੁਝ ਵਰ੍ਹਿਆਂ ਤੋਂ ਖੁਰਾਕ ਸੁਰੱਖਿਆ ਦੇ ਨਾਮ’ਤੇ ਦੇਸ਼ ਅੰਦਰ ਹਰ ਹੀਲੇ ਜੀਨ ਪਰਿਵਰਤਿਤ (ਘੲਨੲਟਚਿੳਲਲੇ ੰੋਦਡਿਇਦ ) ਫਸਲਾਂ ਲਿਆਂਦੇ ਜਾਣ ਦੇ ਪੁਰਜ਼ੋਰ ਯਤਨ ਕੀਤੇ ਜਾ ਰਹੇ ਹਨ।ਜੀ.ਐਮ.ਫਸਲਾਂ/ਖੁਰਾਕ ਦੇ ਹੁਣ ਤੱਕ ਸਾਹਮਣੇ ਆਏ ਮਾਰੂ ਅਸਰਾਂ ਦੀ ਝਲਕ ਇਸ ਪ੍ਰਕਾਰ ਹੈ:

ਨਦੀਨ ਨਾਸ਼ਕ ਰੋਧੀ ਜੀ.ਐਮ.ਮੱਕੀ ਸਬੰਧੀ ਕੇਨ ਯੂਨੀਵਰਸਿਟੀ ਫਰਾਂਸ ਵਿਚ ਪ੍ਰੋਫੈਸਰ ਗਾਈਲ ਏਰਿਕ ਸੇਰਾਲਿਨੀ ਨੇ ਚੂਹਿਆਂ ਉੱਪਰ ਲਗਾਤਾਰ ਦੋ ਸਾਲ ਤਜ਼ਰਬਾ ਕੀਤਾ। ਜੀ.ਐਮ.ਮੱਕੀ ਸਭ ਚੂਹਿਆਂ ਖਾਸ ਕਰ ਮਾਦਾ ਚੂਹਿਆਂ ਲਈ ਬੇਹੱਦ ਘਾਤਕ ਸਿੱਧ ਹੋਈ। ਸਧਾਰਣ ਮੱਕੀ ਖਾਣ ਵਾਲੇ ਚੂਹਿਆਂ ਦੀ ਅਕਾਲ ਮੌਤ ਦਰ ਜਿੱਥੇ ਨਰ ਅਤੇ ਮਾਦਾ ਵਿਚ ਕ੍ਰਮਵਾਰ 30 ਅਤੇ 20 ਫੀਸਦੀ ਪਾਈ ਗਈ ਉੱਥੇ ਹੀ ਜੀ.ਐਮ.ਮੱਕੀ ਖਾਣ ਵਾਲੇ ਚੂਹਿਆਂ ਵਿਚ 50 ਅਤੇ 70 ਫੀਸਦੀ ਪਾਈ ਗਈ। ਕਈ ਚੂਹਿਆਂ ਵਿੱਚ ਟਿਊਮਰ ਦੇਰੀ ਨਾਲ ਵਿਕਸਿਤ ਹੋਏ ਅਤੇ ਵੱਡੇ ਸਤਨੀ ਟਿਊਮਰ ਹੋਣ ਦੇ ਨਾਲ-ਨਾਲ ਚੂਹਿਆਂ ਦੇ ਜਿਗਰ ਅਤੇ ਗੁਰਦਿਆਂ ਨੂੰ ਵੀ ਗੰਭੀਰ ਨੁਕਸਾਨ ਹੋਇਆ।
ਇਸੇ ਪ੍ਰਕਾਰ ਜ਼ਰਮਨ ਸਰਕਾਰ ਦੇ ਵਿਗਿਆਨੀਆਂ ਦੁਆਰਾ ਚੂਹਿਆਂ ਨੂੰ ਲਗਾਤਾਰ 2 ਸਾਲਾਂ ਤੱਕ ਜੀ.ਐਮ.ਮਟਰ ਖਵਾਉਣ ਉਪਰੰਤ ਇਹ ਪਾਇਆ ਗਿਆ  ਕਿ  ਚੂਹਿਆਂ ਦੀ ਸਮੁੱਚੀ ਚੌਥੀ ਪੀੜ੍ਹੀ ਲੂਲੀ-ਲੰਗੜੀ ਅਤੇ ਨਾਪੁੰਸਕ ਪੈਦਾ ਹੋਈ।
ਦੁਨੀਆਂ ਭਰ ਅੰਦਰ ਜੀ.ਐਮ.ਫਸਲਾਂ ’ਤੇ ਸਵਾਲੀਆ ਨਿਸ਼ਾਨ ਲਾਉਂਦੇ ਐਸੇ ਹੀ 450 ਤੋਂ ਵੱਧ ਵਿਗਿਆਨਿਕਿ ਅਧਿਐਨ ਪ੍ਰਕਾਸ਼ਿਤ ਹੋ ਚੁੱਕੇ ਹਨ।
ਭਾਰਤ ਦੇਸ਼ ਦੇ ਕੁਝ ਕੁ ਜ਼ਿੰਮੇਵਾਰ ਅਤੇ ਜਾਗਰੂਕ ਨਾਗਰਿਕਾਂ ਤੇ ਸੰਸਥਾਵਾਂ ਦੀ ਬਦੌਲਤ ਕੁਲੀਸ਼ਨ ਫਾਰ ਜੀ.ਐਮ.ਫ੍ਰੀ .ਇੰਡੀਆ ਦਾ ਜਨਮ ਹੋਇਆ। ਜਿਨ੍ਹਾਂ ਨੇ ਖੇਤੀ ਤੇ ਵਾਤਾਵਰਣ ਕਾਰਕੁੰਨ ਬੀਬੀ ਕਵਿਤਾ ਕੁਰੂਗੰਟੀ ਹੈਦਰਾਬਾਦ,ਖੇਤੀ ਚਿੰਤਕ ਤੇ ਪੱਤਰਕਾਰ ਦਵਿੰਦਰ ਸ਼ਰਮਾ,ਡਾ: ਜੀ.ਵੀ. ਰਾਮਾਨਜਿਯਾਲੂ ਮੁਖੀ ਟਿਕਾਊ ਖੇਤੀ ਕੇਂਦਰ ਆਦਿ ਦੀ ਯੋਗ ਅਗਵਾਈ ਵਿਚ ਬੀਟੀ ਬੈਂਗਣ ਦੀ ਆਮਦ ਖਿਲਾਫ ਲੋਕਾਂ ਨੂੰ ਲਾਮਬੰਦ ਕੀਤਾ।ਸੰਨ 2010 ਵਿਚ ਕੇਂਦਰੀ ਵਾਤਾਵਰਣ ਅਤੇ ਜੰਗਲਾਤ ਮੰਤਰੀ ਸ੍ਰੀ ਜੈ ਰਾਮ ਰਮੇਸ਼ ਤੱਕ ਬੜੀ ਸ਼ਿੱਦਤ ਨਾਲ ਆਵਾਜ਼ ਪਹੁੰਚਾਈ ਗਈ।ਮੰਤਰੀ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਪੁੱਜ ਕੇ 6 ਜਨ ਸੁਣਵਾਈਆਂ ਕੀਤੀਆਂ। ਪਾਬੰਦੀ ਆਇਦ ਕਰ ਦਿੱਤੀ ਕਿ ਜਦ ਤੱਕ ਬੀਟੀ ਬੈਂਗਣ ਹਰ ਪੱਖੋਂ ਸੁਰੱਖਿਅਤ ਸਿੱਧ ਨਹੀਂ ਹੋ ਜਾਂਦਾ,ਇਸ ਦੀ ਵਪਾਰਕ ਵਰਤੋਂ ਨਹੀਂ ਕੀਤੀ ਜਾ ਸਕਦੀ। ਮੰਤਰੀ ਨੇ ਸ਼ੱਕੀ ਭੂਮਿਕਾ ਵਾਲੀ ਜੈਨੇਟਿਕ ਇੰਜ਼ੀਨੀਅਰਿੰਗ  ਅਪਰੂਵਲ ਕਮੇਟੀ ਦਾ ਨਾਮ ਬਦਲ ਕੇ ਜੈਨੇਟਿਕ ਇੰਜ਼ੀਨੀਅਰਿੰਗ ਅਪਰੇਜ਼ਲ ਕਮੇਟੀ ਕਰ ਦਿੱਤਾ। ਦਾਅਖੋਰ ਘੁਸਪੈਠੀਏ ਜਾਂ ਕਾਰਪੋਰੇਟ ਘਰਾਣੇ ਬੜੇ ਤਿਲਮਲਾਏ। ਇਹਨਾਂ ਦਾ ਪ੍ਰਤੱਖ ਪ੍ਰਭਾਵ ਦੇਖਿਆ ਜਾ ਸਕਦਾ ਹੈ ਕਿ ਮੰਤਰੀ ਜੀ ਦੀ ਮੰਤਰਾਲੇ ਤੋਂ ਛੁੱਟੀ ਹੋ ਗਈ ਸੀ। ਇਸੇ ਗਾਡੀ ਰਾਹ ਚੱਲਣ ਵਾਲੀ ਮੰਤਰੀ ਜੈਯੰਤੀ ਨਟਰਾਜਨ ਨੂੰ ਵੀ ਸੱਚ ਨਾਲ ਖੜਨ ਦੀ ਕੀਮਤ ਤਾਰਨੀ ਪਈ।ਜੀ.ਐਮ.ਫਸਲਾਂ ਦੇ ਹਮਾਇਤੀ ਕੇਂਦਰੀ ਪੈਟਰੋਲੀਅਮ ਮੰਤਰੀ ਵੀਰੱਪਾ ਮੋਇਲੀ ਨੂੰ ਉਕਤ ਮੰਤਰੀਆਂ ਦੀ ਥਾਂ ਦੇ ਦਿੱਤੀ ਗਈ।ਬਹੁ-ਕੌਮੀ ਕੰਪਨੀਆਂ ਦੇ ਦਲਾਲ ਸ਼ਰਦ ਪਵਾਰ ਕੇਂਦਰੀ ਖੇਤੀਬਾੜੀ ਮੰਤਰੀ ਦੀ ਅਗਵਾਈ ਵਿਚ ਗੰਦੀ ਖੇਡ ਖੇਡੀ ਗਈ।21 ਮਾਰਚ 2014 ਨੂੰ ਮੀਟਿੰਗ ਬੁਲਾ ਕੇ ਲਗ-ਭਗ 254 ਜੀਨ ਪਰਿਵਰਤਿਤ ਫਸਲਾਂ ਦੇ ਖੁੱਲੇ ਟਰਾਇਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ।ਉਸ ਮੌਕੇ ਜਦੋਂ ਦੁਨੀਆ ਭਰ ਵਿਚ ਖੇਤੀ,ਸਿਹਤਾਂ,ਵਾਤਾਵਰਣ ਅਤੇ ਕਿਸਾਨੀ ਆਰਥਿਕਤਾ ਉੱਤੇ ਜੀ.ਐਮ. ਫਸਲਾਂ ਦੇ ਬੇਹੱਦ ਭਿਆਨਕ ਅਸਰਾਂ ਦੇ ਨਿਤ ਨਵੇਂ ਸਬੂਤ ਸਾਹਮਣੇ ਆ ਰਹੇ ਸਨ।ਸਿਆਣੇ ਸਮਝ ਸਕਦੇ ਹਨ ਕਿ ਕੇਂਦਰ ਸਰਕਾਰ ਨੂੰ ਇੰਨੀ ਕਾਹਲ ਕਿਸ ਗੱਲ ਦੀ ਪਈ ਹੋਈ ਸੀ।
ਏਥੇ ਪੰਜਾਬ ਨਾਲ ਇਕ ਗੱਲ ਕਰਕੇ ਅੱਗੇ ਤੁਰਨਾ ਹੈ।ਕਿ ਖੇਤੀ ਰਾਜ ਦਾ ਵਿਸ਼ਾ ਹੋਣ ਕਰਕੇ ਖੇਤੀ ਸਬੰਧੀ ਰਾਜ ਸਰਕਾਰ ਦਾ ਫੈਸਲਾ ਹੀ ਅੰਤਮ ਹੁੰਦਾ ਹੈ।ਰਾਜ ਦੀ ਸਹਿਮਤੀ ਤੋਂ ਬਿਨਾਂ ਕੇਂਦਰ ਸਰਕਾਰ ਕੁਝ ਨਹੀਂ ਕਰ ਸਕਦੀ।2010-2011 ਵਿਚ ਭਾਰਤ ਦੀਆਂ 13 ਰਾਜ ਸਰਕਾਰਾਂ ਨੇ ਆਪਣੇ ਆਪਣੇ ਸੂਬਿਆਂ ਨੂੰ ਜੀ.ਐਮ.ਮੁਕਤ ਰੱਖਣ ਦਾ ਪ੍ਰਣ ਲਿਆ ਸੀ। ਪਰੰਤੂ ਬਦਕਿਸਮਤੀ ਨਾਲ ਪੰਜਾਬ ਸਰਕਾਰ ਇਹਨਾਂ 13 ਵਿਚ ਸ਼ਾਮਲ ਨਹੀਂ ਸੀ।ਅੱਜ ਵੀ ਨਹੀਂ ਹੈ।ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜੀ.ਐਮ. ਫਸਲਾਂ ਦੇ ਟਰਾਇਲਾਂ ਲਈ ਅੱਡਾ ਬਣੀ ਹੋਈ ਹੈ।ਇਹ ਹੋਰ ਵੀ ਖਤਰਨਾਕ ਵਰਤਾਰਾ ਹੈ।ਹਰਿਆਣਾ ਵਰਗੇ ਰਾਜਾਂ ਵਿਚ ਕਿਸਾਨ ਜਥੇਬੰਦੀਆ ਕੰਪਨੀਆਂ ਦੁਆਰਾ ਲਾਏ ਗਏ ਬੀਟੀ ਮੱਕੀ,ਬੀਟੀ ਚੌਲ ਆਦਿ ਟਰਾਇਲਾਂ ਨੂੰ ਉਖਾੜ ਕੇ ਰੋਹ ਦਾ ਪ੍ਰਗਟਾਵਾ ਕਰ ਰਹੀਆਂ ਹਨ।ਆਂਧਰਾ ਪ੍ਰਦੇਸ਼,ਕਰਨਾਟਕ ਤੇ ਮਹਾਂਰਾਸ਼ਟਰ ਵਰਗੇ ਰਾਜਾਂ ਵਿਚ ਕਿਸਾਨ ਕਈ ਸਾਲਾਂ ਤੋਂ ਸੜਕਾਂ’ਤੇ ਉੱਤਰ ਕੇ ਖੇਤੀ ਖੁਦਮੁਖਤਾਰੀ ਅਤੇ ਬੀਜ਼ਾਂ ਦੀ ਅਜ਼ਾਦੀ ਉੱਤੇ ਕਬਜ਼ੇ ਖਿਲਾਫ ਅਵਾਜ਼ ਬੁਲੰਦ ਕਰ ਰਹੇ ਹਨ।ਹਰ ਕੋਈ ਜਾਣਦਾ ਹੈ ਕਿ ਭੋਜਨ ਦਾ ਆਧਾਰ ਖੇਤੀ ਅਤੇ ਖੇਤੀ ਦਾ ਆਧਾਰ ਬੀਜ ਹਨ।‘ਬੀਜ’ ਕਹਿਣ-ਸੁਣਨ ਵਿਚ ਇਕ ਨਿੱਕਾ ਜਿਹਾ ਸ਼ਬਦ ਹੈ ਪਰ ਇਸ ਤੋਂ ਬਿਨਾਂ ਜੀਵਨ ਦੀ ਹੋਂਦ ਦਾ ਸੁਪਨਾ ਵੀ ਨਹੀਂ ਲਿਆ ਜਾ ਸਕਦਾ।ਬੀਜਾਂ’ਤੇ ਕਬਜ਼ਾ ਮਤਲਬ ਦੁਨੀਆਂ’ਤੇ ਕਬਜ਼ਾ।ਬਹੁਕੌਮੀ ਕੰਪਨੀਆਂ ਸਾਹਮਣੇ ਇਕ ਅੜਚਣ ਸੀ ਕਿ ਬੀਜ ਤਾਂ ਕੁਦਰਤੀ ਤੋਹਫਾ ਹਨ,ਇਹਨਾਂ ਉੱਪਰ ਪੇਟੈਂਟ ਕਿਵੇਂ ਲਿਆ ਜਾਵੇ।ਕੰਪਨੀਆਂ ਦੇ ਹਿੱਤ ਵਿਚ ਇਹੀ ਸੀ ਕਿ ਬੀਜਾਂ ਨਾਲ ਛੇੜਖਾਨੀ ਕੀਤੀ ਜਾਵੇ ਅਤੇ ਇਸੇ ਛੇੜਖਾਨੀ ਦਾ ਨਾਮ ਹੈ-ਬੀਟੀ/ਜੀ ਐਮ।ਇਹਨਾਂ ਬੀਜਾਂ ਵਿਚ ਕਿਸੇ ਹੋਰ ਪੌਦੇ ਦਾ ਨਹੀਂ ਸਗੋਂ ਬਿੱਛੂ,ਮੱਛੀ,ਡੱਡੂ ਆਦਿ ਦਾ ਜੀਨ ਪਾ ਕੇ ਵਿਕਸਿਤ ਕੀਤਾ ਜਾਂਦਾ ਹੈ।ਸਿੱਟੇ ਵਜੋਂ ਸਮੁੱਚੀ ਭੋਜਨ ਲੜੀ ਵਿਚ ਸ਼ਾਕਾਹਾਰੀ ਅਤੇ ਮਾਸਾਹਾਰੀ ਦਾ ਭੇਦ ਖਤਮ ਹੁੰਦਾ ਹੈ।ਸ਼ੁੱਧ ਸ਼ਾਕਾਹਾਰੀ ਭੋਜਨ ਵਿਚ ਆਸਥਾ ਰੱਖਣ ਵਾਲੇ ਧਰਮਾਂ ਨੂੰ ਬੜੀ ਵੱਡੀ ਚੁਣੌਤੀ ਹੈ।
ਸਿੱਖ ਧਰਮ ਅੰਦਰ ਮਾਸ ਖਾਣ ਜਾਂ ਨਾ ਖਾਣ ਦਾ ਕੋਈ ਵਿਵਾਦ ਨਹੀਂ। ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਮੁੱਚੇ ਸੰਸਾਰ ਨੂੰ ਅਨੇਕਾਂ ਰਸਾਂ-ਕਸਾਂ ਤੋਂ ਉੱਪਰ ਉੱਠ ਕੇ ਅੰਮ੍ਰਿਤ ਦਾ ਧਾਰਨੀ ਬਣਨ ਲਈ ਪ੍ਰੇਰਦੀ ਹੈ।ਪਰ ਮੁਗਲਾਂ ਵਲੋਂ ਸਭ ਨੂੰ ਆਪਣੇ ਗੁਲਾਮ ਸਮਝ ਕੇ ਕੁੱਠਾ ਮਾਸ ਖਾਣ ਦੇ ਠੋਸੇ ਹੁਕਮ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ।ਗੁਲਾਮੀ ਦੀ ਨਿਸ਼ਾਨੀ ਨੂੰ ਨਕਾਰਦਿਆਂ ਸਿੱਖ ਪੰਥ ਨੂੰ ਹੁਕਮ ਕਰ ਦਿੱਤਾ ਕਿ ਹਲਾਲ ਮਾਸ ਨਹੀਂ ਖਾਣਾ ਹੈ। ਸੋ ਬੀਟੀ/ਜੀ ਐਮ ਫਸਲਾਂ ਦੀ ਆਮਦ ਧਾਰਮਿਕ ਪੱਖੋਂ ਸਿਰੇ ਦਾ ਅਨੈਤਿਕ ਵਰਤਾਰਾ ਹੈ।ਅਗਲੀ ਬਾਤ ਸੁਣ ਕੇ ਜੇ ਅਸੀਂ ਹੋਸ਼ ਅਤੇ ਜੋਸ਼ ਵਿਚ ਨਾ ਆਏ ਤਾਂ ਇਸ ਦਾ ਮਤਲਬ ਹੋਏਗਾ ਕਿ ‘ਅੜੇ ਸੋ ਝੜੇ’ਵਾਲੀ ਸੂਰਬੀਰਤਾ ਦਾ ਬੀਜ ਵੀ ਮੁੱਕ ਗਿਆ ਹੈ।ਬਾਤ ਇਹ ਕਿ ਟਰਮੀਨੇਟਰ ਤਕਨੀਕ ਵਾਲੀਆਂ ਜੀ.ਐਮ.ਫਸਲਾਂ ਤੋਂ ਅਗਲਾ ਬੀਜ ਬਚਾਇਆ ਨਹੀਂ ਜਾ ਸਕਦਾ ਅਤੇ ਪੇਟੈਂਟਸ਼ੁਦਾ ਹੋਣ ਕਰਕੇ ਜੀ.ਐਮ.ਬੀਜ ਰਵਾਇਤੀ ਬੀਜਾਂ ਦੇ ਮੁਕਾਬਲੇ ਸੈਂਕੜੇ ਗੁਣਾਂ ਮਹਿੰਗੇ ਹਨ।ਸਭ ਕਿਸਾਨ ਬੀਜ ਕੰਪਨੀਆਂ’ਤੇ ਨਿਰਭਰ ਹੋਣ ਜਾ ਰਹੇ ਹਨ। ਸਾਡੀ ਖੇਤੀ ਦੀ ਖੁਦਮੁਖਤਾਰੀ ਅਤੇ ਦੇਸ਼ ਦੀ ਪ੍ਰਭੂਸਤਾ ਖਤਰੇ ਵਿਚ ਪੈ ਰਹੀ ਹੈ। ਸਾਲ 2007 ਦੀ ਅਮਰੀਕਨ ਸੈਂਟਰ ਫਾਰ ਫੂਡ ਐਂਡ ਸੇਫਟੀ ਦੀ ਰਿਪੋਰਟ ਅਨੁਸਾਰ ਮੋਨਸੈਂਟੋ ਕੰਪਨੀ ਨੇ ਹਜ਼ਾਰਾਂ ਅਮਰੀਕਨ ਕਿਸਾਨਾਂ ਦੇ ਵਿਰੁੱਧ ਮੁਕੱਦਮੇ ਕੀਤੇ,ਸੈਂਕੜੇ ਕਿਸਾਨਾਂ ਨੂੰ ਮੋਟੇ ਜੁਰਮਾਨੇ ਕੀਤੇ ਜਾਂ ਉਹਨਾਂ ਨੂੰ ਆਊਟ ਆਫ ਕੋਰਟ ਸਮਝੌਤੇ ਕਰਨ ਲਈ ਮਜਬੂਰ ਕੀਤਾ।ਕਸੂਰ ਸਿਰਫ ਐਨਾ ਸੀ ਕਿ ਆਪਣੇ ਜੱਦੀ ਬੀਜ ਬਚਾ ਕੇ ਅਗਲੀ ਫਸਲ ਲਈ ਵਰਤੋਂ ਵਿਚ ਲਿਆਂਦੇ ਸਨ।
ਭਾਰਤ ਅੰਦਰ ਵੀ ਬਹੁਕੌਮੀ ਤੇ ਸਰਮਾਏਦਾਰ ਕੰਪਨੀਆਂ ਹਰ ਹਥਕੰਡਾ ਅਪਣਾਉਣ ਲਈ ਯਤਨਸ਼ੀਲ ਹਨ। ਉਦਾਹਰਣ ਲਈ ਬਾਇਓਤਕਨਾਲੋਜੀ ਰੈਗੂਲੇਟਰ ਅਥਾਰਿਟੀ ਆਫ ਇੰਡੀਆ ਨਾਂਅ ਦੇ ਪ੍ਰਸਤਾਵਿਤ ਬਿਲ ਦੀ ਧਾਰਾ 63 ਵਿਚ ਸਾਫ-ਸਾਫ ਲਿਖਿਆ ਗਿਆ ਹੈ ਕਿ ਕੋਈ ਵਿਅਕਤੀ ਬਿਨਾਂ ਕਿਸੇ ਪੁਖਤਾ ਸਬੂਤਾਂ ਅਤੇ ਪਰਖੇ ਹੋਏ ਵਿਗਿਆਨਿਕ ਦਸਤਾਵੇਜ਼ਾਂ ਦੇ ਲੋਕਾਂ ਵਿਚ ਬੀਟੀ ਫਸਲਾਂ ਦੇ ਸੰਭਾਵਿਤ ਗਲਤ ਸਿੱਟਿਆਂ ਬਾਰੇ ਪ੍ਰਚਾਰ ਨਹੀਂ ਕਰ ਸਕਦਾ।ਜੇ ਕਰਦਾ ਹੈ ਤਾਂ ਉਸ ਨੂੰ ਘੱਟੋ-ਘੱਟ 6 ਮਹੀਨੇ ਦੀ ਕੈਦ ਅਤੇ 2 ਲੱਖ ਜਾਂ ਇਸ ਤੋਂ ਵੱਧ ਦਾ ਜ਼ੁਰਮਾਨਾ ਕੀਤਾ ਜਾ ਸਕਦਾ ਹੈ। ਇਸ ਦੇ ਉਲਟ ਕੰਪਨੀਆਂ ਦੀ ਕਿਸੇ ਤਰ੍ਹਾਂ ਦੀ ਕੋਈ ਜਵਾਬਦੇਹੀ ਨਿਸ਼ਚਿਤ ਨਹੀਂ ਭਾਵੇਂ ਜਾਨੀ,ਮਾਲੀ ਤੇ ਵਾਤਾਵਰਣੀ ਅਨੇਕਾਂ ਖਤਰੇ ਮੰਡਰਾ ਰਹੇ ਹਨ।ਇਸ ਪਿੱਛੇ ਕੰਮ ਕਰਨ ਵਾਲੀਆਂ ਬਹੁਕੌਮੀ ਕੰਪਨੀਆਂ ਵਿਚੋਂ ਇਕ ਐਸੀ ਕੰਪਨੀ ਹੈ ਜਿਸ ਦੀ ਕੁਲ ਆਮਦਨ ਦੁਨੀਆਂ ਦੇ 49 ਵਿਕਾਸਸ਼ੀਲ ਦੇਸ਼ਾਂ ਦੇ ਘਰੇਲੂ ਉਤਪਾਦ ਦੇ ਬਰਾਬਰ ਬਣਦੀ ਹੈ।
ਖੇਤੀ ਖੁਦਮੁਖਤਾਰੀ,ਸੁਰੱਖਿਅਤ ਭੋਜਨ,ਚੰਗੀ ਸਿਹਤ ਅਤੇ ਅਜ਼ਾਦ ਹਸਤੀ ਨੂੰ ਬਚਾਉਣ ਲਈ ‘ਧਰਮ ਕਾ ਜੈਕਾਰ’ ਦੀਆਂ ਜਾਚਕ ਸਿੱਖ ਸੰਗਤਾਂ ਅਤੇ ਪੰਜਾਬੀਆਂ ਨੂੰ ਜਾਗਰੂਕ ਹੋਣਾ ਹੋਵੇਗਾ। ਸਿੰਘ ਸਭਾਵਾਂ, ਮਿਸ਼ਨਰੀ, ਸਟੱਡੀ ਸਰਕਲ, ਟਕਸਾਲਾਂ, ਨਿਹੰਗ ਜਥੇਬੰਦੀਆਂ, ਅਖੰਡ ਕੀਰਤਨੀ ਜਥੇ, ਸੁਖਮਨੀ ਸਾਹਿਬ ਤੇ ਕਥਾ ਕੀਰਤਨ ਸੁਸਾਇਟੀਆਂ,ਸਾਧੂ-ਸੰਤਾਂ,ਕਿਸਾਨ ਜਥੇਬੰਦੀਆਂ, ਖਪਤਕਾਰ ਫੋਰਮਾਂ ਅਤੇ ਬੁੱਧੀਜੀਵੀਆਂ ਨੂੰ ਇਸ ਸਾਰੇ ਗੁੱਝੇ ਭੇਦ ਨੂੰ ਸਮਝਣ ਲਈ ਸੈਮੀਨਾਰ ਕਰਵਾ ਕੇ ਠੋਸ ਰਣਨੀਤੀ ਤੈਅ ਕਰ ਸਰਬੱਤ ਦੇ ਭਲੇ ਲਈ ਕੁਝ ਕਰਨਾ ਹੋਵੇਗਾ।ਪੰਜਾਬ ਤੇ ਪੰਥ ਦੇ ਹਿੱਤ ਵਿਚ ਮੋਰਚਿਆਂ ਵਿਚ ਮੋਹਰੀ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਫਰਜ ਅਦਾ ਕਰਨਾ ਹੋਵੇਗਾ।ਜਦੋਂ ਪੰਜਾਬ  ਵਿਚ ਅਕਾਲੀ-ਭਾਜਪਾ ਸਰਕਾਰ ਹੈ ਅਤੇ ਕੇਂਦਰ ਵਿਚ ਵੀ ਹਮਾਇਤੀ ਸਰਕਾਰ ਹੈ ਉਦੋਂ ਇਹਨਾਂ ਦੀ ਵੀ ਇਕ ਇਮਤਿਹਾਨ ਦੀ ਘੜੀ ਹੈ ਕਿ ਇਹ ਪਦਾਰਥਵਾਦ ਨਾਲ ਹੀ ਖੜਦੇ ਹਨ ਜਾਂ ਪਰਮਾਰਥ ਨਾਲ। ਜੀ.ਐਮ. ਫਸਲਾਂ ਦੇਗ ਤੇਗ ਫਤਹਿ ਦੇ ਸੰਕਲਪ ਲਈ ਵੰਗਾਰ ਹਨ।

WRITTEN BY