ਚੰਡੀਗੜ੍ਹ, 26 ਜੁਲਾਈ (ਪੀ. ਟੀ)- ਭਾਰਤੀ ਚੋਣ ਕਮਿਸ਼ਨ ਨੇ ਅੱਜ ਤਲਵੰਡੀ ਸਾਬੋ ਅਤੇ ਪਟਿਆਲਾ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸ੍ਰ੍ਰੀ ਵੀ.ਕੇ. ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਹਲਕਿਆਂ ਵਿਖੇ 21 ਅਗਸਤ ਨੂੰ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਉਨ੍ਹਾਂ ਦੱਸਿਆ ਕਿ ਅੱਜ ਨਾਮਜ਼ਦਗੀਆਂ ਦੇ ਪਹਿਲੇ ਦਿਨ ਦੋਹਾਂ ਹਲਕਿਆਂ ’ਚ ਕਿਸੇ ਵੀ ਉਮੀਦਵਾਰ ਨੇ ਕਾਗ਼ਜ਼ ਦਾਖ਼ਲ ਨਹੀਂ ਕੀਤੇ। ਉਨ੍ਹਾਂ ਦੱਸਿਆ ਕਿ ਉਮੀਦਵਾਰ 2 ਅਗਸਤ ਤੱਕ ਕਿਸੇ ਵੀ ਸਰਕਾਰੀ ਕੰਮਕਾਜ ਵਾਲੇ ਦਿਨ ਸਵੇਰੇ 11 ਤੋਂ ਸ਼ਾਮ 3 ਵਜੇ ਤੱਕ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰ ਸਕਦੇ ਹਨ। ਚੋਣ ਪ੍ਰਕਿਰਿਆ ਦਾ ਵੇਰਵਾ ਦਿੰਦਿਆਂ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਨਾਮਜ਼ਦਗੀ ਕਾਗ਼ਜ਼ਾਂ ਦੀ ਪੜਤਾਲ 4 ਅਗਸਤ ਨੂੰ ਕੀਤੀ ਜਾਵੇਗੀ ਜਦ ਕਿ 6 ਅਗਸਤ ਤੱਕ ਉਮੀਦਵਾਰ ਨਾਮਜ਼ਦਗੀਆਂ ਵਾਪਸ ਲੈ ਸਕਣਗੇ ਅਤੇ ਵੋਟਾਂ ਦੀ ਗਿਣਤੀ 25 ਅਗਸਤ
ਨੂੰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 30 ਅਗਸਤ ਤੋਂ ਪਹਿਲਾਂ ਚੋਣ ਪ੍ਰਕਿਰਿਆ ਮੁਕੰਮਲ ਕਰ ਲਈ ਜਾਵੇਗੀ। ਸ੍ਰੀ ਵੀ.ਕੇ. ਸਿੰਘ ਨੇ ਦੁਹਰਾਇਆ ਕਿ ਉਮੀਦਵਾਰ ਆਪਣੇ ਸਬੰਧਤ ਹਲਕੇ ਦੇ ਸਬ ਡਿਵੀਜ਼ਨਲ ਮੈਜਿਸਟ੍ਰੇਟ (ਐਸ.ਡੀ.ਐਮ.)-ਕਮ-ਰਿਟਰਨਿੰਗ ਅਫ਼ਸਰ ਕੋਲ 2 ਅਗਸਤ ਤੱਕ ਸਵੇਰੇ 11 ਤੋਂ ਸ਼ਾਮ 3 ਵਜੇ ਦਰਮਿਆਨ ਕਿਸੇ ਵੀ ਕੰਮਕਾਜ ਵਾਲੇ ਦਿਨ ਨਾਮਜ਼ਦਗੀ ਪੱਤਰ ਦਾਖ਼ਲ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਮੀਦਵਾਰ ਨਿਰਧਾਰਤ 2-ਬੀ ਫ਼ਾਰਮ, ਜੋ ਜ਼ਿਲ੍ਹਾ ਚੋਣ ਅਧਿਕਾਰੀ/ਰਿਟਰਨਿੰਗ ਅਧਿਕਾਰੀ ਕੋਲ ਉਪਲਬਧ ਹਨ, ਰਾਹੀਂ ਹੀ ਆਪਣੀ ਨਾਮਜ਼ਦਗੀ ਭਰਨ। ਉਨ੍ਹਾਂ ਦੱਸਿਆ ਕਿ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ, 1881 ਤਹਿਤ 27 ਜੁਲਾਈ ਨੂੰ ਐਤਵਾਰ ਅਤੇ 29 ਜੁਲਾਈ ਨੂੰ ਇਦ-ਉਲ-ਫ਼ਿਤਰ ਦੀ ਛੁੱਟੀ ਹੋਣ ਕਰ ਕੇ ਇਸ ਦਿਨ ਨਾਮਜ਼ਦਗੀ ਪੱਤਰ ਪ੍ਰਾਪਤ ਨਹੀਂ ਕੀਤੇ ਜਾਣਗੇ।



