ਗਾਜ਼ਾ, 21 ਜੁਲਾਈ (ਪੀ. ਟੀ)- ਗਾਜ਼ਾ ‘ਤੇ ਹਾਲ ਹੀ ਦੇ ਸਾਲਾਂ ਦੇ ਸੰਘਰਸ਼ ‘ਚ ਇਸਰਾਈਲ ਦੇ ਸਭ ਤੋਂ ਭਿਆਨਕ ਹਮਲੇ ‘ਚ 97 ਤੋਂ ਜ਼ਿਆਦਾ ਫਲਸਤੀਨੀ ਮਾਰੇ ਗਏ ਹਨ ਤੇ ਹਮਾਸ ਦੇ ਟਿਕਾਣਿਆਂ ‘ਤੇ ਹਵਾਈ ਤੇ ਜ਼ਮੀਨੀ ਹਮਲੇ ਤੇਜ਼ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 518 ਤੱਕ ਪਹੁੰਚ ਗਈ ਹੈ। ਇਸ ਦਰਮਿਆਨ ‘ਇੰਟਰਨੈਸ਼ਨਲ ਕਮੇਟੀ ਆਫ਼ ਰੈੱਡ ਕਰਾਸ‘ ਨੇ ਅਸਥਾਈ ਯੁੱਧਬੰਦੀ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ ਤਾਕਿ ਮਰਨ ਵਾਲਿਆਂ ਤੇ ਜ਼ਖਮੀਆਂ ਨੂੰ ਉਥੋਂ ਹਟਾਉਣ ਦਾ ਕੰਮ ਹੋ ਸਕੇ। ਇਸ ਸਮਝੌਤੇ ਨੂੰ ਇਸਰਾਈਲ ਤੇ ਹਮਾਸ ਦੋਵਾਂ ਨੇ ਸਵੀਕਾਰ ਕਰ ਲਿਆ ਹੈ ਭਾਵੇਂਕਿ ਮਨੁੱਖੀ ਯੁੱਧ ਬੰਦੀ ਕੁਝ ਸਮੇਂ ਲਈ ਹੀ ਰਹੀ ਤੇ ਇਸਰਾਈਲੀ ਸੈਨਾ ਨੇ ਹਮਾਸ ਅੱਤਵਾਦੀਆਂ ‘ਤੇ ਇਸ ਦਾ ਉਲੰਘਣ ਕਰਨ ਦਾ ਦੋਸ਼ ਲਗਾਇਆ। ਇਸਰਾਈਲੀ ਸੈਨਾ ਦੇ ਬੁਲਾਰੇ ਪੀਟਰ ਲਰਨਰ ਨੇ ਟਵਿੱਟਰ ‘ਤੇ ਲਿਖਿਆ ਕਿ ਹਮਾਸ ਨੇ ਇਕ ਵਾਰ ਫਿਰ ਯੁੱਧਬੰਦੀ ਦਾ ਉਲੰਘਣ
ਕੀਤਾ। ਇਸ ਵਾਰ ਮਨੁੱਖੀ ਆਧਾਰ ‘ਤੇ ਯੁੱਧਬੰਦੀ ਲਈ ਆਈ. ਸੀ. ਆਰ. ਸੀ. ਨੇ ਪਹਿਲ ਕੀਤੀ। ਇਸਰਾਈਲ ਦੇ ਸੁਰੱਖਿਆ ਬਲ ਉਸ ਦੇ ਅਨੁਸਾਰ ਹੀ ਕਦਮ ਉਠਾ ਰਹੇ ਹਨ। ਸੈਕੜੇ ਫਲਸਤੀਨੀ ਅੱਜ ਗਾਜ਼ਾ ਸ਼ਹਿਰ ‘ਚੋਂ ਹਿਜਰਤ ਕਰਨ ਲਈ ਮਜਬੂਰ ਹੋਏ ਕਿਉਂਕਿ ਇਸਰਾਈਲੀ ਸੈਨਿਕਾਂ ਨੇ ਨੇੜੇ ਦੇ ਕਸਬੇ ਸ਼ੇਜੈਯਾ ‘ਤੇ ਹਮਲਾ ਤੇਜ਼ ਕਰ ਦਿੱਤਾ। ਹੰਗਾਮੀ ਸੇਵਾਵਾਂ ਦੇ ਬੁਲਾਰੇ ਅਸ਼ਰਫ਼ ਅਲ ਕੁਦਰਾ ਨੇ ਕਿਹਾ ਕਿ ਇਸਰਾਈਲ ਆਪਰੇਸ਼ਨ ‘ਪ੍ਰੋਟੈੱਕਟਿਵ ਏਜ਼‘ ਸ਼ੁਰੂ ਹੋਣ ਦੇ ਬਾਅਦ 435 ਫਲਸਤੀਨੀ ਮਾਰੇ ਗਏ ਹਨ ਜਿਨ੍ਹਾਂ ਵਿਚ 112 ਨਾਬਾਲਗ, 41 ਔਰਤਾਂ ਤੇ 25 ਬਜ਼ੁਰਗ ਸ਼ਾਮਿਲ ਹਨ।


