ਡਾ. ਹਰਕੇਸ਼ ਸਿੰਘ ਸਿੱਧੂ
ਆਈ.ਏ.ਐਸ. ਰਿਟਾ.
ਸੰਪਰਕ : 98140-53272
8 ਜੂਨ 2008 ਨੂੰ ਮੇਰੀ ਪੋਸਟਿੰਗ ਬਤੌਰ ਡੀ.ਸੀ. ਬਰਨਾਲਾ ਹੋ ਗਈ। ਮੈਂ 10 ਜੂਨ ਨੂੰ ਜੁਆਇਨ ਕਰ ਲਿਆ। ਜੁਆਇਨ ਕਰਨ ਸਾਰ ਸਾਰੇ ਜ਼ਿਲ੍ਹੇ ਦੇ ਅਫਸਰ ਤੇ ਮਾਲ ਅਧਿਕਾਰੀ ਮੇਰੇ ਸਤਿਕਾਰ ਲਈ ਰੈਸਟ ਹਾਊਸ ਵਿੱਚ ਪੁੱਜੇ। ਸਰਕਾਰ ਦੀਆਂ ਰਸਮਾਂ ਅਤੇ ਰਵਾਇਤਾਂ ਨੂੰ ਪਾਲਣਾ ਕਰਦੇ ਹੋਏ ਪੁਲਿਸ ਦੀ ਇਕ ਟੁਕੜੀ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ। ਉਸ ਉਪਰੰਤ ਮਿਲਣ ਵਾਲੇ ਕੁਝ ਨਾਮ ਲੇਵਾ ਬਾਹਰ ਘਾਹ ’ਤੇ ਹੀ ਫੁੱਲਾਂ ਦੇ ਗੁਲਦਸਤੇ ਲੈ ਕੇ ਸੁਆਗਤ ਲਈ ਖੜ੍ਹੇ ਸਨ। ਉਨ੍ਹਾਂ ਨਾਲ ਮਿਲ ਕੇ ਮੈਂ ਰੈਸਟ ਹਾਊਸ ਵਿੱਚ ਅੰਦਰ ਇੱਕ ਛੋਟੇ ਜਿਹੇ ਮੀਟਿੰਗ ਰੂਮ ਵਿੱਚ ਬੈਠੇ ਅਫਸਰਾਂ ਨਾਲ ਜਾਣ ਪਹਿਚਾਣ ਕੀਤੀ। ਮੇਰੇ ਸੁਆਗਤ ਲਈ ਵਿਸ਼ੇਸ਼ ਕਰਕੇ ਤਹਿਸਲੀਦਾਰ/ਨਾਇਬ-ਤਹਿਸੀਲਦਾਰ, ਪਟਵਾਰੀ ਅਤੇ ਰਜਿਸਟਰੀ ਕਲਰਕ ਸੇਵਾ ਵਿੱਚ ਹਾਜ਼ਰ ਖੜ੍ਹੇ ਸਨ। ਉਨ੍ਹਾਂ ਵੱਲੋਂ ਹੀ ਚਾਹ-ਪਾਣੀ ਦਾ ਪ੍ਰਬੰਧ ਕੀਤਾ ਗਿਆ ਜਾਪਦਾ ਸੀ। ਮੈਂ ਉਨ੍ਹਾਂ ਦੀ ਗੱਲ ਸੁਣਨ ਉਪਰੰਤ ਉਨ੍ਹਾਂ ਨੂੰ ਸਪੱਸ਼ਟ ਸੰਕੇਤ ਦਿੱਤੇ ਕਿ ਬਾਕੀ ਗੱਲਾਂ ਤਾਂ ਹੌਲੀ ਹੌਲੀ ਨਜਿੱਠਾਂਗੇ, ਮੇਰੀ ਪਹਿਲੀ ਤਰਜੀਹ ਰਿਸ਼ਵਤ ਖੋਰੀ ਦੇ ਖਿਲਾਫ ਲੜਨਾ ਹੈ। ਬਈ ਮਿੱਤਰੋ! ਮੇਰੇ ਚਾਹ ਪਾਣੀ, ਰੋਟੀ ਤੇ ਰੈਸਟ ਹਾਊਸ ਵਿੱਚ ਰਹਿਣ ਦਾ ਖਰਚਾ, ਜਿੰਨਾ ਚਿਰ ਸਰਕਾਰੀ ਕੋਠੀ ਨਹੀਂ ਮਿਲਦੀ, ਕੋਈ ਤਹਿਸੀਲਦਾਰ, ਰਜਿਸਟਰੀ ਕਲਰਕ ਜਾਂ ਪਟਵਾਰੀ ਨਹੀਂ ਦੇਵੇਗਾ। ਇਥੇ ਸਿਰਫ ਇਕ ਟੈਲੀਫੋਨ ਸੁਣਨ ਲਈ ਅਟੈਡੈਂਟ (ਸੇਵਾਦਾਰ ਤੇ ਕਲਰਕ) ਦੀ ਡਿਊਟੀ ਲਾ ਦਿਓ। ਰੈਸਟ ਹਾਊਸ ਦੇ ਰਸੋਈਏ ਨੂੰ ਸਭ ਦੇ ਸਾਹਮਣੇ ਹੀ ਦੋ ਹਜ਼ਾਰ ਰੁਪਏ ਜੇਬ ’ਚੋਂ ਕੱਢ ਕੇ ਫੜ੍ਹਾ ਦਿੱਤੇ ਤੇ ਕਿਹਾ ਕਿ
ਮੇਰੀ ਰੋਟੀ ’ਤੇ ਕੋਈ ਮੇਰਾ ਮਹਿਮਾਨ ਆਵੇ ਉਸ ਲਈ ਖਰਚਾ ਕਰਨਾ ਹੈ। ਕਿਸੇ ਤੋਂ ਕੋਈ ਪੈਸਾ ਨਹੀਂ ਲੈਣਾ। ਜਦੋਂ ਮੁੱਕਣ ਲੱਗੇ ਦੱਸ ਦੇਣਾ। ਇਹ ਸ਼ਾਇਦ ਪੰਜਾਬ ਦੇ ਕਿਸੇ ਵਿਰਲੇ ਡੀ.ਸੀ. ਵੱਲੋਂ ਹੀ ਕੀਤਾ ਗਿਆ ਹੋਵੇ ਕਿਉਂਕਿ ਤਹਿਸੀਲਦਾਰ/ਪਟਵਾਰੀ ਤੇ ਰਜਿਸਟਰੀ ਕਲਰਕ ਤਾਂ ਡੀ.ਸੀ. ਦੇ ਘੋੜੇ ਹੁੰਦੇ ਨੇ। ਇਹ ਖਰਚਾ ਉਨ੍ਹਾਂ ਵੱਲੋਂ ਕਰਨਾ ਇਕ ਰਸਮ ਤੇ ਰਵਾਇਤੀ ਬਣ ਗਈ ਹੈ। ਇਸ ਨੂੰ ਇਮਾਨਦਾਰ ਜਾਣੇ ਜਾਂਦੇ ਡੀ.ਸੀ. ਵੀ ਰਿਸ਼ਵਤ ਮਹਿਸੂਸ ਨਹੀਂ ਕਰਦੇ। ਅਗਲੀ ਗੱਲ ਇਹ ਆਖੀ ਕਿ ਤਹਿਸੀਲ ਵਿੱਚ ਰਜਿਸਟਰੀਆਂ ਇੰਤਕਾਲ ਵੀ ਮੁਫਤ ਹੋਣਗੇ। ਜਿਹੜਾ ਫੜਿਆ ਗਿਆ ਫੇਰ ਸਿਫਾਰਸ਼ ਨਾ ਲਿਆਇਓ ਤੇ ਕਾਰਵਾਈ ਹੋਣ ’ਤੇ ਮੈਨੂੰ ਉਲਾਭਾ ਨਾ ਦਿਓ ਕਿ ਮੁਲਾਜ਼ਮ ਮਾਰ ਹੋ ਗਈ ਹੈ। ਮੇਰੀ ਕੋਈ ਵਗਾਰ ਨਹੀਂ, ਖਰਚਾ ਨਹੀਂ, ਨਾ ਹੀ ਕੋਈ ਰਾਜਨੀਤਿਕ ਖਰਚਾ ਜਾਂ ਵੀ.ਆਈ.ਪੀ. ਖਰਚਾ ਤੁਹਾਨੂੰ ਕਰਨ ਲਈ ਮੇਰੇ ਵੱਲੋਂ ਕਿਹਾ ਜਾਵੇਗਾ। ਮੈਂ ਜਾਣਾ ਤੇ ਮੇਰਾ ਕੰਮ ਜਾਣੇ। ਮੁਲਾਜ਼ਮਾਂ ਵਿੱਚ ਇਕਦਮ ਚੁੱਪ ਛਾ ਗਈ। ਮੈਂ ਉਨ੍ਹਾਂ ਨੂੰ ਆਪਣੇ ਕੰਮ ਕਰਨ ਲਈ ਕਿਹਾ ਤੇ ਉਹ ਚਲੇ ਗਏ।
ਮੈਂ ਇਹ ਹਦਾਇਤ ਜਾਰੀ ਕਰ ਦਿੱਤੀ ਕਿ ਜਿੰਨੀਆਂ ਰਜਿਸਟਰੀਆਂ ਸਾਰੀਆਂ ਤਹਿਸੀਲਾਂ ਵਿੱਚ ਹੋਣਗੀਆਂ ਉਨ੍ਹਾਂ ਖਰੀਦਦਾਰਾਂ, ਵੇਚਣ ਵਾਲਿਆਂ, ਅਰਜੀ ਨਵੀਨਾਂ, ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਨਾਂ ਤੇ ਫੋਨ ਨੰਬਰ ਨੋਟ ਕੀਤੇ ਜਾਣ। ਇਕ ਪੂਰਾ ਪ੍ਰਫਾਰਮਾ ਬਣਾ ਕੇ ਦੇ ਦਿੱਤਾ, ਜਿਸ ਦੀ ਰਿਪੋਰਟ ਅਗਲੇ ਦਿਨ ਪਹੁੰਚ ਜਾਂਦੀ। ਮੈਂ ਸ਼ਾਮ ਨੂੰ ਹਰ ਇਕ ਤਹਿਸੀਲ ਦੇ ਖਰੀਦਦਾਰਾਂ ’ਚੋ ਪੰਜ-ਸੱਤ ਨੂੰ ਫੋਨ ਕਰਕੇ ਪੁੱਛਦਾ ਕਿ ਮੈਂ ਡੀ.ਸੀ. ਬੋਲ ਰਿਹਾ ਹਾਂ ਜੀ, ਜੇਕਰ ਤੁਹਾਡੇ ਕੋਲੋ ਰਜਿਸਟਰੀ ਕਰਨ ਵਾਲੇ ਕਿਸੇ ਅਧਿਕਾਰੀ ਨੇ ਕੋਈ ਰਿਸ਼ਵਤ ਲਈ ਹੈ ਤਾਂ ਮੈਨੂੰ ਮਿਲੋ ਤੁਹਾਨੂੰ ਇਨਸਾਫ ਮਿਲੂ ਤੇ ਰਿਸ਼ਵਤ ਵਾਪਿਸ ਮੁੜਵਾਈ ਜਾਉਗੀ। ਜਿੰਨੀ ਦੇਰ ਹੱਕ ਰਾਖੇ, ਚੋਰਾਂ ਨਾਲ ਨਹੀਂ ਮਿਲਦੇ, ਚੋਰ ਚੋਰੀ ਨਹੀਂ ਕਰ ਸਕਦੇ। ਮੇਰੇ ਕੋਲ ਇਕ-ਦੋ ਠੋਸ ਸ਼ਿਕਾਇਤਾਂ ਆਈਆਂ ਤੇ ਉਨ੍ਹਾਂ ਨਾਇਬ ਤਹਿਸੀਲਦਾਰਾਂ ਦੀਆਂ ਰਜਿਸਟਰੀਆਂ ਕਰਨ ਦੀਆਂ ਪਾਵਰਾਂ ਖੋਹ ਲਈਆਂ। ਲੋਕਾਂ ਵਿਚ ਇਸ ਦਾ ਪ੍ਰਭਾਵ ਪੈਣ ਲੱਗਾ। ਉਨ੍ਹਾਂ ਨੂੰ ਹੌਂਸਲਾ ਹੋ ਗਿਆ ਕਿ ਸ਼ਿਕਾਇਤ ’ਤੇ ਪੜ੍ਹਤਾਲ ਹੋਓ ਤੇ ਪੜਤਾਲ ’ਤੇ ਅਮਲ ਹੋਊ। ਸਰਕਾਰੀ ਮੁਲਾਜ਼ਮ ਰਿਸ਼ਵਤ ਖਾਣ ਤੋਂ ਪਹਿਲਾਂ ਆਪਣੀ ਨੌਕਰੀ ਦਾ ਖਿਆਲ ਰੱਖਦਾ ਹੈ। ਐਡਾ ਵੱਡਾ ਕੋਈ ਵੀ ਖੂੰਖਾਰ ਅਫਸਰ ਨਹੀਂ ਹੋ ਸਕਦਾ ਕਿ ਡਾਂਗ ਨਾਲ, ਜ਼ੋਰ ਨਾਲ ਰਿਸ਼ਵਤ ਮੰਗੇ, ਸਿਰਫ ਉਹ ਕਿਸੇ ਆਕਾ/ਗਾਡ ਫਾਦਰ ਦੀ ਸ਼ਹਿ ’ਤੇ ਹੀ ਇਹ ਕਰਤੂਤ ਕਰਦਾ ਹੈ। ਮੈਂ ਇਹ ਨਹੀਂ ਕਹਿੰਦਾ ਕਿ ਮੈਂ ਸੌ ਫੀਸਦੀ ਰਿਸ਼ਵਤ ਰੋਕ ਦਿੱਤੀ ਪਰੰਤੂ ਲੋਕਾਂ ਵਿਚ ਜ਼ਿਲ੍ਹਾ ਪ੍ਰਸਾਸ਼ਨ ਲਈ ਵਿਸ਼ਵਾਸ ਅਤੇ ਚੋਰਾਂ ਦੇ ਮਨ ਵਿਚ ਸਹਿਮ ਤੇ ਡਰ ਭਰ ਦਿੱਤਾ। ਲੋਕ ਮੈਨੂੰ ਮਿਲਕੇ ਦੱਸਦੇ, ਫੋਨ ਕਰਦੇ ਤੇ ਦੱਸਦੇ ਕਿ ਕਿਸੇ ਨੇ ਕੋਈ ਪੈਸਾ ਨਹੀਂ ਲਿਆ। ਇਕ ਦੋ ਨੰਬਰਦਾਰਾਂ ਦੀਆਂ ਪੰਜ ਸੌ ਰੁਪਏ ਲੈ ਕੇ ਰਜਿਸਟਰੀ ਲਈ ਗੁਵਾਹੀ ਪਾਉਣ ਦੀਆਂ ਸ਼ਿਕਾਇਤਾਂ ਆਈਆਂ, ਉਨ੍ਹਾਂ ਦੀ ਨੰਬਰਦਾਰੀ ਸਸਪੈਂਡ ਕਰਕੇ ਕੈਂਸਲ ਕਰਨ ਦੇ ਨੋਟਿਸ ਜਾਰੀ ਕਰ ਦਿੱਤੇ। ਕੁਝ ਅਰਜੀ ਨਵੀਸ/ਤਸੀਕਾ ਨਵੀਸ ਜਿਹੜੇ ਮਾਲ ਅਧਿਕਾਰੀਆਂ ਦੀ ਰਿਸ਼ਵਤਖੋਰੀ ਲਈ ਦਲਾਲੀ ਦਾ ਕੰਮ ਕਰਦੇ ਨੇ ਉਹ ਭੜੂਏ ਮਾਲ ਅਧਿਕਾਰੀਆਂ ਜਿੰਨੀ ਹੀ ਕਮਾਈ ਕਰ ਜਾਂਦੇ ਨੇ। ਕਈ ਵਾਰੀ ਤਾਂ ਉਹ ੰਮੋਟੀ ਮਾਰ ਮਾਰ ਜਾਂਦੇ ਨੇ।
ਮੈਂ ਅਰਜ਼ੀ ਨਵੀਸਾਂ ਦੀਆਂ ਸ਼ਿਕਾਇਤਾਂ ਆਉਣ ’ਤੇ ਉਨ੍ਹਾਂ ਦੇ ਲਾਇਸੰਸ ਵੀ ਮੁਅਤਲ ਕੀਤੇ ਪਰ ਕਹਿੰਦੇ ਨੇ ਚੋਰ ਚੋਰੀ ਛੱਡ ਜਾਂਦੈ ਪਰ ਹੇਰਾ ਫੇਰੀ ਨਹੀਂ ਛੱਡਦਾ।
ਹੰਢਿਆਇਆ ਪਿੰਡ ਦੇ ਕਿਸੇ ਬੰਦੇ ਨੇ ਜ਼ਮੀਨ ਵੇਚਣੀ ਸੀ ਤੇ ਕਿਸੇ ਹੋਰ ਪਿੰਡ ਦੇ ਬੰਦੇ ਨੇ ਖਰੀਦਣੀ ਸੀ। ਹੰਢਿਆਇਆ ਭਾਵੇਂ ਪਿੰਡ ਹੈ ਪਰੰਤੂ ਉਸ ਦੇ ਰਕਬੇ ਦਾ ਬਹੁਤ ਸਾਰਾ ਹਿੱਸਾ ਬਰਨਾਲਾ ਕਚਹਿਰੀਆਂ ਤੱਕ ਲੱਗਦਾ ਹੈ। ਜ਼ਮੀਨ ਸ਼ਹਿਰੀ ਖੇਤਰ ਵਿੱਚ ਪੈਂਦੀ ਹੈ। ਸਰਕਾਰ ਵੱਲੋਂ ਚੰਦਰਾ ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਜਮੀਨਾਂ ਦੀ ਰਜਿਸਟਰੇਸ਼ਨ ਲਈ ਪੇਂਡੂ, ਸ਼ਹਿਰੀ, ਖੇਤੀਬਾੜੀ, ਵਪਾਰਕ, ਆਦਿ ਹਰ ਕਿਸਮ ਦੀ ਜ਼ਮੀਨ ਦੇ ਰੇਟ ਤਹਿ ਕੀਤੇ ਹੋਏ ਹਨ ਜੋ ਹਰ ਸਾਲ ਰਿਵਾਈਜ਼ ਹੁੰਦੇ ਨੇ ਤਾਂ ਜੋ ਕੋਈ ਖਰੀਦਦਾਰ ਅਸ਼ਟਾਮ ਫੀਸ ਦੀ ਚੋਰੀ ਨਾ ਕਰ ਜਾਵੇ।
ਵੇਚਣ ਵਾਲਿਆਂ ਵੱਲੋਂ ਖਰੀਦਦਾਰ ਨੇ ਹੀ ਖਰਚਾ ਕਰਨਾ ਹੁੰਦਾ ਹੈ ਅਤੇ ਰਜਿਸਟਰੀ ਦੀ ਲਿਖਾਈ ਤੇ ਅਸ਼ਟਾਮ ਦਾ ਖਰਚਾ ਵੀ ਉਸ ਵੱਲੋਂ ਕੀਤਾ ਜਾਂਦਾ ਹੈ। ਉਨ੍ਹਾਂ ਨੇ ਜ਼ਮੀਨ ਦੀ ਫਰਦ ਪਟਵਾਰੀ ਕੋਲੋਂ ਲਈ ਤੇ ਅਰਜ਼ੀ ਨਵੀਸ ਕੋਲ ਵਸੀਕਾ ਲਿਖਣ ਲਈ ਚਲੇ ਗਏ। ਵਸੀਕਾ ਨਵੀਸ ਮਿਸਟਰ ਸੂਦ ਜਿਸ ਦਾ ਲਾਇਸੰਸ ਪਹਿਲਾਂ ਵੀ ਕਈ ਵਾਰੀ ਸਸਪੈਂਡ ਤੇ ਰੱਦ ਕੀਤਾ ਗਿਆ ਸੀ, ਉਸ ਦੀਆਂ ਕਾਲੀਆਂ ਕਰਤੂਤਾਂ ਕਾਰਨ ਪਰੰਤੂ ਉਹ ਉਪਰਲੇ ਅਫਸਰਾਂ ਕੋਲ ਅਪੀਲ ਕਰਕੇ ਰਿਸ਼ਵਤ ਜਾਂ ਸਿਫਾਰਸ਼ ਲਾ ਕੇ ਜਿਹੋ ਜਿਹੇ ਅਫਸਰ ਹੋਣ ਮੌਕੇ ਮੁਤਾਬਿਕ ਛੁੱਟ ਜਾਂਦਾ ਸੀ। ਅਰਜ਼ੀ ਨਵੀਸ ਨੇ ਖਰੀਦਦਾਰ ਨੂੰ ਕਿਹਾ ਕਿ ਉਸ ਦਾ ਰਜਿਸਟਰੀ ਅਤੇ ਅਸ਼ਟਾਮ ’ਤੇ ਢਾਈ ਲੱਖ ਰੁਪਿਆ ਖਰਚ ਆਓ ਪਰੰਤੂ ਉਹ ਇੱਕ ਲੱਖ ਰੁਪੈ ਨਾਲ ਸਾਰ ਦੇਣਗੇ ਤੇ ਇਕ ਲੱਖ ਰੁਪੈ ਤਹਿਸੀਲ ਦਫਤਰ ਅਤੇ ਹੋਰ ਖਰਚੇ ਦਾ ਲੱਗੂ। ਉਨ੍ਹਾਂ ਵਿਚਾਰਿਆ ਨੂੰ ਕੀ ਪਤਾ ਸੀ ਕਿ ਇਹ ਕੀ ਕੰਮ ਕਰੂ। ਨਾਲੇ ਕਹਿੰਦਾ ਜੇ ਸਿਫਾਰਸ਼ ਲਾ ਤੀ ਜਾਂ ਡੀ.ਸੀ. ਨੂੰ ਦੱਸ ’ਤਾ ਫੇਰ ਉਨ੍ਹਾਂ ਦਾ ਕੰਮ ਖਰਾਬ ਹੋ ਜਾਓ। ਅੱਜ ਦੇ ਜੁੱਗ ਵਿਚ ਹਰ ਬੰਦਾ ਆਪਣੇ ਘਰ ਨੂੰ ਸਿਆਣਾ ਬਣਦਾ ਹੈ। ਉਨ੍ਹਾਂ ਨੇ ਸੋਚਿਆ ਲੱਖ ਰੁਪਿਆ ਬਚਤ ਹੁੰਦੀ ਐ। ਕੀ ਮਾੜੈ, ਉਨ੍ਹਾਂ ਨੇ ਅਰਜ਼ੀ ਨਵੀਸ ਨਾਲ ਸੌਦਾ ਕਰਕੇ ਰਜਿਸਟਰੀ ਕਰਵਾ ਲਈ। ਰਜਿਸਟਰੀ ਕਰਨ ਵੇਲੇ ਨਾਇਬ ਤਹਿਸੀਲਦਾਰ ਨੂੰ ਘੁੰਡੀ ਸਮਝ ’ਚ ਨਹੀਂ ਆਈ। ਜਦੋਂ ਉਸ ਨੂੰ ਕਿਸੇ ਪਟਵਾਰੀ ਜਾਂ ਕਿਸੇ ਹੋਰ ਸਾਸ਼ਕ ਤੋਂ ਪਤਾ ਲੱਗਿਆ ਕਿ ਅਰਜ਼ੀ ਨਵੀਸ ਨੇ ਸ਼ਹਿਰੀ ਜ਼ਮੀਨ ਦੀ ਰਜਿਸਟਰੀ ਪੇਂਡੂ ਜ਼ਮੀਨ ਦਰਸਾ ਕੇ ਕਰਵਾ ਲਈ। ਅਸ਼ਟਾਮ ਦੀ ਚੋਰੀ ਕਰ ਲਈ। ਅਸਲ ਵਿੱਚ ਅਰਜ਼ੀ ਨਵੀਸ ਨੇ ਕੀੇ ਕੀਤਾ, ਉਸ ਨੇ ਫਰਦ ਵਿੱਚ 25 ਮੁਸਤੀਲ ਦੇ ਨੰਬਰ ਉਸ ਪਿੰਡ ਦੇ ਪੇਂਡੂ ਅਤੇ ਖੇਤੀਬਾੜੀ ਖੇਤਰ ਵਿੱਚ ਪੈਂਦੇ ਸਨ ਅਤੇ 24 ਮੁਸਤੀਲ ਦੇ ਉਹੀ ਖਸਰਾ ਨੰਬਰ ਸ਼ਹਿਰੀ ਖੇਤਰ ਵਿੱਚ ਪੈਂਦੇ ਸਨ। ਰਜਿਸਟਰੀ ਲਿਖਦੇ ਦੋ ਪੜ੍ਹਤਾਂ ’ਤੇ 25 ਮੁਸਤੀਲ ਨੰਬਰ ਲਿਖ ਦਿੱਤਾ, ਖਸਰਾ ਨੰਬਰ ਉਹੀ ਰਹੇ। ਇਹ ਕਰਕੇ ਰਜਿਸਟਰੀ ਕਰਵਾ ਲਈ ਤੇ ਬਾਅਦ ਵਿੱਚ ਦੋਵਾਂ ਪੜ੍ਹਤਾਂ ’ਤੇ 24 ਮੁਸਤੀਲ ਦੇ ਉਹੀ ਖਸਰਾਂ ਨੰਬਰ ਸ਼ਹਿਰੀ ਖੇਤਰ ਵਿੱਚ ਪੈਂਦੇ ਸਨ। ਰਜਿਸਟਰੀ ਲਿਖਦੇ ਦੋ ਪੜਤਾਂ ਤੇ 25 ਮੁਸਤੀਲ ਨੰਬਰ ਲਿਖ ਦਿੱਤਾ, ਖਸਰਾ ਨੰਬਰ ਉਹੀ ਰਹੇ। ਇਸ ਕਰਕੇ ਰਜਿਸਟਰੀ ਕਰਵਾ ਲਈ ਤੇ ਬਾਅਦ ਵਿੱਚ ਦੋਵਾਂ ਪੜ੍ਹਤਾਂ ਤੇ 24 ਮੁਸਤੀਲ ਰੇਗਮਾਰ ਨਾਲ ਰਗੜ ਦਿੱਤਾ ਤੇ ਜੋ ਇੰਤਕਾਲ ਵੇਲੇ ਨਾਇਬਾਂ ਤਹਿਸੀਲਦਾਰ ਨੇ ਗੱਲ ਫੜ ਲਈ। ਉਹ ਸ਼ਾਮ ਨੂੰ 6 ਵਜੇ ਮੇਰੀ ਕੋਠੀ ਰਜਿਸਟਰੀ ਲੈ ਕੇ ਫਰਦ ਵਿੱਚ ਜਿੱਥੇ ਕਟਿੰਗ ਕੀਤੀ ਸੀ ਸਾਰੇ ਦਸਤਾਵੇਜ ਲੈ ਕੇ ਆਇਆ। ਉਸ ਨੇ ਮੈਨੂੰ ਸਾਰੀ ਕਹਾਣੀ ਦੱਸੀ। ਮੈਂ ਉਸ ਨੂੰ ਕਿਹਾ ਕਿ ਮੇਰਾ ਚੋਰ ਤਾਂ ਨਾਇਬ ਤਹਿਸੀਲਦਾਰਾਂ ਹੈ, ਜਿਸ ਦੇ ਦਫਤਰ ਵਿੱਚ ਇਹ ਸਭ ਕੁਝ ਹੋਇਆ। ਹੁਣ ਫੈਸਲਾ ਕਰ ਲੈ ਕਿ ਤੂੰ ਚੋਰ ਮੁਲਜ਼ਮ ਹੈ ਕਿ ਮੁੱਦਈ ਜਾਂ ਚੋਰੀ ਤੈ ਕੀਤੀ ਹੈ, ਸਾਜ਼ਿਸ਼ ਰੱਚਕੇ ਜਾਂ ਤੇਰੇ ਨਾਲ ਸਾਜ਼ਿਸ਼ ਰਚਕੇ ਧੋਖਾ ਹੋਇਆ ਹੈ। ਸੋਚ ਹੈ । ਗੱਲ ਥਾਣੇ ਜਾਉ। ਰਿਕਾਰਡ ਵਿੱਚ ਹੇਰਾ-ਫੇਰੀ ਤੇ ਛੇੜ ਛਾੜ ਕਰਨਾ, ਝੂਠਾ ਰਿਕਾਰਡ ਤਿਆਰ ਕਰਕੇ ਉਸ ਨੂੰ ਸਹੀ ਵਰਤਣ ’ਤੇ 420, 127 ਬੀ, 467, 471 ਆਈ.ਪੀ.ਸੀ. ਦੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ ਹੋਉ। ਹੁਣ ਦੱਸ ਮੁਕੱਦਮਾ ਮੈਂ ਦਰਜ ਕਰਵਾਣਾ ਜਾਂ ਤੂੰ ਕਰਵਾਏਗਾ। ਉਹ ਭਾਵੇਂ ਉਂਝ ਦੁੱਧ ਧੋਤਾ ਨਹੀਂ ਸੀ ਪਰ ਇਸ ਕੇਸ ਵਿੱਚ ਉਹ ਬੇਕਸੂਰ ਸੀ, ਉਹ ਨਾਲ ਵੀ ਧੋਖਾ ਹੋਇਆ ਸੀ। ਉਹ ਕਹਿੰਦਾ, ਮੈਂ ਸੌ ਫੀਸਦੀ ਸੱਚਾ ਹਾਂ। ਮੈਂ ਤੁਹਾਡੇ ਨਾਲ ਹਾਂ, ਮੇਰੇ ਵੱਲੋਂ ਪਰਚਾ ਦਰਜ ਕਰਵਾਓ। ਫੇਰ ਮੈਂ ਉਹ ਦੇ ਕੋਲ ਬੈਠੇ ਹੀ ਪੀ.ਏ. ਨੂੰ ਡਿਕਟੇਸ਼ਨ ਦੇ ਕੇ ਡਿਪਟੀ ਕਮਿਸ਼ਨਰ ਦੇ ਨਾਮ ਇਕ ਦਰਖਾਸਤ ਲਿਖਾਈ ਜਿਸ ਨੂੰ ਟਾਇਮ ਹੋਣ ਉਪਰੰਤ ਨਾਇਬ ਤਹਿਸੀਲਦਾਰ ਕਸਤੂਰੀ ਲਾਲ ਉਰਫ ਕੰਵਲਪ੍ਰੀਤਪੁਰੀ ਦੇ ਦਸਖਤ ਕਰਵਾ ਕੇ ਐਸ.ਐਸ.ਪੀ. ਨੂੰ ਦੋਸ਼ੀਅਨ ਸੂਦ ਅਰਜ਼ੀ ਨਵੀਸ ਅਤੇ ਜ਼ਮੀਨ ਖਰੀਦਣ ਵਾਲਿਆਂ ਦੇ ਖਿਲਾਫ ਐਫ.ਆਈ.ਆਰ. ਦਰਜ ਕਰਨ ਲਈ ਹਦਾਇਤ ਜਾਰੀ ਕਰ ਦਿੱਤੀ। ਅਗਲੇ ਦਿਨ ਦੋਸ਼ੀਅਨ ਦੇ ਖਿਲਾਫ ਪਰਚਾ ਦਰਜ ਹੋ ਗਿਆ। ਪੁਲਿਸ ਅਰਜ਼ੀ ਨਵੀਸ ਨੂੰ ਫੜਨ ਦੀ ਬਜਾਏ ਮੁੱਖ ਦੋਸ਼ੀ ਜੋ ਜ਼ਮੀਨ ਖਰੀਦਣ ਵਾਲੇ ਸਨ ਉਨ੍ਹਾਂ ਨੂੰ ਫੜਨ ਗਈ, ਐਨੇ ਨੂੰ ਅਰਜ਼ੀ ਨਵੀਸ ਨੂੰ ਪਤਾ ਲੱਗ ਗਿਆ ਤੇ ਸਾਰੇ ਰੌਲਾ ਪੈ ਗਿਆ। ਦੋਸ਼ੀ ਘਰੋਂ ਭੱਜ ਗਏ ਤੇ ਅਦਾਲਤ ਵਿੱਚ ਅਗੇਤੀ ਜ਼ਮਾਨਤ ਲਈ ਨੱਠ-ਭੱਜ ਕਰ ਕਰਨ ਲੱਗੇ। ਜ਼ਮਾਨਤ ਰੱਦ ਹੋ ਗਈਆਂ। ਹੁਣ ਮੇਰੇ ਤੱਕ ਸਿਫਾਰਸ਼ਾਂ ਦਾ ਜ਼ੋਰ ਲੱਗ ਪਿਆ, ਰਾਜਨੀਤਿਕ, ਰਿਸ਼ਤੇਦਾਰੀਆਂ, ਉਚ ਅਧਿਕਾਰੀਆਂ ਤੇ ਮੇਰੇ ਦੋਸਤਾਂ ਦੀਆਂ, ਮੈਂ ਸਭ ਤੋਂ ਜਵਾਬ ਦੇ ਦਿੱਤਾ। ਅਖੀਰ ਅਰਜ਼ੀ ਨਵੀਸ ਜੋ ਲਹਿਰਾਗਾਗੇ ਬੀ.ਜੇ.ਪੀ. ਦੇ ਪ੍ਰਧਾਨ ਦੇ ਪਰਿਵਾਰ ਵਿੱਚ ਵਿਆਹਿਆ ਹੋਇਆ ਸੀ। ਉਨ੍ਹਾਂ ਨੇ ਹੋਰ ਵੀ ਰਾਜਨੀਤਿਕ ਅਤੇ ਮੇਰੇ ਦੋਸਤਾਂ ਦਾ ਪ੍ਰੇੈਸ਼ਰ ਪਾ ਦਿੱਤਾ। ਮੈਂ ਟੱਸ ਤੋਂ ਮੱਸ ਨਾ ਹੋਇਆ। ਅਖੀਰ ਉਹ ਸਾਡੇ ਆੜਤੀਆ ਕੋਲ ਸਨਾਮ ਪੁੱਜ ਗਿਆ। ਉਹ ਵੀ ਬੀ.ਜੇ.ਪੀ. ਨਾਲ ਸਬੰਧਤ ਸਨ। ਉਨ੍ਹਾਂ ਨੇ ਮੈਨੂੰ ਫੋਨ ’ਤੇ ਕਿਸੇ ਦੀ ਸਿਫਾਰਸ਼ ਲਈ ਆਉਣ ਦੀ ਇਜਾਜ਼ਤ ਮੰਗੀ। ਮੈਂ ਕਿਹਾ ਦਰਵਾਜ਼ੇ ਖੱਲ੍ਹੇ ਨੇ, ਜੇ ਕੰਮ ਹੋਣ ਵਾਲਾ ਹੋਇਆ ਤਾਂ ਨਾਲ ਦੀ ਨਾਲ , ਨਹੀਂ ਤਾਂ ਨਾਂਹ। ਉਹ ਘੰਟੇ ਦੇ ਅੰਦਰ ਹੀ ਮੇਰੇ ਦਫਤਰ ਵਿੱਚ ਪੁੱਜ ਗਏ। ਉਨ੍ਹਾਂ ਦੇ ਨਾਲ ਇਕ ਬੰਦਾ ਹੋਰ ਸੀ, ਜਿਸ ਨੂੰ ਪਹਿਲਾਂ ਮੈਂ ਸ਼ਕਲ ਤੋ ਕਦੇ ਨਹੀਂ ਸੀ ਵੇਖਿਆ। ਮੈਂ ਕਿਹਾ, ਇਹ ਬੰਦਾ ਕੌਣ ਹੈ? ਉਨ੍ਹਾਂ ਦੱਸਿਆ ਕਿ ਇਸੇ ਬੰਦੇ ਦਾ ਕੰਮ ਹੈ। ਮੈਂ ਉਸ ਨੂੰ ਪੁੱਛਿਆ ਕਿ ਉਹ ਕੰਮ ਦੱਸੇ, ਉਹ ਬੜੇ ਹੌਂਸਲੇ ਨਾਲ ਬੋਲਿਆ, ਸਰ , ਮੈਂ ਸੂਦ ਅਰਜ਼ੀ ਨਵੀਸ ਹਾਂ ਮੇਰੇ ਖਿਲਾਫ ਪੁਰੀ ਨਾਇਬ ਤਹਿਸੀਲਦਾਰ ਨੇ ਗਲਤ ਪਰਚਾ ਦਰਜ਼ ਕਰਵਾ ਦਿੱਤਾ, ਆਪ ਜੀ ਨੂੰ ਗਲਤ ਤੱਥ ਦੱਸ ਕੇ। ਮੈਂ ਕਿਹਾ ਅੱਛਾ! ਤੁਸੀਂ ਹੋ ਸੂਦ ਅਰਜ਼ੀ ਨਵੀਸ! ਤੁਹਾਡਾ ਨਾਮ ਸੁਣਿਆ ਸੀ, ਪਰ ਦਰਸ਼ਨ ਨਹੀਂ ਸੀ ਹੋਏ। ਅੱਛਾ! ਆਪਣੀ ਗੱਲ ਸੁਣਾਓ, ਉਸ ਨੇ ਤੱਥਾਂ ਨੂੰ ਤੋੜ ਮੋੜ ਨੇ ਆਪਣੇ ਆਪ ਨੂੰ ਬੇਗੁਨਾਹ ਦੱਸਣ ਦੀ ਕੋਸ਼ਿਸ਼ ਕੀਤੀ। ਮੈਂ ਸ਼ਾਂਤ ਆੜਤੀਆ ਨੂੰ ਕਿਹਾ ਸੇਠ ਜੀ ਹੁਣ ਇਹ ਦੱਸ ਦਿਓ, ਕਿ ਇਸ ਬੰਦੇ ਦੀ ਇੱਜ਼ਤ ਪਿਆਰੀ ਹੈ ਜਾਂ ਡੀ.ਸੀ. ਦੀ ਹੁਾਂ ਤੁਹਾਡੇ ਵਾਸਤੇ! ਉਹ ਕਹਿੰਦੇ, ਜੀ ਤੁਹਾਡੀ ਇੱਜ਼ਤ ਪਹਿਲਾਂ ਬਾਕੀ ਗੱਲਾ ਫੇਰ। ਮੈਂ ਕਿਹਾ ਇਸ ਨੇ ਧੋਖਾ ਕਰਕੇ ਸਰਕਾਰ ਨੂੰ 2 ਲੱਖ ਦਾ ਚੂਨਾ ਲਾਇਆ ਹੈ, ਨਾਲੇ ਨਕਲੀ ਕਾਗਜ਼ ਤਿਆਰ ਕੀਤੇ ਹਨ। ਇਸ ਦੇ ਖਿਲਾਫ ਪਰਜਾ ਦਰਜ਼ ਹੈ।
ਮੈਂ ਇਸ ਨੂੰ ਫੜਨ ਲਈ ਐਸ.ਐਸ.ਪੀ. ਨੂੰ ਰੋਜ਼ ਫੋਨ ਕਰਦਾ ਹਾਂ। ਜੇਕਰ ਇਹ ਮੇਰੇ ਦਫਤਰੋਂ ਖਾਲੀ ਮੁੜ ਗਿਆ ਤਾਂ ਐਸ.ਐਸ.ਪੀ. ਕਹੇਗਾ ਕਿ ਮੈਂ ਮੁਰਜ਼ਮ ਨੂੰ ਦਫਤਰੋਂ ਆਏ ਨੂੰ ਮੋੜ ਦਿੱਤਾ ਤੇ ਪੁਲਿਸ ਨੂੰ ਫੜਨ ਵਾਸਤੇ ਜ਼ੋਰ ਪਾ ਰਿਹਾ ਹਾਂ ਇਸ ਲਈ ਇਸ ਨੂੰ ਮੇਰੇ ਦਫਤਰ ਨਹੀਂ ਆਉਣਾ ਚਾਹੀਦਾ ਸੀ। ਹੁਣ ਇਹ ਗ੍ਰਿਫਤਾਰ ਹੋਵੇਗਾ। ਮੈਂ ਘੰਟੀ ਮਾਰੀ ਆਪਣੇ ਗਾਰਦ ਹੌਲਦਾਰ ਨੂੰ ਕਿਹਾ ਕਿ ਸੂਦ ਸਾਹਿਬ ਅਰਜ਼ੀ ਨਵੀਸ ਨੂੰ ਪੁਲਿਸ ਸਟੇਸ਼ਨ ਜਿਪਸੀ ਵਿੱਚ ਬਿਠਾ ਕੇ ਐਸ.ਐਚ.ਓ. ਦੇ ਹਵਾਲੇ ਕਰ ਆਓ।
ਸੂਦ ਅਰਜ਼ੀ ਨਵੀਸ ਗ੍ਰਿਫਤਾਰ ਹੋ ਗਿਆ। ਸਾਡੇ ਆੜਤੀਏ ਵਾਪਿਸ ਚਲੇ ਗਏ। ਸੂਦ ਦੀ ਜ਼ਮਾਨਤ ਦੀ ਬਜਾਏ 7 ਦਿਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ। ਉਸ ਤੋਂ ਬਾਕੀ ਮੁਲਜ਼ਮਾਂ ਦੀ ਰਿਸ਼ਤੇਦਾਰੀ ਅਮਰੀਕਾ ਮੇਰੇ ਦੋਸਤਾਂ ਨਾਲ ਪੈਂਦੀ ਸੀ। ਉਨ੍ਹਾਂ ਦੇ ਫੋਨ ਵਾਰ ਵਾਰ ਆਉਣ ਕਿ ਇਹ ਵਿਚਾਰੇ ਬੇਗੁਨਾਹ ਹਨ। ਮੈਂ ਕਿਹਾ ਇਹ ਤਾਂ ਅਸੀਂ ਜਾਣਦੇ ਹਾਂ ਕਿ ਬੇਗੁਨਾਹ ਹਨ ਪਰ ਇਨ੍ਹਾਂ ਦੀ ਜ਼ਮਾਨਤ ਨਹੀਂ ਹੁੰਦੀ। ਉਹ ਵਾਅਦਾ ਮੁਆਫ ਗੁਆਹ ਬਣਨ ਲਈ ਤਿਆਰ ਹੋ ਗਏ। ਉਨ੍ਹਾਂ ਨੇ ਜਲਦੀ ਅਮਰੀਕਾ ਜਾਣਾ ਸੀ। ਉਹ ਵੀ ਗ੍ਰਿਫਤਾਰ ਹੋ ਕੇ 7 ਦਿਨਾਂ ਬਾਅਦ ਜ਼ਮਾਨਤ ’ਤੇ ਬਾਹਰ ਆ ਗਏ। ਉਹ ਵਾਅਦਾ ਮਾਫ ਗੁਆਹ ਬਣ ਗਏ ਪਰ ਸੂਦ ਦੀ ਜ਼ਮਾਨਤ ਦੋ ਮਹੀਨੇਂ ਨਹੀਂ ਹੋਈ। ਐਨੇ ਨੂੰ ਕੁਝ ਦਿਨਾਂ ਬਾਅਦ ਮੇਰੀ ਬਦਲੀ ਡੀ.ਸੀ. ਸੰਗਰੂਰ ਹੋ ਗਈ। ਸੂਦ ਦਾ ਵਸੀਕਾ ਨਵੀਸੀ ਦਾ ਲਾਇੰਸਸ ਵੀ ਰੱਦ ਕਰਨ ਲਈ ਨੋਟਿਸ ਜਾਰੀ ਹੋਇਆ ਸੀ ਪਰ ਲੰਬਤ ਹੀ ਰਿਹਾ।
ਦੋ ਤਿੰਨ ਮਹੀਨੇ ਬਾਅਦ ਮੇਰੇ ਕੋਲ ਡੀ.ਸੀ. ਬਰਨਾਲਾ ਦੇ ਵਿਦੇਸ਼ੀ ਛੁੱਟੀ ਜਾਣ ਕਾਰਨ ਦੋਹਰਾ ਚਾਰਜ ਆ ਗਿਆ। ਮੇਰੇ ਕੋਲ ਜਦ ਸੂਦ ਦੀ ਫਾਇਲ ਆਈ ਤਾਂ ਮੈਂ ਹੈਰਾਨ ਹੋ ਗਿਆ ਕਿ ਉਸ ਦਾ ਲਾਇਸੰਸ ਰੱਦ ਕਿਉਂ ਨਹੀਂ ਕੀਤਾ। ਲੱਗਦਾ ਸੀ ਡੀ.ਸੀ. ’ਤੇ ਰਾਜਨੀਤਿਕ ਦਬਾਅ ਸੀ ਇਸ ਲਈ ਮੈਂ ਝੱਟ ਦੇਣੀ ਉਸਦਾ ਲਾਇਸੰਸ ਰੱਦ ਕਰਨ ਦਾ ਹੁਕਮ ਪਾਸ ਕਰ ਦਿੱਤਾ।
ਬੇਈਮਾਨ, ਭ੍ਰਿਸ਼ਟ ਤੇ ਹੇਰਾ-ਫੇਰੀ ਕਰਨ ਵਾਲੇ ਬੰਦਿਆਂ ਦੇ ਹੱਥ ਲੰਮੇ ਹੁੰਦੇ ਹਨ। ਉਹ ਪੈਸਾ, ਸਿਫਾਰਸ਼, ਮਿਹਨਤ ਤਰਲਾ, ਦਬਾਅ ਜੋ ਵੀ ਹਥਿਆਰ ਚਲ ਸਕਦਾ ਹੋਵੇ, ਚਲਾ ਕੇ ਆਪਣੇ ਮਨਸੂਬੇ ਕਾਮਯਾਬ ਕਰ ਲੈਂਦੇ ਹਨ। ਇਸ ਲਈ ਇਹਨਾਂ ਦੇ ਨੱਥ ਪਾਉਣ ਲਈ ਵੀ ਲੰਮੇ ਹੱਥ ਕਰਕੇ ਕਰਾਰੇ ਹੱਥੀਂ ਫੜਨਾ ਪੈਂਦਾ ਹੈ।


