ਪੰਜਾਬੀ ਫ਼ਿਲਮਾਂ ‘ਇੱਕ ਕੁੜੀ ਪੰਜਾਬ ਦੀ’, ‘ਨੌਟੀ ਜੱਟਸ’, ‘ਯਾਰਾਂ ਨਾਲ ਬਹਾਰਾਂ-2’, ‘ਅੱਜ ਦੇ ਰਾਂਝੇ’ ਅਤੇ ਹਿੰਦੀ ਫ਼ਿਲਮ ‘ਹਾਈਵੇ’ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਰਮਜੀਤ ਬਰਾੜ ਦਾ ਜਨਮ ਸਿਰਸਾ (ਹਰਿਆਣਾ) ਵਿਖੇ ਮਾਤਾ ਹਰਦੀਪ ਕੌਰ, ਪਿਤਾ ਮਿੱਠੂ ਸਿੰਘ ਬਰਾੜ ਦੇ ਘਰ ਹੋਇਆ। ਕਰਮਜੀਤ ਬਰਾੜ ਦਾ ਦੱਸਣਾ ਹੈ ਕਿ ਮੈਂ ਬਚਪਨ ਤੋਂ ਪੰਜਾਬੀ ਫ਼ਿਲਮਾਂ ਦਾ ਬਹੁਤ ਵੱਡਾ ਮੁਰੀਦ ਰਿਹਾ ਹਾਂ। ਕਈ ਫ਼ਿਲਮਾਂ ਤਾਂ ਅਜਿਹੀਆਂ ਹਨ ਜਿੰਨਾਂ ਨੂੰ ਮੈਂ 10 ਤੋਂ ਲੈ ਕੇ 20 ਵਾਰ ਤੱਕ ਵੀ ਦੇਖਿਆ ਹੈ। ਉਸ ਨੇ ਦੱਸਿਆ ਕਿ ਫ਼ਿਲਮਾਂ ਦੇਖਦੇ-ਦੇਖਦੇ ਹੀ ਉਸ ਅੰਦਰ ਫ਼ਿਲਮਾਂ ਵਿਚ ਕੰਮ ਕਰਨ ਦਾ ਜਨੂੰਨ ਪੈਦਾ ਹੋ ਗਿਆ ਤੇ ਉਸ ਨੇ ਪ੍ਰਸਿੱਧ ਫ਼ਿਲਮ ਨਿਰਦੇਸ਼ਕ ਮਨਮੋਹਨ ਸਿੰਘ ਦੀ ਫ਼ਿਲਮ ‘ਇੱਕ ਕੁੜੀ ਪੰਜਾਬ ਦੀ’ ਲਈ ਰੱਖੇ ਆਡੀਸ਼ਨ ’ਚ ਇੱਕ ਹਰਿਆਣਵੀ ਨੌਜਵਾਨ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਮਨਮੋਹਨ ਸਿੰਘ ਨੇ ਮੈਨੂੰ ‘ਅੱਜ ਦੇ ਰਾਂਝੇ’ ਫ਼ਿਲਮ ਵਿਚ ਵੀ ਰੋਲ ਦਿੱਤਾ ਜਿਸ ਨੂੰ ਮੈਂ ਪੂਰੀ ਸ਼ਿੱਦਤ ਨਾਲ ਨਿਭਾਇਆ। ਇਸ ਤੋਂ ਇਲਾਵਾ ਉਸ ਨੇ ਫ਼ਿਲਮ ਨਿਰਦੇਸ਼ਕ ਦਰਸ਼ਨ ਦਰਵੇਸ਼ ਦੀ ਚਰਚਿਤ ਪੰਜਾਬੀ ਫ਼ਿਲਮ ‘ਬੱਤਰ ’ਚ ਵੀ ਅਹਿਮ ਭੂਮਿਕਾ ਨਿਭਾਈ। ਉਸ ਨੇ ਦੱਸਿਆ ਕਿ ਇੰਗਲਿਸ਼ ਫ਼ਿਲਮ ‘ਓ ਡਾਰਕ 30’ ਤੇ ਹਿੰਦੀ ਫ਼ਿਲਮ ‘ਹਾਈਵੇ’ ਨੇ ਉਸ ਨੂੰ ਦੁਨੀਆ ਭਰ ’ਚ ਇੱਕ ਵੱਖਰੀ ਪਹਿਚਾਣ ਦਿੱਤੀ। ਜਸਵੀਰ ਸਿੰਘ ਬੋਪਾਰਾਏ ਦੀ ਪ੍ਰੋਡਕਸ਼ਨ ਅਤੇ ਦਰਸ਼ਨ ਦਰਵੇਸ਼ ਦੇ ਨਿਰਦੇਸ਼ਨਾਂ ਹੇਠ ਜਲਦ ਆ ਰਹੀ ਪੰਜਾਬੀ ਫ਼ਿਲਮ ‘ਦੀ ਬਲੱਡ ਸਟਰੀਟ’ ਤੋਂ ਕਰਮਜੀਤ ਨੂੰ ਪੂਰੀਆਂ ਆਸਾਂ ਹਨ। ਉਸ ਨੇ ਦੱਸਿਆ ਕਿ ਇਹ ਪੰਜਾਬੀ ਫ਼ਿਲਮ ਪੰਜਾਬੀ ਫ਼ਿਲਮ ਇੰਡਸਟਰੀ ’ਚ ਮੀਲ ਦਾ ਪੱਥਰ ਸਾਬਤ ਹੋਵੇਗੀ। ਉਸ ਨੇ ਦੱਸਿਆ ਕਿ ਕਈ ਹੋਰ ਜਲਦ ਆ ਰਹੀਆਂ ਫ਼ਿਲਮਾਂ ‘ਪੰਜਾਬ 1984’, ‘ਆ ਗਏ ਮੁੰਡੇ ਯੂ ਕੇ’ ਦੇ ’ਚ ਵੀ ਉਹ ਵੱਖਰੇ ਕਿਰਦਾਰ ਵਿਚ ਦਿਖਾਈ ਦੇਵੇਗਾ। ਕਰਮਜੀਤ ਬਰਾੜ ਨੇ ਦੱਸਿਆ ਕਿ ਮੇਰੇ ਫ਼ਿਲਮੀ ਜੀਵਨ ’ਚ ਮੇਰੇ ਗੌਡ ਫਾਦਰ ਤੇ ਪ੍ਰਸਿੱਧ ਨਿਰਦੇਸ਼ਕ ਸ: ਮਨਮੋਹਨ ਸਿੰਘ ਦਾ ਬਹੁਤ ਵੱਡਾ ਹੱਥ ਹੈ।
ਝ ਵਿਕਰਮ ਸਿੰਘ ਵਿੱਕੀ
ਸੰਪਰਕ 75082-42992
ਕਿਰਦਾਰ ਨੂੰ ਜੀ-ਜਾਨ ਨਾਲ ਨਿਭਾਉਣ ਦੀ ਕੋਸ਼ਿਸ਼ ਕਰਦਾ ਹਾਂ-ਕਰਮਜੀਤ ਬਰਾੜ


