ਮੋਗਾ, 20 ਜੁਲਾਈ (ਅਮਰੀਕ ਮੁਦਕਾ, ਨਰੇਸ਼ ਬੌਬੀ)-ਪੈਸੇ ਅਤੇ ਨਸ਼ੇ ਨੇ ਲੋਕਾਂ ਦੇ ਖੂਨ ਨੂੰ ਇੰਨਾ ਚਿੱਟਾ ਕਰ ਦਿੱਤਾ ਹੈ ਕਿ ਰਿਸ਼ਤਿਆਂ ਦੀ ਡੋਰ ਕੱਚੀ ਪੈ ਗਈ ਹੈ। ਇਸੇ ਦੀ ਤਾਜਾ ਮਿਸਾਲ ਪਿੰਡ ਦੁਸਾਂਝ ‘ਚ ਦੇਖਣ ਨੂੰ ਮਿਲੀ ਜਿੱਥੇ ਇਕ ਪੁੱਤਰ ਨੇ ਆਪਣੀ ਨਸ਼ਾ ਪੂਰਤੀ ਲਈ ਪਿਓ ਵੱਲੋਂ ਪੈਸੇ ਨਾ ਦੇਣ ‘ਤੇ ਉਸ ਦਾ ਗਲਾ ਵੱਢ ਕੇ ਕਤਲ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਦੁਸਾਂਝ ਰੋਡ ਮੋਗਾ ‘ਤੇ ਰਹਿੰਦੇ ਜਾਗੀਰ ਸਿੰਘ (55) ਨਿਵਾਸੀ ਮੁੱਦਕੀ ਦੀ ਸ਼ਨੀਵਾਰ ਨੂੰ ਤੜਕਸਾਰ ਉਸ ਦੇ ਆਪਣੇ ਹੀ ਬੇਟੇ ਗੋਰਾ (ਗੁਰਬਚਨ ਸਿੰਘ) ਨੇ ਸਿਰ ਅਤੇ ਧੌਣ ਆਦਿ ‘ਤੇ ਕੁਹਾੜੇ ਮਰਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਇਸ ਸਬੰਧ ਵਿਚ ਮ੍ਰਿਤਕ ਦੀ ਪਤਨੀ ਛਿੰਦਰ ਕੌਰ ਨੇ ਦੱਸਿਆ ਕਿ ਉਸ ਦੀਆਂ 2 ਬੇਟੀਆਂ ਤੇ ਇਕ ਬੇਟਾ ਹੈ। ਕਥਿਤ ਆਰੋਪੀ ਬੇਟਾ ਗੁਰਬਚਨ ਸਿੰਘ ਉਰਫ਼ ਗੋਰਾ ਜੋ ਸ਼ਾਦੀਸ਼ੁਦਾ ਹੈ ਅਤੇ ਉਸ ਦੇ 2 ਬੱਚੇ ਵੀ ਹਨ। ਪਰ ਉਸ ਦਾ ਵਿਵਹਾਰ ਚੰਗਾ ਨਾ ਹੋਣ ਕਾਰਨ ਉਸ ਦੀ ਪਤਨੀ ਉਸ ਤੋਂ ਵੱਖ ਰਹਿਣ ਲੱਗੀ। ਛਿੰਦਰ ਕੌਰ ਨੇ ਦੱਸਿਆ ਕਿ ਮੈਂ ਅਤੇ ਮੇਰਾ ਪਤੀ ਪਿਛਲੇ 20-25 ਸਾਲਾਂ ਤੋਂ ਦੁਸਾਂਝ ਰੋਡ ਮੋਗਾ ‘ਤੇ ਸਥਿਤ ਹਰਬੰਸ ਸਿੰਘ ਦੀ ਮੋਟਰ ‘ਤੇ ਰਹਿ ਰਹੇ ਹਾਂ ਅਤੇ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਹਨ। ਬੀਤੇ ਦਿਨ 19 ਜੁਲਾਈ ਨੂੰ ਗੋਰਾ ਸਾਡੇ ਕੋਲ ਆਇਆ ਤੇ ਨਸ਼ੇ ਲਈ ਪੈਸਿਆਂ ਦੀ ਮੰਗ ਕਰਨ ਲੱਗਾ ਪ੍ਰੰਤੂ ਮੈਂ ਤੇ ਮੇਰੀ ਪਤੀ ਜਾਗੀਰ ਸਿੰਘ ਨੇ ਉਸ ਨੂੰ ਪੈਸੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਉਸ ਨੂੰ ਸਮਝਾਇਆ ਵੀ, ਜਿਸ ਕਾਰਨ ਉਹ ਸਾਡੇ ਨਾਲ ਝਗੜਾ ਕਰਕੇ ਵਾਪਸ ਚਲਾ ਗਿਆ। ਅੱਜ ਤੜਕਸਾਰ ਗੋਰਾ ਫਿਰ ਸਾਡੇ ਕੋਲ ਮੋਟਰ ‘ਤੇ ਆ ਧਮਕਿਆ ਤੇ ਗਾਲੀ ਗਲੋਚ ਕਰਦਾ ਰਿਹਾ। ਇਸੇ ਦੌਰਾਨ ਉਸਨੇ ਮੇਰਾ ਪਤੀ (ਆਪਣੇ ਪਿਤਾ) ਜਾਗੀਰ ਸਿੰਘ ਦੀ ਸਿਰ, ਧੌਣ ਆਦਿ ਤੇ ਕੁਹਾੜੇ ਮਾਰਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਅਤੇ ਕੁਹਾੜਾ ਉਥੇ ਹੀ ਸੁੱਟਕੇ ਫਰਾਰ ਹੋ ਗਿਆ। ਜਿਸਤੇ ਮੈਂ ਰੌਲਾ ਪਾਇਆ ਤੇ ਲੋਕ ਆ ਗਏ ਅਸੀਂ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਜਿਸ ਤੇ ਪੁਲਸ ਅਧਿਕਾਰੀ ਮੌਕੇ ਤੇ ਆ ਗਏ ਤੇ ਜਾਂਚ ਕੀਤੀ ਗਈ। ਉਕਤ ਹੱਤਿਆ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਟੀ-1 ਦੇ ਮੁੱਖ ਅਫ਼ਸਰ ਜਸਵਰਿੰਦਰ ਸਿੰਘ ਨੇ ਦੱਸਿਆ ਕਥਿਤ ਆਰੋਪੀ ਗੋਰਾ ਨੂੰ ਕਾਬੂ ਕਰਨ ਲਈ ਕਈ ਥਾਵਾਂ ਤੇ ਛਾਪਾਮਾਰੀ ਕੀਤੀ ਗਈ ਪ੍ਰੰਤੂ ਉਹ ਕਾਬੂ ਨਹੀਂ ਆ ਸਕਿਆ।
ਪੁੱਤਰ ਨੇ ਕੁਹਾੜਾ ਮਾਰ ਕੇ ਵੱਢਿਆ ਪਿਓ



