ਚੰਡੀਗੜ੍ਹ, 17 ਜੁਲਾਈ (ਪੀ. ਟੀ)- ਹਰਿਆਣਾ ਵਿਧਾਨ ਸਭਾ ਵਲੋਂ ਬੀਤੇ ਹਫਤੇ ਸਤਲੁਜ-ਯਮੁਨਾ ਲਿੰਕ ਨਹਿਰ (ਐਸ. ਵਾਈ ਐਲ.) ਦੇ ਮੁੱਦੇ ਤੇ ਪਾਸ ਕੀਤੇ ਗਏ ਇਕ ਮਤੇ ਉਪਰੰਤ ਇਹ ਮਾਮਲਾ ਫੇਰ ਗਰਮਾ ਗਿਆ ਹੈ ਤੇ ਅੱਜ ਇਸ ਮੁੱਦੇ ਤੇ ਪੰਜਾਬ ਦੀ ਅਕਾਲੀ-ਭਾਜਪਾ ਦੀ ਸੱਤਾਧਾਰੀ ਧਿਰ ਤੇ ਕਾਂਗਰਸ ਦੀ ਵਿਰੋਧੀ ਧਿਰ ਵੀ ਮਿਹਣੋ-ਮਿਹਣੀ ਹੋ ਗਏ। ਦਿਲਚਸਪ ਗੱਲ ਇਹ ਰਹੀ ਕਿ ਐਨਡੀਏ ਸਰਕਾਰ ਵਲੋਂ ਨਹਿਰੀ ਮੁੱਦੇ ਨੂੰ ਜੋੜਨ ਦੇ ਸੁਆਲ ਰਾਹੀਂ ਐਸ. ਵਾਈ. ਐਲ. ਦਾ ਮੁੱਦਾ ਚੁੱਕਣ ਵਾਲੀ ਕਾਂਗਰਸ ਧਿਰ ਨੂੰ ਜਥੇਦਾਰ ਤੋਤਾ ਸਿੰਘ ਨੇ ਇਸ ਮਸਲੇ ਤੇ ਹਾਊਸ ਚ ਕਸੂਤੀ ਸਥਿਤੀ ਚ ਫਸਾ ਦਿਤਾ।
ਵਿਰੋਧੀ ਧਿਰ ਕਾਂਗਰਸ ਦੇ ਆਗੂ ਸੁਨੀਲ ਜਾਖੜ ਨੇ ਮੁੱਦਾ ਚੁੱਕਦਿਆਂ ਕਿਹਾ ਕਿ ਕੇਂਦਰ ਦੀ ਐਨਡੀਏ ਸਰਕਾਰ ਵਲੋਂ ਨਹਿਰਾਂ ਨੂੰ ਜੋੜਨ ਦੀ ਯੋਜਨਾ ਹੈ ਤੇ ਇਸ ਲਈ 100 ਕਰੋੜ ਜਾਰੀ ਵੀ ਕਰ ਦਿਤੇ ਗਏ ਹਨ ਤੇ ਦੂਜੇ ਪਾਸੇ ਹਰਿਆਣਾ ਵਲੋਂ ਐਸਵਾਈਐਲ ਦਾ ਮਤਾ ਪਾਸ ਕੀਤਾ ਗਿਆ ਹੈ। ਇਸ ਮੁੱਦੇ ਤੇ
ਅਕਾਲੀ-ਭਾਜਪਾ ਸਰਕਾਰ ਆਪਣੀ ਸਥਿਤੀ ਸਪਸ਼ਟ ਕਰੇ। ਉਨ੍ਹਾਂ ਕਿਹਾ ਕਿ ਬਾਦਲ ਇਸ ਮਸਲੇ ਤੇ ਚੁੱਪ ਹਨ ਤੇ ਬੀਜੇਪੀ ਨੂੰ ਵੀ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ। ਇਸ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਕਿ ਸਾਡਾ ਪਹਿਲੇ ਦਿਨ ਤੋਂ ਸਟੈਂਡ ਹੈ ਕਿ ਪੰਜਾਬ ਦਾ ਪਾਣੀ ਕਿਤੇ ਵੀ ਬਾਹਰ ਨਹੀਂ ਜਾਣ ਦਿਤਾ ਜਾਵੇਗਾ। ਇਸ ਮਸਲੇ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਮੈਂ (ਸੁਖਬੀਰ) ਕੇਂਦਰ ਕੋਲ ਵੀ ਕਈ ਵਾਰ ਜਾ ਚੁੱਕੇ ਹਾਂ ਤਾਂ ਤੇ ਸੁਪਰੀਮ ਕੋਰਟ ਚ ਕੇਸ ਵੀ ਲੜ ਰਹੇ ਹਾਂ। ਅਕਾਲੀ ਇਸ ਤੋਂ ਬਾਦ ਸੱਤਾਧਾਰੀ ਤੇ ਵਿਰੋਧੀ ਧਿਰ ਆਗੂਆਂ ਚ ਕਾਫੀ ਤੂੰ ਤੂੰ ਮੈਂ ਮੈਂ ਹੋਈ। ਸੱਤਾਧਾਰੀ ਬਿਕਰਮ ਮਜੀਠੀਆ, ਸਿਕੰਦਰ ਸਿੰਘ ਮਲੂਕਾ ਤੇ ਤੋਤਾ ਸਿੰਘ ਅਤੇ ਵਿਰੋਧੀ ਧਿਰ ਆਗੂ ਅਜੀਤ ਇੰਦਰ ਸਿੰਘ ਮੋਫਰ, ਸੁਖਜਿੰਦਰ ਸਿੰਘ ਰੰਧਾਵਾ ਤੇ ਬਲਬੀਰ ਸਿੱਧੂ ਸਮੇਤ ਦੋਵਾਂ ਧਿਰਾਂ ਇਸ ਮਸਲੇ ਤੇ ਮਿਹਣੋ-ਮਿਹਣੀਂ ਹੋ ਗਈਆਂ।ਇਸ ਦੌਰਾਨ ਜਥੇਦਾਰ ਤੋਤਾ ਸਿੰਘ ਨੇ ਉਠਕੇ ਕਾਂਗਰਸੀ ਮੈਂਬਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਕਾਂਗਰਸੀ ਇਸ ਮਸਲੇ ਤੇ ਡਰਾਮਾ ਕਰ ਰਹੇ ਹਨ। 1981 ਚ ਜਿਸ ਵੇਲੇ ਕਪੂਰੀ ਵਿਖੇ ਐਸਵਾਈਐਲ ਦਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ ਟੱਕ ਲਾਇਆ ਗਿਆ ਸੀ ਤਾਂ ਪੰਜਾਬ ਦੇ ਕਾਂਗਰਸੀ ਆਗੂ ਉਥੇ ਹੁੰਮ-ਹੁੰਮਾਕੇ ਪੁੱਜੇ ਸਨ। ਉਸ ਟੱਕ ਨੂੰ ਮੈਂ ਤੋੜ ਕੇ ਆਇਆ ਸੀ ਤੇ ਇਸ ਲਈ 15 ਦਿਨ ਦੀ ਜੇਲ੍ਹ ਵੀ ਕੱਟੀ ਸੀ।
ਇਸ ਦੌਰਾਨ ਪੰਜਾਬ ਵਿਧਾਨ ਸਭਾ ਵਲੋਂ ਅੱਜ ਇਕ ਮਤਾ ਪਾਸ ਕਰਕੇ ਪੰਜਾਬ ਸਰਕਾਰ ਨੂੰ ਹੁਕਮ ਦਿਤਾ ਗਿਆ ਕਿ ਉਹ ਕੇਂਦਰ ਸਰਕਾਰ ਕੋਲ ਇਹ ਮਸਲਾ ਚੁੱਕੇ ਕਿ ਕੋਈ ਵੀ ਰਾਜ ਦੂਜੇ ਰਾਜ ਦੇ ਧਾਰਮਕ ਮਾਮਲਿਆਂ ਚ ਕਿਸੇ ਕਿਸਮ ਦੀ ਦਖਲਅੰਦਾਜ਼ੀ ਨਾ ਕਰੇ। ਇਹ ਮਤਾ ਦਰਅਸਲ ਹਰਿਆਣਾ ਦੀ ਭੁਪਿੰਦਰ ਸਿੰਘ ਹੁੱਡਾ ਸਰਕਾਰ ਵਲੋਂ ਬਣਾਈ ਹਰਿਆਣਾ ਦੀ ਵੱਖਰੀ ਕਮੇਟੀ ਵਿਰੁੱਧ ਸੀ, ਜਿਸ ਨੂੰ ਭੁਲੱਥ ਦੀ ਅਕਾਲੀ ਵਿਧਾਇਕਾ ਬੀਬੀ ਜਗੀਰ ਕੌਰ ਵਲੋਂ ਚੁੱਕਿਆ ਗਿਆ। ਇਸ ਮਤੇ ਨੂੰ ਭਾਵੇਂ ਹਾਊਸ ਨੇ ਪਾਸ ਕਰ ਦਿਤਾ ਪਰ ਕਾਂਗਰਸੀ ਵਿਧਾਇਕਾਂ ਨੇ ਇਸ ਮਤੇ ਦੀ ਵਿਰੋਧਤਾ ਕਰਕੇ ਹਰਿਆਣਾ ਦੀ ਵੱਖਰੀ ਕਮੇਟੀ ਦੇ ਹੱਕ ਚ ਹਾਮੀ ਭਰੀ।
ਉਤਰਾਖੰਡ ’ਚ ਭਾਰੀ ਮੀਂਹ ਕਾਰਨ ਸੈਂਕੜੇ ਸ਼ਰਧਾਲੂ ਫਸੇ
ਦੇਹਰਾਦੂਨ, 17 ਜੁਲਾਈ (ਪੀ. ਟੀ)- ਦੋ ਦਿਨਾਂ ਤੋਂ ਲਗਾਤਾਰ ਜਾਰੀ ਭਾਰੀ ਮੀਂਹ ਨੇ ਉਤਰਖੰਡ ‘ਚ ਜਨ ਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਸੜਕਾਂ ਦੇ ਕਈ ਸਥਾਨਾਂ ਤੋਂ ਬੰਦ ਹੋਣ ਕਾਰਨ ਚਾਰਧਾਮ ਯਾਤਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਮੌਸਮ ਵਿਭਾਗ ਨੇ ਅੱਜ ਵੀ ਭਾਰੀ ਮੀਂਹ ਦਾ ਅਨੁਮਾਨ ਲਗਾਇਆ ਹੈ। ਜਿਸ ਕਾਰਨ ਇਥੇ ਹਾਲਾਤਾਂ ‘ਚ ਕੁਝ ਦਿਨ ਸੁਧਾਰ ਹੋਣ ਦੀ ਉਮੀਦ ਨਹੀਂ ਕੀਤੀ ਜਾ ਰਹੀ। ਲਗਾਤਾਰ ਹੋ ਰਹੀ ਬਾਰਸ਼ ਕਾਰਨ ਜਮੀਨ ਖਿਸਕਣ ਦਾ ਖਤਰਾ ਬਣਿਆ ਹੋਇਆ ਹੈ। ਕਈ ਸਥਾਨਾਂ ‘ਤੇ ਸੈਂਕੜੇ ਤੀਰਥ ਯਾਤਰੀ ਫਸੇ ਹੋਏ ਹਨ।



