ਨਵੀਂ ਦਿੱਲੀ 16 ਜੁਲਾਈ (ਮਨਪ੍ਰੀਤ ਸਿੰਘ ਖਾਲਸਾ)- ਦਿੱਲੀ ਦੀ ਤਿਹਾੜ ਜੇਲ ਵਿਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਦਾ ਬੀਤੇ ਦਿਨ ਅਦਾਲਤ ਅਤੇ ਗਵਰਨਰ ਸਾਹਿਬ ਵਲੋਂ ਜਾਰੀ ਕੀਤੇ ਗਏ ਆਦੇਸ਼ ਮੁਤਾਬਿਕ ਇਲਾਜ ਸ਼ੁਰੂ ਹੋ ਗਿਆ ਹੈ । ਇਸ ਗਲ ਦੀ ਜਾਣਕਾਰੀ ਦੇਦੇਆਂ ਹੋਇਆ ਭਾਈ ਹਵਾਰਾ ਦੀ ਭੈਣ ਬੀਬੀ ਮਨਪ੍ਰੀਤ ਕੌਰ ਜੋ ਕਿ ਕਲ ਹੀ ਭਾਈ ਹਵਾਰਾ ਨਾਲ ਮੁਲਾਕਾਤ ਕਰਕੇ ਆਏ ਹਨ, ਨੇ ਦਸਿਆ ਕਿ ਅਜ ਵੀ ਭਾਈ ਹਵਾਰਾ ਨੂੰ ਪਹੀਆਂ ਵਾਲੇ ਸਟਰੇਚਰ ਤੇ ਲੈ ਕੇ ਆਏ ਸਨ ਤੇ ਉਨ੍ਹਾਂ ਨੇ ਸਟਰੇਚਰ ਤੇ ਲੇਟਿਆਂ ਹੋਏ ਹੀ ਸਾਡੇ ਨਾਲ ਮੁਲਾਕਾਤ ਕੀਤੀ ਸੀ । ਧਿਆਨ ਦੇਣ ਯੋਗ ਹੈ ਕਿ ਭਾਈ ਹਵਾਰਾ ਪਿਛਲੇ ਦੋ ਮਹੀਨੇ ਤੋਂ ਪੀਠ ਅਤੇ ਖੱਬੇ ਪਾਸੇ ਦੀ ਲੱਤ ਦੀ ਦਰਦ ਨਾਲ ਬਹੁਤ ਪਰੇਸ਼ਾਨ ਸਨ ਤੇ ਜੇਲ੍ਹ ਵਲੋਂ ਉਨ੍ਹਾਂ ਦੀ ਬਿਮਾਰੀ ਨੂੰ
ਅਨਦੇਖਾ ਕੀਤਾ ਜਾ ਰਿਹਾ ਸੀ । ਉਨ੍ਹਾਂ ਦਸਿਆ ਕਿ ਭਾਈ ਹਵਾਰਾ ਨੇ ਮੁਲਾਕਾਤ ਦੌਰਾਨ ਦਸਿਆ ਕਿ ਅਜ ਉਨ੍ਹਾਂ ਨੂੰ ਦਿੱਲੀ ਦੇ ਏਮਸ ਹਸਪਤਾਲ ਵਿਚ ਸਵੇਰੇ 7 ਵਜੇ ਲੈ ਕੇ ਗਏ ਸਨ ਤੇ ਭਾਈ ਸਾਹਿਬ ਨੂੰ ਬਸ ਵਿਚ ਬਿਠਾ ਕੇ ਸਿਕਿਉਰਟੀ ਵਾਲੇ ਉਨ੍ਹਾਂ ਦੇ ਇਲਾਜ ਕਰਵਾਉਣ ਦੀ ਤਰੀਖ 30 ਜੁਲਾਈ ਪਵਾ ਲਿਆਏ । ਜਦ ਭਾਈ ਸਾਹਿਬ ਨੂੰ ਇਹ ਪਤਾ ਲਗਿਆ ਤਦ ਉਹ ਉੱਥੇ ਹੀ ਖਫਾ ਹੋ ਗਏ ਕਿ ਤੁਸੀ ਮੈਨੂੰ ਤੇ ਡਾਕਟਰ ਸਾਹਿਬ ਕੋਲ ਲੈ ਕੇ ਨਹੀ ਗਏ ਜੇਕਰ ਖਾਲੀ ਤਰੀਖ ਹੀ ਪਵਾਉਣੀ ਸੀ ਫੇਰ ਮੈਨੂੰ ਇਥੇ ਲੈ ਕੇ ਆਉਣ ਦਾ ਕਿ ਫਾਇਦਾ ਸੀ । ਜੇਲ੍ਹ ਵਾਪਿਸ ਮੁੜਨ ਤੇ ਭਾਈ ਸਾਹਿਬ ਨੇ ਜੇਲ੍ਹ ਅਧਿਕਾਰੀਆਂ ਨੂੰ ਸਾਰੀ ਗਲ ਦੱਸੀ, ਭਾਈ ਸਾਹਿਬ ਦੀ ਹਾਲਤ ਅਤੇ ਗੁੱਸਾ ਦੇਖਦੇ ਹੋਏ ਜੇਲ ਅਧਿਕਾਰੀਆਂ ਨੇ ਤੁਰਤ ਏਮਸ ਹਸਪਤਾਲ ਫੋਨ ਕਰਕੇ ਉਥੇ ਮੋਜਦ ਅਧਿਕਾਰੀ ਨੂੰ ਦਸਿਆ ਕਿ ਭਾਈ ਸਾਹਿਬ ਦੇ ਇਲਾਜ ਲਈ ਕੋਰਟ ਵਲੋਂ ਆਦੇਸ਼ ਹਨ ਤਦ ਉਨ੍ਹਾਂ ਨੇ ਭਾਈ ਸਾਹਿਬ ਨੂੰ ਦੁਬਾਰਾ ਏਮਸ ਬੁਲਵਾ ਕੇ ਚੇਕਅਪ ਕਰਵਾਉਣ ਲਈ ਕਿਹਾ । ਇਸ ਤੇ ਜੇਲ੍ਹ ਵਲੋਂ ਭਾਈ ਸਾਹਿਬ ਨੂੰ ਦੁਬਾਰਾ 1 ਵਜੇ ਏਮਸ ਲੈ ਕੇ ਜਾਇਆ ਗਿਆ । ਜਦ ਭਾਈ ਸਾਹਿਬ ਹਸਪਤਾਲ ਪਹੁੰਚੇ ਤਦ ਤਕ ਭਾਈ ਸਾਹਿਬ ਦਾ ਚੇਕਅਪ ਕਰਨ ਵਾਲੇ ਡਾਕਟਰ ਜਾ ਚੁਕੇ ਸਨ ਤੇ ਮੋਜੁਦ ਅਧਿਕਾਰੀ ਨੇ ਬੁਧਵਾਰ ਸਵੇਰੇ ਮੁੜ ਲੈ ਕੇ ਆਉਣ ਵਾਸਤੇ ਕਹਿ ਕੇ ਵਾਪਿਸ ਭੇਜ ਦਿਤਾ, ਜਿਸ ਕਰਕੇ ਦਿਨ ਮੰਗਲਵਾਰ ਨੂੰ ਭਾਈ ਸਾਹਿਬ ਜੀ ਦਾ ਕਿਸੇ ਕਿਸਮ ਦਾ ਕੋਈ ਇਲਾਜ ਨਹੀ ਹੋ ਸਕਿਆ । ਬੀਬੀ ਮਨਪ੍ਰੀਤ ਕੌਰ ਨੇ ਦਸਿਆ ਕਿ ਉਨ੍ਹਾਂ ਨੇ ਅਜ ਬੁਧਵਾਰ ਨੂੰ ਜੇਲ ਦੇ ਸੁਪਰਟੇਡੇਟ ਨਾਲ ਰਾਬਤਾ ਕਾਇਮ ਕਰਕੇ ਭਾਈ ਸਾਹਿਬ ਦੇ ਹਾਲਾਤ ਬਾਰੇ ਪੁਛਿਆ ਤਦ ਜੇਲ ਅਧਿਕਾਰੀ ਨੇ ਦਸਿਆ ਕਿ ਅਜ ਸਵੇਰੇ ਫਿਰ ਭਾਈ ਸਾਹਿਬ ਨੂੰ ਏਮਸ ਲੈ ਕੇ ਜਾਇਆ ਗਿਆ ਸੀ ਜਿੱਥੇ ਭਾਈ ਸਾਹਿਬ ਦਾ ਚੇਕਅਪ ਕੀਤਾ ਗਿਆ ਤੇ ਜਿਸ ਉਪਰੰਤ ਭਾਈ ਸਾਹਿਬ ਨੂੰ ਕਈ ਤਰ੍ਹਾਂ ਦੇ ਟੇਸਟ ਲਈ ਵੱਖ ਵੱਖ ਤਰੀਖਾਂ ਪਾ ਕੇ ਰੈਫਰ ਕੀਤਾ ਗਿਆ ਹੈ, ਜਿਸ ਵਿਚੋ ਕੂਝ ਟੇਸਟ ਅਸੀ ਜੋ ਕਿ ਜੇਲ ਅੰਦਰ ਮੋਜੁਦ ਹਸਪਤਾਲ ਵਿਚੋਂ ਹੀ ਕਰਵਾਵਾਗੇ ਤੇ ਬਾਕੀ ਦੇ ਸਾਰੇ ਟੇਸਟ ਏਮਸ ਹਸਪਤਾਲ ਵਿਚ ਹੀ ਹੋਣਗੇ ।



