ਪੁਸਤਕ ਦੀ ਜਾਣ-ਪਹਿਚਾਣ-3
‘ਮੋਘੇ ਵਿਚਲੀ ਚਿੜੀ’
ਲੇਖਕ : ਚਰਨ ਪਪਰਾਲਵੀ
ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 60 ਰੁਪਏ, ਸਫੇ : 72
‘ਮੋਘੇ ਵਿਚਲੀ ਚਿੜੀ’ ਪੁਸਤਕ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ (ਹਰਿਆਣਾ ਸਰਕਾਰ) ਦੀ ਸਹਾਇਤਾ ਨਾਲ 2014 ਵਿੱਚ ਪ੍ਰਕਾਸ਼ਿਕ ਹੋਈ ਹੈ। ਇਹ ਪੁਸਤਕ ਬਾਲ-ਕਾਵਿ ਸੰਗ੍ਰਹਿ ਹੈ। ਇਸ ਵਿੱਚ 27 ਬਾਲ ਗੀਤ ਅਥੇ 23 ਬਾਲ ਕਵਿਤਾਵਾਂ ਸ਼ਾਮਲ ਹਨ। ‘ਦਾਦਾ ਜੀ’ ਕਵਿਤਾ ਵਿੱਚ ਦਾਦੇ ਵੱਲੋਂ ਬੱਚਿਆਂ ਨੂੰ ਸਿੱਖਿਆ ਦਿੱਤੀ ਗਈ ਹੈ ਕਿ ਉਹ ਰੋਜ਼ ਸਵੇਰੇ ਛੇਤੀ ਉੱਠਣ, ਦਾਤਣ ਕਰਨ, ਨਹਾਉਣ, ਸਾਫ ਸੁਥਰੇ ਕੱਪੜੇ ਪਾਉਣ ਅਤੇ ਮਾਤਾ ਪਿਤਾ, ਗੁਰੂ ਦਾ ਕਹਿਣਾ ਮੰਨਣ, ਪੜ੍ਹਣ-ਲਿਖਣ ਤੇ ਖੇਡਣ। ‘ਕਮਰਾ’ ਕਵਿਤਾ ਵਿੱਚ ਕਮਰੇ ਦੀ ਸਾਫ-ਸਫਾਈ ’ਤੇ ਬੱਚਿਆਂ ਨੂੰ ਸਿੱਖਿਆ ਦਿੱਤੀ ਗਈ ਹੈ। ‘ਮੋਘੇ ਵਿਚਲੀ ਚਿੜੀ’ ਬਾਲ ਗੀਤ ਵਿੱਚ ਘਰ ਵਿੱਚ ਬਣੇ ਮੋਘੇ (ਮੋਰੇ) ਵਿਚ ਰਹਿੰਦੀ ਚਿੜੀ ਦੇ ਸਤਿਕਾਰ ਦੀ ਗੱਲ ਕੀਤੀ ਹੈ ਅਤੇ ਦਾਦੇ-ਦਾਦੀ ਵੱਲੋਂ, ਜੋ ਤੜਕੇ ਉਠ ਕੇ ਕੰਮ ਕੀਤੇ ਜਾਂਦੇ ਸਨ ਭਾਵ ਦਾਦੀ ਦੁੱਧ ਰਿੜਕਦੀ, ਗੋਹਾ-ਕੂੜਾ ਸੁੱਟਦੀ, ਸਾਗ ਤੌੜੀ ਵਿੱਚ ਬਣਾਉਂਦੀ ਸੀ ਅਤੇ ਦਾਦਾ ਪਸ਼ੂਆਂ ਨੂੰ ਪੱਠੇ ਪਾਉਂਦਾ, ਧਾਰਾਂ ਕੱਢਦਾ, ਗੱਡਾ ਜੋੜ ਕੇ ਖੇਤਾਂ ਨੂੰ ਜਾਂਦਾ, ਬਾਬੇ ਫਰੀਦ ਦਾ ਦੋਹਾ ਗਾਉਂਦਾ ਸੀ, ਗੀਤ ਦੇ ਆਖੀਰ ਵਿੱਚ ਚਿੜੀ ਨੂੰ ਘਰਾਂ ਵਿੱਚੋਂ ਉਡਾ ਕੇ ਸੋਗ ਦੀ ਗੱਲ ਕੀਤੀ ਹੈ। ਇਸ ਗੀਤ ਦੇ ਸਾਰੇ ਸ਼ਬਦਾਂ ਨੂੰ ਬੜੀ ਖੂਬਸੂਰਤੀ ਨਾਲ ਪ੍ਰੋਇਆ ਹੈ। ‘ਨਾਨੀ ਜੀ’ ਬਾਲ ਗੀਤ ਵਿੱਚ ਬੱਚੇ ਨਾਨੀ ਨੂੰ ਕਹਾਣੀ ਸੁਣਾਉਣ ਲਈ ਕਹਿੰਦੇ ਨੇ, ਉਹ ਕਹਾਣੀ ਚਿੜੇ ਚਿੜੀ, ਲਵ ਕੁਸ਼, ਹਨੂੰਮਾਨ, ਬਾਲੇ, ਮਰਦਾਨੇ, ਰੂਪ ਬਸੰਤ, ਸੁੱਚਾ, ਜਿਊਣਾ, ਕੁੰਦਨ ਸੂਰਮਾ, ਗੁਰੂ ਗੋਬਿੰਦ ਸਿੰਘ, ਬੰਦਾ ਬਹਾਦਰ, ਬਾਲਕ ਨਾਥ, ਵਡਭਾਗ, ਨੈਣਾ ਦੇਵੀਕ, ਸ਼ਿਵ ਦੀ ਹੋਵੇ। ਇਸ ਗੀਤ ਵਿੱਚ ਅਨੇਕ ਕਹਾਣੀਆਂ ਦੇ ਨਾਂ ਕਵੀ ਨੇ ਬੜੇ ਵਧੀਆ ਢੰਗ ਨਾਲ ਪੇਸ਼ ਕੀਤੇ ਹਨ। ‘ਦੋ ਬਿੱਲੀਆਂ’ ਕਵਿਤਾ ਦੀਆਂ ਕੁਝ ਸਤਰਾਂ ਪੇਸ਼ :
ਬਿੱਲੂ ਬਾਂਦਰ ਭੌਂਦਾ ਕਿਤਿਓਂ,
ਰੋਟੀ ਚੁੱਕ ਲਿਆਂਦਿਆ।
ਪਾਣੀ ਕੰਢੇ ਛਾਵੇ ਬਹਿਕੇ,
ਖਾਣ ਦਾ ਮਨ ਬਣਾਇਆ।
ਰਾਣੋ-ਮਾਣੋ ਦੋ ਬਿੱਲੀਆਂ,
ਅੱਗੇ ਆਣ ਖਲੋਈਆਂ।
ਖੋਹ ਲਈ ਰੋਟੀ ਝਪਟ ਮਾਰ ਕੇ।
ਲੈ ਕੇ ਤਿੱਤਰ ਹੋਈਆਂ।
ਇਸ ਬਾਲ ਕਾਵਿ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਵਿੱਚ ਪੰਛੀ-ਪਸ਼ੂ, ਫੁੱਲ-ਫਲ, ਸੂਰਜ, ਚੰਨ ਤਾਰੇ ਆਦਿ ਸ਼ਾਮਲ ਕੀਤੇ ਹਨ। ਚਰਨ ਪਪਰਾਲਵੀ ਨੇ ਬਾਲਾਂ ਨੂੰ ਆਪਣੇ ਮਾਪਿਆਂ ਪ੍ਰਤੀ ਆਦਰ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ ਹੈ ਅਤੇ ਉਨ੍ਹਾਂ ਨੇ ਬਾਲਾਂ ਦੇ ਹਾਣ ਦੇ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ। ਇਹ ਪੁਸਤਕ ਬੱਚਿਆਂ ਦੇ ਪੜਣਯੋਗ ਹੈ । ਕਵਿਤਾਵਾਂ ਵਿਚਲਾ ਇਕ ਇਕ ਸ਼ਬਦ ਬਾਲਾ ਦੀ ਕੋਮਲ ਸੋਚ ਵਰਗਾ ਕੋਮਲ ਹੈ। ਇਸ ਬਾਲ ਕਾਵਿ ਸੰਗ੍ਰਹਿ ਹਰ ਇਕ ਕਵਿਤਾ, ਬੱਚਿਆਂ ਦੇ ਸਮਝ ਆਉਣ ਬਹੁਤ ਬਹੁਤ ਮੁਬਾਰਕਾਂ।


