ਕਰਮਜੀਤ ਸਿੰਘ ਆਜ਼ਾਦ
ਸੰਪਰਕ : 95928-74674
ਮਾਛੀਵਾੜਾ ਸਾਹਿਬ
ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕੁੱਲੂ ਵਿਚ ਪੈਂਦਾ ਪਵਿੱਤਰ ਸਥਾਨ ਮਨੀਕਰਣ ਸਾਹਿਬ ਹਿੰਦੂ ਅਤੇ ਸਿੱਖਾਂ ਦੀ ਭਾਈਚਾਰਕ ਸਾਂਝ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਕਿਉਂਕਿ ਇਸ ਸਥਾਨ ਤੇ ਜਿੱਥੇ ਇਤਿਹਾਸਕ ਗੁਰਦੁਆਰਾ ਸਾਹਿਬ ਸ਼ੁਸ਼ੋਭਿਤ ਹੈ ਉਥੇ ਬਿਲਕੁਲ ਨਾਲ ਹੀ ਭਗਵਾਨ ਸ਼ਿਵ ਸ਼ੰਕਰ ਦਾ ਪੁਰਾਤਨ ਤੇ ਇਤਿਹਾਸਕ ਮੰਦਿਰ ਦੋਵਾਂ ਧਰਮਾਂ ਨੂੰ ਹਮੇਸ਼ਾਂ ਇੱਕਜੁੱਟ ਰਹਿਣ ਦਾ ਸੰਦੇਸ਼ ਦਿੱਤਾ ਹੈ।ਮਨੀਕਰਣ ਸਾਹਿਬ ਜਿੱਥੇ ਕਿ ਵੈਸੇ ਤਾਂ 12 ਮਹੀਨੇ ਹੀ ਸ਼ਰਧਾਲੂਆਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਪਰ ਗਰਮੀਆਂ ਦੇ ਮੌਸਮ ਵਿਚ ਖਾਸਕਰ ਛੁੱਟੀਆਂ ਦੇ ਦਿਨਾਂ ਵਿਚ ਰੋਜ਼ਾਨਾ ਹੀ ਹਜਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਸਿੱਖ ਧਰਮ ਨਾਲ ਸਬੰਧਤ ਗੁਰਦੁਆਰਾ ਅਤੇ ਹਿੰਦੂ ਧਰਮ ਨਾਲ ਸਬੰਧਤ ਮੰਦਿਰ ਦੇ ਦਰਸ਼ਨ ਕਰਨ ਲਈ ਲਈ ਆਉਂਦੇ ਹਨ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਿਥੇ ਹਿੰਦੂ ਗੁਰਦੁਆਰਾ ਸਾਹਿਬ ਵਿਚ ਜਾ ਕੇ ਨਤਮਸਤਕ ਹੁੰਦੇ ਹਨ ਉਥੇ ਸਿੱਖ ਵੀ ਪੁਰਾਤਨ ਸ਼ਿਵ ਮੰਦਿਰ ਵਿਚ ਜਾ ਕੇ ਇਸ ਪਵਿੱਤਰ ਧਰਤੀ ਨੂੂੰ ਸਿਜਦਾ ਕਰਦੇ ਹਨ। ਮਨੀਕਰਣ ਸਾਹਿਬ ਬਾਰੇ ਕਈ ਇਤਿਹਾਸ ਪ੍ਰਚਲਿਤ ਹਨ। ਇਤਿਹਾਸਕਾਰਾਂ ਅਨੁਸਾਰ ਮਨੀਕਰਨ ਪ੍ਰਾਚੀਨ ਸਮੇਤ ਤੋਂ ਬ੍ਰਹਿਮੰਡ ’ਚ ਸਭ ਤੋਂ ਉਤੱਮ ਤੀਰਥ ਮੰਨਿਆ ਗਿਆ ਹੈ। ਬ੍ਰਹਿਮੰਡ ਪੁਰਾਣ ਵਿਚ ਵੇਦ ਨੇ ਇਸਦਾ ਨਾਮ ਹਰੀਹਰ ਆਖਿਆ ਹੈ। ਇਸਦਾ ਦੂਸਰਾ ਨਾਂ ਅਰਧਨਾਰੀ ਸ਼ਵਲ ਤੇ ਤੀਸਰਾ ਚਿੰਤਾਮਨੀ ਹੈ। ਇਤਿਹਾਸ ਅਨੁਸਾਰ ਇੱਥੇ ਭਗਵਾਨ ਸ਼ਿਵ ਸ਼ੰਕਰ ਅਤੇ ਮਾਤਾ ਪਾਰਵਤੀ ਨੇ 11 ਹਜਾਰ ਸਾਲ ਤਪ ਕੀਤਾ ਤੇ ਇੱਕ ਦਿਨ ਜਲਕ੍ਰੀੜਾ ਕਰਦਿਆਂ ਮਾਤਾ ਪਾਰਵਤੀ ਦੀ ਚਿੰਤਾਮਣੀ ਡਿੱਗ ਗਈ ਜੋ ਸਿੱਧੀ ਪਤਾਲ ਲੋਕ ਵਿਚ ਸ਼ੇਸ਼ਨਾਗ ਕੋਲ ਪਹੁੰਚ ਗਈ। ਸ਼ੰਕਰ ਜੀ ਨੇ ਆਪਣੇ ਗਣਾਂ ਨੂੰ ਮਣੀ ਤਲਾਸ਼ ਕਰਨ ਲਈ ਭੇਜਿਆ ਪਰ ਮਣੀ ਨਾ ਮਿਲੀ ਜਿਸਤੇ ਭਗਵਾਨ ਸ਼ੰਕਰ ਗੁੱਸੇ ਵਿਚ ਆ ਕੇ ਤੀਸਰਾ ਨੇਤਰ ਖੋਲ੍ਹਣ ਲੱਗੇ ਤਾਂ ਸਾਰੀ ਧਰਤੀ ਕੰਬ ਗਈ ਤੇ ਸ਼ੰਕਰ ਜੀ ਦੇ ਨੈਣਾਂ ਵਿਚੋਂ
ਨੈਣਾ ਦੇਵੀ ਪ੍ਰਗਟ ਹੋਈ। ਮਨੀਕਰਣ ਨੇਣਾਂ ਦੇਵੀ ਦਾ ਜਨਮ ਸਥਾਨ ਹੈ। ਨੈਣਾ ਦੇਵੀ ਨੇ ਸ਼ੇਸ਼ਨਾਗ ਨੂੰ ਮਣੀ ਵਾਪਿਸ ਕਰਨ ਲਈ ਕਿਹਾ ਤਾਂ ਸ਼ੇਸ਼ਨਾਗ ਨੇ ਫੁੰਕਾਰੇ ਨਾਲ ਮਣੀ ਭੇਂਟ ਕਰ ਦਿੱਤੀ ਤੇ ਇਸ ਸਥਾਨ ਦਾ ਨਾਮ ਮਣੀਕਰਨ ਪੈ ਗਿਆ। ਸ਼ੇਸ਼ਨਾਗ ਨੇ ਸ਼ੰਕਰ ਨੂੰ ਖੁਸ਼ ਕਰਨ ਲਈ ਅਨੇਕਾਂ ਮਣੀਆਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ਭਗਵਾਨ ਸ਼ੰਕਰ ਨੇ ਮਾਤਾ ਪਾਰਵਤੀ ਨੂੰ ਆਪਣੀ ਮਣੀ ਪਛਾਨਣ ਲਈ ਕਿਹਾ ਤੇ ਬਾਕੀ ਮਣੀਆਂ ਨੂੰ ਪੱਥਰ ਰੂਪ ਰਹਿਣ ਦਾ ਸਰਾਪ ਦੇ ਦਿੱਤਾ ਤਾਂ ਜੋ ਕਲਯੁਗ ਵਿਚ ਆ ਕੇ ਲੋਕ ਝਗੜੇ ਨਾ ਕਰਨ।
ਸਿੱਖ ਇਤਿਹਾਸ ਅਨੁਸਾਰ ਕਲਯੁਗ ਵਿਚ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰੀ ਜੀਵਾਂ ਦਾ ਉਧਾਰ ਕਰਦੇ ਹੋਏ 15 ਅੱਸੂ 1574 ਸੰਮਤ ਨੂੰ ਬਾਲਾ ਤੇ ਮਰਦਾਨਾ ਸਮੇਤ ਮਨੀਕਰਣ ਪਹੁੰਚੇ ਤਾਂ ਇੱਥੇ ਆ ਕੇ ਮਰਦਾਨੇ ਨੂੰ ਭੁੱਖ ਲੱਗ ਗਈ ਤੇ ਉਹ ਗੁਰ ਜੀ ਨੂੰ ਕਹਿਣ ਲੱਗਾ ਕਿ ਮੇਰੇ ਕੋਲ ਆਟਾ ਤਾਂ ਹੈ ਪਰ ਅੱਗ ਤੇ ਬਰਤਨ ਦਾ ਕੋਈ ਸਾਧਨ ਨਹੀਂ। ਇਹ ਸੁਣ ਕੇ ਗੁਰੂ ਜੀ ਨੇ ਮਰਦਾਨੇ ਨੂੰ ਇੱਕ ਪੱਥਰ ਪਰੇ ਹਟਾਉਣ ਲਈ ਕਿਹਾ ਤੇ ਜਦੋਂ ਮਰਦਾਨੇ ਨੇ ਪੱਥਰ ਪਰੇ ਹਟਾਇਆ ਤਾਂ ਹੇਠੋਂ ਉਬੱਲਦੇ ਪਾਣੀ ਦਾ ਚਸ਼ਮਾ ਪ੍ਰਗਟ ਹੋਇਆ। ਗੁਰੂ ਜੀ ਨੇ ਮਰਦਾਨੇ ਨੂੰ ਰੋਟੀਆਂ ਬਣਾ ਕੇ ਪਾਉਣ ਲਈ ਕਿਹਾ ਤੇ ਜਦੋਂ ਮਰਦਾਨੇ ਨੇ ਰੋਟੀਆਂ ਪਾਈਆਂ ਤਾਂ ਸਾਰੀਆਂ ਰੋਟੀਆਂ ਡੁੱਬ ਗਈਆਂ। ਹੈਰਾਨ ਹੋਇਆ ਮਰਦਾਨਾ ਕਹਿਣ ਲੱਗਿਆ ਕਿ ਥੋੜਾ ਜਿਹਾ ਆਟਾ ਸੀ ਉਹ ਵੀ ਡੁੱਬ ਗਿਆ ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਅਰਦਾਸ ਕਰ ਕਿ ਇੱਕ ਰੋਟੀ ਰੱਬ ਦੇ ਨਾਮ ਦੀ ਛੱਡੇਗਾਂ ਤੇ ਮਰਦਾਨੇ ਦੇ ਅਰਦਾਸ ਕਰਨ ਤੇ ਸਾਰੀਆਂ ਰੋਟੀਆਂ ਪੱਕ ਕੇ ਤਰ ਆਈਆਂ ਜਿਸਤੇ ਮਰਦਾਨਾ ਬਹੁਤ ਖੁਸ਼ ਹੋਇਆ। ਭੋਜਨ ਛਕ ਕੇ ਤ੍ਰਿਪਤ ਹੋਇਆ ਮਰਦਾਨਾ ਆਖਣ ਲੱਗਾ ਗੁਰੂ ਜੀ ਇੱਥੇ ਹੀ ਰਹਿ ਪਈਏ, ਤੁਹਾਨੂੰ ਤਾਂ ਭੁੱਖ ਲੱਗਦੀ ਨਹੀਂ ਤੇ ਮੇਰਾ ਕੰਮ ਆਸਾਨੀ ਨਾਲ ਚੱਲਦਾ ਰਹੇਗਾ। ਗੁਰੂ ਜੀ ਕਹਿਣ ਲੱਗੇ ਮਰਦਾਨਿਆਂ ਇਹ ਸਤਯੁਗੀ ਅਸਥਾਨ ਹੈ। ਸਤਯੁਗ ਵਿਚ ਇਸਦੀ ਬਹੁਤ ਮਹੱਤਤਾ ਹੋਵੇਗੀ। ਅੱਜ ਵੀ ਗੁਰੂ ਜੀ ਦੇ ਪ੍ਰਗਟ ਕੀਤੇ ਚਸ਼ਮੇ ਵਿਚੋਂ ਉਸੇ ਤਰ੍ਹਾਂ ¦ਗਰ ਪੱਕਦਾ ਹੈ। ਸੰਨ 1940 ਵਿਚ ਸੱਚਖੰਡ ਵਾਸੀ ਬਾਬਾ ਨਰਾਇਣ ਹਰੀ ਜੀ ਨੇ ਇਸ ਸਥਾਨ ਦੀ ਖੋਜ ਕੀਤੀ ਅਤੇ ਇੱਥੇ ਗੁਰਦੁਆਰਾ ਸਾਹਿਬ ਦਾ ਨਿਰਮਾਣ ਆਰੰਭ ਕੀਤਾ। ਉਨਾਂ ਤੋਂ ਬਾਅਦ ਉਨਾਂ ਦੀ ਸਪੁੱਤਰੀ ਪੂਜਨੀਕ ਦੇਵਾ ਜੀ ਇਸ ਸਥਾਨ ਦੇ ਮੁਖੀ ਹਨ ਤੇ ਬਾਬਾ ਜੀ ਦੇ ਦਾਮਾਦ ਬਾਬਾ ਰਾਮ ਸਿੰਘ ਜੀ ਪ੍ਰਬੰਧ ਸੰਭਾਲਦੇ ਹਨ। ਮਨੀਕਰਣ ਸਾਹਿਬ ਵਿਖੇ ਸ਼ਰਧਾਲੂਆਂ ਲਈ ਜਿੱਥੇ ਸ਼ਰਧਾਲੂਆਂ ਨੇ ਰਹਿਣ ਲਈ ਹੋਟਲ ਹਨ ਉਥੇ ਗੁਰਦੁਆਰਾ ਸਾਹਿਬ ਵੱਲੋਂ ਕਈ ਸਰਾਵਾਂ ਦਾ ਨਿਰਮਾਣ ਕੀਤਾ ਗਿਆ ਹੈ ਜਿੱਥੇ 24 ਘੰਟੇ ਸ਼ਰਧਾਲੂਆਂ ਲਈ ¦ਗਰ ਚੱਲਦਾ ਹੈ।
ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂ ਉਬਲਦੇ ਪਾਣੀ ਦੇ ਚਸ਼ਮੇ ਦੇਖ ਕੇ ਹੈਰਾਨ ਹੁੰਦੇ ਹਨ ਅਤੇ ਇਸ ਕਲਯੁਗ ਵਿਚ ਵੀ ਅਦਭੁੱਤ ਨਜਾਰਾ ਦੇਖਦੇ ਹਨ ਤੇ ਪਾਣੀ ਦੇ ਚਸ਼ਮੇ ਵਿਚ ਅੱਜ ਵੀ ਗੁਰੂ ਘਰ ਦਾ ਸਾਰਾ ¦ਗਰ ਚਾਵਲ, ਦਾਲਾਂ ਆਦਿ ਸਮਾਨ ਤਿਆਰ ਹੁੰਦਾ ਹੈ। ਸ਼ਰਧਾਲੂਆਂ ਨੂੰ ਇੱਕ ਗੱਲ ਹੋਰ ਵੀ ਬੜੀ ਆਕਰਸ਼ਿਤ ਕਰਦੀ ਹੈ ਕਿ ਗੁਰਦੁਆਰਾ ਸਾਹਿਬ ਵਿਚ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਵੀ ਸ਼ੁਸ਼ੋਭਿਤ ਹਨ ਤੇ ਮਰਿਯਾਦਾ ਅਨੁਸਾਰ ਪਾਠ ਹੁੰਦਾ ਹੈ ਉਥੇ ਦਰਬਾਰ ਸਾਹਿਬ ਦੇ ਪਿੱਲਰਾਂ ਤੇ ਹਿੰਦੂ ਧਰਮ ਨਾਲ ਸਬੰਧਤ ਸਾਰੇ ਹੀ ਦੇਵੀ ਦੇਵਤਿਆਂ ਭਗਵਾਨ ਸ੍ਰੀ ਰਾਮ, ਭਗਵਾਨ ਸ੍ਰੀ ਸ਼ੰਕਰ ਤੋਂ ਇਲਾਵਾ ਸਿੱਖ ਧਰਮ ਨਾਲ ਸਬੰਧਤ 10 ਗੁਰੂ ਸਾਹਿਬਾਨਾਂ ਅਤੇ ਹੋਰ ਸਿੱਖ ਇਤਿਹਾਸ ਦੀ ਬਾਣੀ ਵਿਚ ਦਰਜ ਭਗਤਾਂ ਤੇ ਜਰਨੈਲਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ ਜਿਨਾਂ ਦੇ ਦਰਸ਼ਨ ਹਿੰਦੂ ਅਤੇ ਸਿੱਖ ਬੜੀ ਸ਼ਰਧਾ ਨਾਲ ਕਰਦੇ ਹਨ।


