ਨਵੀਂ ਦਿੱਲੀ, 9 ਜੁਲਾਈ (ਪੀ. ਟੀ)- ਉੱਘੇ ਭਾਜਪਾ ਨੇਤਾ ਅਮਿਤ ਸ਼ਾਹ ਨੂੰ ਅੱਜ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ। ਅੱਜ ਰਾਜਧਾਨੀ ‘ਚ ਪਾਰਟੀ ਸੰਸਦੀ ਬੋਰਡ ਦੀ ਬੈਠਕ ‘ਚ ਉਨ੍ਹਾਂ ਦੇ ਨਾਮ ਨੂੰ ਮਨਜ਼ੂਰੀ ਦਿੱਤੀ ਗਈ। ਸ਼ਾਹ ਦੀ ਨਿਯੁਕਤੀ ਦਾ ਐਲਾਨ ਪਾਰਟੀ ਦੇ ਪ੍ਰਧਾਨ ਦਾ ਅਹੁਦਾ ਛੱਡ ਰਹੇ ਰਾਜਨਾਥ ਸਿੰਘ ਨੇ ਕੀਤਾ। ਉਨ੍ਹਾਂ ਨੇ ਅੱਜ ਪਾਰਟੀ ਦਫਤਰ ’ਚ ਆਯੋਜਿਤ ਪ੍ਰੈਸ ਕਾਨਫਰੰਸ ’ਚ ਦੱਸਿਆ ਕਿ ਪਾਰਟੀ ਸੰਸਦੀ ਬੋਰਡ ਨੇ ਪਾਰਟੀ ਪ੍ਰਧਾਨ ਅਹੁਦੇ ਤੋਂ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ ਅਤੇ ਸਰਬਸੰਮਤੀ ਨਾਲ ਅਮਿਤ ਸ਼ਾਹ ਨੂੰ ਪਾਰਟੀ ਦਾ ਪ੍ਰਧਾਨ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ।ਸ੍ਰੀ ਅਮਿਤ ਸ਼ਾਹ ਨੇ ਲੋਕ ਸਭਾ ਚੋਣਾਂ ’ਚ ਉਤਰ ਪ੍ਰਦੇਸ਼ ਦੇ ਇੰਚਾਰਜ ਵਜੋਂ ਭਾਜਪਾ ਨੂੰ 80 ਵਿੱਚੋਂ 70 ਸੀਟਾਂ ਜਿੱਤ ਕੇ ਦਿੱਤੀਆਂ। ਸ੍ਰੀ ਸ਼ਾਹ ਨਾਲ
ਕਈਂ ਵਿਵਾਦ ਵੀ ਜੁੜੇ ਹੋਏ ਹਨ। ਉਨ੍ਹਾਂ ਨੂੰ ਬੇਸ਼ੱਕ ਇਸ਼ਰਤ ਪੁਲਸ ਮੁਕਾਬਲੇ ’ਚ ਅਦਾਲਤ ਤੋਂ ਰਾਹਤ ਮਿਲ ਗਈ ਹੈ ਪ੍ਰੰਤੂ ਉਹ ਸਹਾਬੁਦੀਨ ਅਤੇ ਤੁਲਸੀ ਰਾਮ ਪ੍ਰਜਾਪਤੀ ਦੀ ਫਰਜ਼ੀ ਮੁਕਾਬਲੇ ਅਤੇ ਹੱਤਿਆ ਦੇ ਮਾਮਲੇ ’ਚ ਹਾਲੇ ਵੀ ਦੋਸ਼ੀ ਹਨ। ਉਨ੍ਹਾਂ ਨੂੰ ਇਨ੍ਹਾਂ ਕੇਸਾਂ ਕਾਰਨ ਕਈਂ ਮਹੀਨੇ ਜੇਲ੍ਹ ਵਿੱਚ ਵੀ ਰਹਿਣਾ ਪਿਆ ਹੈ।



