April 17, 2026 4:14 pm

ਲੁਧਿਆਣਾ ‘ਚ ਕੋਰਟ ਕੰਪਲੈਕਸ ਦੇ ਬਾਹਰ ਦੋ ਧਿਰਾਂ ‘ਚ ਚੱਲੀਆਂ ਗੋਲ਼ੀਆਂ; ਦੋ ਨੌਜਵਾਨ ਫੱਟੜ, ਲੋਕਾਂ ‘ਚ ਦਹਿਸ਼ਤ ਦਾ ਮਾਹੌਲ

ਮੰਗਲਵਾਰ ਸਵੇਰੇ ਕੋਰਟ ਕੰਪਲੈਕਸ ਦੇ ਬਾਹਰ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦੋ ਗੁਟਾਂ ਵਿਚਕਾਰ ਹੋਈ ਤਕਰਾਰ ਤੋਂ ਬਾਅਦ ਗੋਲ਼ੀਆਂ ਚੱਲ ਗਈਆਂ। ਗੋਲ਼ੀਆਂ ਲੱਗਣ ਕਾਰਨ ਦੋ ਵਿਅਕਤੀ ਫੱਟੜ ਹੋ ਗਏ ਜਿਨ੍ਹਾਂ ਨੂੰ ਇਲਾਜ 

ਲੁਧਿਆਣਾ : ਮੰਗਲਵਾਰ ਸਵੇਰੇ ਕੋਰਟ ਕੰਪਲੈਕਸ ਦੇ ਬਾਹਰ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦੋ ਗੁਟਾਂ ਵਿਚਕਾਰ ਹੋਈ ਤਕਰਾਰ ਤੋਂ ਬਾਅਦ ਗੋਲ਼ੀਆਂ ਚੱਲ ਗਈਆਂ। ਗੋਲ਼ੀਆਂ ਲੱਗਣ ਕਾਰਨ ਦੋ ਵਿਅਕਤੀ ਫੱਟੜ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਜਾਣਕਾਰੀ ਤੋਂ ਬਾਅਦ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ। ਇਸ ਮਾਮਲੇ ਵਿੱਚ ਸੂਤਰਾਂ ਦਾ ਕਹਿਣਾ ਹੈ ਕਿ ਦੋ ਮੁਲਜ਼ਮਾਂ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਗਿਆ ਹੈ।

ਜਾਣਕਾਰੀ ਮੁਤਾਬਕ, ਥਾਣਾ ਮਾਡਲ ਟਾਊਨ ਵਿੱਚ 10 ਫਰਵਰੀ 2020 ਨੂੰ ਕੁੱਟਮਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲੇ ਦੀ ਸੁਣਵਾਈ ਲਈ ਮੰਗਲਵਾਰ ਨੂੰ ਅਬਦੁਲਾਪੁਰ ਬਸਤੀ ਦਾ ਰਹਿਣ ਵਾਲਾ ਸ਼ਿਕਾਇਤਕਰਤਾ ਗੁਰਚਰਨ ਸਿੰਘ ਉਰਫ਼ ਰਿੰਕੂ ਅਦਾਲਤ ਦੇ ਬਾਹਰ ਪਹੁੰਚਿਆ। ਇਸੇ ਦੌਰਾਨ ਦਸ਼ਮੇਸ਼ ਨਗਰ ਦਾ ਵਾਸੀ ਜਸਪ੍ਰੀਤ ਸਿੰਘ ਵੀ ਸੁਣਵਾਈ ਲਈ ਆਪਣੇ ਸਾਥੀਆਂ ਨਾਲ ਕੋਰਟ ਕੰਪਲੈਕਸ ਦੇ ਬਾਹਰ ਆਇਆ। ਆਹਮਣੇ ਸਾਹਮਣੇ ਹੁੰਦੇ ਹੀ ਦੋਹਾਂ ਧਿਰਾਂ ਵਿਚਕਾਰ ਝੜਪ ਹੋ ਗਈ। ਬਹਿਸ ਤੋਂ ਸ਼ੁਰੂ ਹੋਈ ਤਕਰਾਰ ਨੇ ਭਿਆਨਕ ਰੂਪ ਧਾਰਨ ਕਰ ਲਿਆ। ਮਾਮਲਾ ਇਸ ਕਦਰ ਵਧ ਗਿਆ ਕਿ ਨੌਬਤ ਗੋਲ਼ੀਆਂ ਚੱਲਣ ਤੱਕ ਦੀ ਆ ਗਈ। ਝਗੜੇ ਦੇ ਦੌਰਾਨ ਇੱਕ ਗੋਲ਼ੀ ਗੁਰਚਰਨ ਦੇ ਸਾਥੀ ਹਿਮਾਂਸ਼ੂ ਮਲਹੋਤਰਾ ਦੇ ਹੱਥ ‘ਤੇ ਲੱਗੀ ਜਦਕਿ ਜਸਪ੍ਰੀਤ ਉਰਫ ਸਾਹਿਲ ਦੀ ਛਾਤੀ ਅਤੇ ਪਿੱਠ ‘ਤੇ ਗੋਲ਼ੀਆਂ ਲੱਗੀਆਂ। ਫੱਟੜਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਫੌਰੈਂਸਿਕ ਟੀਮ ਨੇ ਗੋਲ਼ੀਆਂ ਦੇ ਖੋਲ ਕੀਤੇ ਬਰਾਮਦ

ਘਟਨਾ ਤੋਂ ਬਾਅਦ ਜੁਆਇੰਟ ਸੀਪੀ ਸਿਟੀ ਸੌਮਿਆ ਮਿਸ਼ਰਾ, ਐਡੀਸ਼ਨਲ ਡੀਸੀਪੀ ਸਮੀਰ ਵਰਮਾ ,ਏਡੀਸੀਪੀ ਰੁਪਿੰਦਰ ਭੱਟੀ ਸਮੇਤ ਹੋਰ ਅਧਿਕਾਰੀ ਜਾਂਚ ਲਈ ਮੌਕੇ ’ਤੇ ਪੁੱਜੇ। ਮੌਕੇ ’ਤੇ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ, ਜਿਸ ਨੇ ਖਾਲੀ ਕਾਰਤੂਸ ਸਮੇਤ ਵਾਰਦਾਤ ਵਾਲੀ ਥਾਂ ਤੋਂ ਸਬੂਤ ਇਕੱਠੇ ਕੀਤੇ ਅਤੇ ਪੜਤਾਲ ਸ਼ੁਰੂ ਕੀਤੀ।

ਸੰਯੁਕਤ ਸੀਪੀ ਸੌਮਿਆ ਮਿਸ਼ਰਾ ਨੇ ਦੱਸਿਆ ਕਿ 2020 ਵਿੱਚ ਦਰਜ ਹੋਏ ਮਾਮਲੇ ਦੀ ਸੁਣਵਾਈ ਦੇ ਦੌਰਾਨ ਦੋਵਾਂ ਧਿਰਾਂ ਦਾ ਅਦਾਲਤ ਦੇ ਬਾਹਰ ਟਾਕਰਾ ਹੋ ਗਿਆ। ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦਿਆਂ ਦੋ ਸ਼ੱਕੀਆਂ ਨੂੰ ਕਾਬੂ ਕਰ ਲਿਆ। ਇਸ ਘਟਨਾ ’ਚ ਦੋ ਵਿਅਕਤੀ ਗੋਲ਼ੀ ਲੱਗਣ ਨਾਲ ਜ਼ਖਮੀ ਹੋ ਗਏ ਸਨ ਜਿਨ੍ਹਾਂ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।

ਗੈਂਗਵਾਰ ਨਹੀਂ ਦੋ ਧਿਰਾਂ ਦੀ ਸੀ ਨਿੱਜੀ ਰੰਜਿਸ਼ : ਜੇਸੀਪੀ ਸੌਮਿਆ

ਕੁੱਝ ਲੋਕ ਅਫਵਾਹ ਫੈਲਾ ਰਹੇ ਸਨ ਕਿ ਇਹ ਗੈਂਗਵਾਰ ਹੈ ਪਰ ਇਹ 2020 ਵਿੱਚ ਥਾਣਾ ਮਾਡਲ ਟਾਊਨ ਵਿੱਚ ਦਰਜ ਹੋਏ ਲੜਾਈ-ਝਗੜੇ ਦੇ ਮਾਮਲੇ ਵਿੱਚ ਦੋਹਾਂ ਧਿਰਾਂ ਦੀ ਆਪਸੀ ਰੰਜਿਸ਼ ਦਾ ਨਤੀਜਾ ਸੀ। ਗੋਲੀ ਲਾਇਸੰਸਸ਼ੁਦਾ ਹਥਿਆਰ ਨਾਲ ਚੱਲੀ ਹੈ ਅਤੇ ਉਸੇ ਨੂੰ ਤਸਦੀਕ ਤੋਂ ਤੁਰੰਤ ਬਾਅਦ ਰੱਦ ਕਰਨ ਦੀ ਸਿਫਾਰਸ਼ ਕੀਤੀ ਜਾਵੇਗੀ।

ਪੁਲਿਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਗੁਰਚਰਨ ਦੇ ਦੋਸਤ ਇੰਦਰਪਾਲ ਨੇ ਕਥਿਤ ਤੌਰ ’ਤੇ ਗੋਲੀ ਚਲਾਉਣ ਲਈ ਆਪਣੇ ਲਾਇਸੰਸੀ ਹਥਿਆਰ ਦੀ ਵਰਤੋਂ ਕੀਤੀ ਸੀ। ਹਿਮਾਂਸੂ, ਮਨਿੰਦਰ ਵੀ ਗੁਰਚਰਨ ਦੇ ਨਾਲ ਸਨ। ਪੁਲਿਸ ਨੇ ਗੁਰਚਰਨ ਅਤੇ ਮਨਿੰਦਰ ਨਾਮ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂਕਿ ਇਸ ਵਾਰਦਾਤ ਵਿੱਚ ਸ਼ਾਮਲ ਬਾਕੀ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Send this to a friend