ਅੱਜ ਪਾਵਰਕਾਮ ਐਂਡ ਟ੍ਰਸਾਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਪਾਵਰਕਾਮ ਸੀਐੱਚਬੀ ਤੇ ਡਬਲਿਊ ਕਾਮਿਆਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਪਰਿਵਾਰਾਂ ਸਮੇਤ ਵਿਸ਼ਾਲ ਧਰਨਾ ਦਿੱਤਾ। ਧਰਨੇ ’ਚ ਆਊਟਸੋਰਸਿੰਗ ਸੀਐੱਚਬੀ ਤੇ ਡ.
ਸੰਗਰੂਰ : ਅੱਜ ਪਾਵਰਕਾਮ ਐਂਡ ਟ੍ਰਸਾਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਪਾਵਰਕਾਮ ਸੀਐੱਚਬੀ ਤੇ ਡਬਲਿਊ ਕਾਮਿਆਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਪਰਿਵਾਰਾਂ ਸਮੇਤ ਵਿਸ਼ਾਲ ਧਰਨਾ ਦਿੱਤਾ। ਧਰਨੇ ’ਚ ਆਊਟਸੋਰਸਿੰਗ ਸੀਐੱਚਬੀ ਤੇ ਡਬਲਿਊ ਕਾਮਿਆਂ ਨੂੰ ਰੈਗੂਲਰ ਕਰਨ ਤੇ ਕਰੰਟ ਲੱਗਣ ਦੌਰਾਨ ਹਾਦਸਾਗ੍ਰਸਤ ਹੋਏ ਕਾਮਿਆਂ ਨੂੰ ਮੁਆਵਜ਼ਾ ਅਤੇ ਨੌਕਰੀ ਦਾ ਪ੍ਰਬੰਧ ਕਰਨ, ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਰੱਦ ਕਰਨ ਦੀ ਮੰਗ ਲੈ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ ਕਟਾਰੀਆ, ਰਾਜੇਸ਼ ਕੁਮਾਰ ਮੌੜ, ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ, ਮੀਤ ਪ੍ਰਧਾਨ ਚੌਧਰ ਸਿੰਘ ਸਹਿ-ਸਕੱਤਰ ਅਜੇ ਕੁਮਾਰ, ਦਫਤਰੀ ਸਕੱਤਰ ਸ਼ੇਰ ਸਿੰਘ, ਵਿੱਤ ਸਕੱਤਰ ਚਮਕੌਰ ਸਿੰਘ ਮੈਂਬਰ ਟੇਕ ਚੰਦ ਨੇ ਦੱਸਿਆ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਆਊਟ-ਸੋਰਸਿੰਗ ਕਾਮਿਆਂ ਨਾਲ ਵਾਅਦਾ ਕਰ ਕੇ ਸੱਤਾ ’ਚ ਆਈ ਸੀ ਕਿ ਕਾਮਿਆਂ ਨੂੰ ਵਿਭਾਗਾਂ ’ਚ ਲੈ ਕੇ ਰੈਗੂਲਰ ਕੀਤਾ ਜਾਵੇਗਾ, ਪੰਜਾਬ ਨੂੰ ਧਰਨਾ ਮੁਕਤ ਕੀਤਾ ਜਾਵੇਗਾ ਅਤੇ ਹਰਾ ਪੈੱਨ ਆਊਟ-ਸੋਰਸਿੰਗ ਕਾਮਿਆਂ ਨੂੰ ਰੈਗੂਲਰ ਕਰਨ ’ਤੇ ਚੱਲੇਗਾ ਪਰ ਹੋਇਆਂ ਉਸ ਤੋਂ ਉਲਟ। ਨਾ ਆਊਟਸੋਰਸਿੰਗ ਕਾਮਿਆਂ ਦਾ ਰੁਜ਼ਗਾਰ ਪੱਕਾ ਹੋਇਆ ਅਤੇ ਪਿਛਲੀਆਂ ਸਰਕਾਰਾਂ ਵਾਂਗ ਹੀ ਜਥੇਬੰਦੀਆਂ ਨਾਲ ਮੁੱਖ ਮੰਤਰੀ ਸਾਹਿਬ ਵੱਲੋਂ ਮੀਟਿੰਗ ਕਰਨ ਤੋਂ ਪਾਸਾ ਵੱਟਿਆ ਗਿਆ। ਬਿਜਲੀ ਸਿਸਟਮ ਨੂੰ ਚਲਾਉਣ ਵਾਲੇ ਆਪਣੀਆਂ ਜਾਨਾਂ ਨੂੰ ਜੋਖਮ ’ਚ ਪਾਉਣ ਵਾਲਿਆਂ ਵੱਲ ਮੁੱਖ ਮੰਤਰੀ ਸਮੇਤ ਕਿਸੇ ਵੀ ਮੰਤਰੀ ਦਾ ਧਿਆਨ ਨਾ ਗਿਆ। ਕਈ ਵਾਰ ਧਰਨੇ ਪ੍ਰਦਰਸ਼ਨ ਦੌਰਾਨ ਸਰਕਾਰ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਵੀ ਹੋਈਆਂ ਪਰ ਠੋਸ ਹੱਲ ਨਾ ਹੋਇਆ। ਸਰਕਾਰ ਨੂੰ ਆਗੂਆਂ ਨੇ ਕਿਹਾ ਕਿ ਨਵੀਂ ਪੱਕੀ ਭਰਤੀ ਕਰਨ ਤੋਂ ਪਹਿਲਾਂ ਲਾਈਨਮੈਨ ਦੀਆਂ ਪੋਸਟਾਂ ’ਤੇ ਕੰਮ ਕਰਦੇ ਸੀਐੱਚਬੀ ਤੇ ਡਬਲਿਊ ਕਾਮਿਆਂ ਨੂੰ ਵਿਭਾਗ ’ਚ ਲੈ ਕੇ ਰੈਗੂਲਰ ਕੀਤਾ ਜਾਵੇ, ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਦੇ ਮੂੰਹ ਪਏ ਅਤੇ ਅੰਗਹੀਣ ਹੋਏ ਕਾਮਿਆਂ ਨੂੰ ਪੱਕੀ ਨੌਕਰੀ, ਮੁਆਵਜ਼ਾ ਅਤੇ ਪੈਨਸ਼ਨ ਦਾ ਪ੍ਰਬੰਧ ਕੀਤਾ ਜਾਵੇ, ਬਿਜਲੀ ਦਾ ਕੰਮ ਕਰਦੇ ਹਾਦਸੇ ਦੇ ਸ਼ਿਕਾਰ ਹੋਣ ਵਾਲੀ ਸੀਐੱਚਬੀ ਤੇ ਡਬਲਿਊ ਠੇਕਾ ਕਾਮੇ ਦਾ ਘੱਟੋ-ਘੱਟ 50 ਲੱਖ ਦਾ ਬੀਮਾ ਅਤੇ ਵਧੀਆ ਹਸਪਤਾਲ ’ਚ ਇਲਾਜ ਦੀ ਗਰੰਟੀ ਕੀਤੀ ਜਾਵੇ।
ਧਰਨੇ ’ਚ ਭਰਾਤਰੀ ਜਥੇਬੰਦੀਆਂ ਚੰਦਰ ਪ੍ਰਕਾਸ਼ ਸੂਬਾ ਮੀਤ ਪ੍ਰਧਾਨ ਟੀਐੱਸਯੂ (ਪੰਜਾਬ) ਸਤਵਿੰਦਰ ਸਿੰਘ ਸਰਕਲ ਸਕੱਤਰ ਟੀਐੱਸਯੂ, (ਬਠਿੰਡਾ) ਹਰਜੀਤ ਸਿੰਘ ਸਰਕਲ ਪ੍ਰਧਾਨ ਟੀਐੱਸਯੂ (ਪਟਿਆਲਾ) ਨੇ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਆਊਟ-ਸੋਰਸਿੰਗ ਕਾਮਿਆਂ ਦੀਆਂ ਮੰਗਾਂ ਦਾ ਹੱਲ ਨਹੀਂ ਕਰਦੀ ਤਾਂ ਪੰਜਾਬ ਦੇ ਅੰਦਰ ਮੁੱਖ ਮੰਤਰੀ ਸਮੇਤ ਬਿਜਲੀ ਮੰਤਰੀ ਤੇ ਹੋਰਨਾਂ ਮੌਜੂਦਾ ਮੰਤਰੀਆਂ ਦਾ ਕਾਲੀਆਂ ਝੰਡਿਆਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।