ਆਲ ਪੰਜਾਬ ਟਰੱਕ ਆਪਰੇਟਰ ਏਕਤਾ ਯੂਨੀਅਨ ਪੰਜਾਬ ਵੱਲੋਂ ਪ੍ਰਧਾਨ ਹੈਪੀ ਸੰਧੂ, ਅਜੈ ਸਿੰਗਲਾ ਜ਼ਿਲ੍ਹਾ ਪ੍ਰਧਾਨ ਸੰਗਰੂਰ, ਪਰਮਜੀਤ ਸਿੰਘ ਫਾਜ਼ਿਲਕਾ ਸਾਂਝਾ ਮੋਰਚਾ, ਜਤਿੰਦਰ ਸਿੰਘ ਰੋਮੀ ਡੇਰਾਬੱਸੀ, ਹਰਵਿੰਦਰ ਸਿੰਘ ਵਾਲੀਆ ਪ੍ਰ.
ਰਾਜਪੁਰਾ: ਆਲ ਪੰਜਾਬ ਟਰੱਕ ਆਪਰੇਟਰ ਏਕਤਾ ਯੂਨੀਅਨ ਪੰਜਾਬ ਵੱਲੋਂ ਪ੍ਰਧਾਨ ਹੈਪੀ ਸੰਧੂ, ਅਜੈ ਸਿੰਗਲਾ ਜ਼ਿਲ੍ਹਾ ਪ੍ਰਧਾਨ ਸੰਗਰੂਰ, ਪਰਮਜੀਤ ਸਿੰਘ ਫਾਜ਼ਿਲਕਾ ਸਾਂਝਾ ਮੋਰਚਾ, ਜਤਿੰਦਰ ਸਿੰਘ ਰੋਮੀ ਡੇਰਾਬੱਸੀ, ਹਰਵਿੰਦਰ ਸਿੰਘ ਵਾਲੀਆ ਪ੍ਰਮੁੱਖ ਆਗੂ ਟਰੱਕ ਯੂਨੀਅਨ ਰਾਜਪੁਰਾ ਦੀ ਅਗਵਾਈ ’ਚ ਪੰਜਾਬ ਦੇ ਪ੍ਰਵੇਸ਼ ਦੁਆਰ ਸ਼ੰਭੂ ਬੈਰੀਅਰ ’ਤੇ ਭਾਰੀ ਠੰਢ ਦੇ ਬਾਵਜੂਦ ਆਪਣੀਆਂ ਮੰਗਾਂ ਦੇ ਸਬੰਧ ’ਚ ਅਣਮਿੱਥੇ ਸਮੇਂ ਲਈ ਪੱਕਾ ਮੋਰਚਾ ਲਗਾ ਕੇ ਅੰਬਾਲੇ ਵਾਲੇ ਪਾਸੇ ਤੋਂ ਆਉਣ ਵਾਲੇ ਵਾਹਨਾਂ ਨੂੰ ਰੋਕ ਲਿਆ ਗਿਆ।
ਜਿਸ ਦੇ ਚੱਲਦਿਆਂ ਵਾਹਨ ਚਾਲਕਾਂ ਨੂੰ ਬਦਲਵੇਂ ਰਸਤਿਆਂ ਤੋਂ ਜਾਣ ਲਈ ਮਜਬੂਰ ਹੋਣਾ ਪਿਆ ਤੇ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਇਸ ਰੋਸ ਧਰਨੇ ਕਾਰਣ ਰਾਜਪੁਰਾ ਸ਼ਹਿਰ ਅੰਦਰ ਸ਼ੁਕਰਾਰ ਨੂੰ ਜਾਮ ਵਰਗੀ ਸਥਿਤੀ ਬਣੀ ਰਹੀ ਤੇ ਗਗਨ ਚੌਂਕ ਨੇੜੇ ਟ੍ਰੈਫਿਕ ਪੁਲਿਸ ਅਤੇ ਪੰਜਾਬ ਪੁਲਿਸ ਮੁਲਾਜਮ ਵਾਹਨਾਂ ਨੂੰ ਸ਼ੰਭੂ ਬੈਰੀਅਰ ਵੱਲ ਜਾਣ ਤੋਂ ਰੋਕ ਕੇ ਹੋਰਨਾਂ ਬਦਲਵੇ ਰਸਤਿਆਂ ਰਾਹੀ ਭੇਜਦੇ ਰਹੇ।
ਇਸ ਦੌਰਾਨ ਧਰਨੇ ’ਤੇ ਬੈਠੇ ਟਰੱਕ ਆਪਰੇਟਰਜ਼ ਨੂੰ ਸੰਬੋਧਨ ਕਰਦਿਆਂ ਪੰਜਾਬ ਸੂਬੇ ਤੋਂ 134 ਦੇ ਕਰੀਬ ਪਹੁੰਚੀਆਂ ਯੂਨੀਅਨਾਂ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਦੀਆਂ ਟਰੱਕ ਯੂਨੀਅਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਜਿਸ ਕਾਰਨ ਪੰਜਾਬ ਦੇ ਲੱਖਾਂ ਟਰੱਕ ਆਪਰੇਟਰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਪਣਾ ਰੋਟੀ ਪਾਣੀ ਚਲਾਉਣਾ ਔਖਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਸਾਲ 2017 ਵਿੱਚ ਪੰਜਾਬ ਸੂਬੇ ਅੰਦਰ ਵਪਾਰੀ ਵਰਗ ਨੂੰ ਫਾਇਦਾ ਦੇਣ ਦੇ ਮਕਸਦ ਨਾਲ ਟਰੱਕ ਯੂਨੀਅਨਾਂ ਭੰਗ ਕਰ ਦਿੱਤੀਆਂ ਸਨ। ਇਸ ਤੋਂ ਬਾਅਦ ਜ਼ਿਲ੍ਹਾ ਮੋਹਾਲੀ ਵਿਖੇ ਟਰੱਕ ਯੂਨੀਅਨਾਂ ਵਲੋਂ ਦਿੱਤੇ ਧਰਨੇ ’ਚ ‘ਆਪ’ ਆਗੂਆਂ ਨੇ ਜਿਸ ’ਚ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵੀ ਸਨ, ਨੇ ਚੋਣਾਂ ਤੋਂ ਪਹਿਲਾਂ ਯੂਨੀਅਨ ਪੰਜਾਬ ਦੇ ਧਰਨੇ ’ਤੇ ਆ ਕੇ ਮੰਗਾਂ ਮੰਨਣ ਲਈ ਵਾਅਦਾ ਕੀਤਾ ਸੀ ਪਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਰਕਾਰ ਦੇ 5 ਸਾਲਾ ਰਾਜ ਦੇ ਖਤਮ ਹੋਣ ਸਮੇੇਂ ਜ਼ਿਲ੍ਹਾ ਮੋਹਾਲੀ ਵਿਖੇ ਯੂਨੀਅਨ ਬਹਾਲ ਦੇ ਦਿੱਤੇ ਰੋਸ ਧਰਨੇ ਦੌਰਾਨ ਇੱਕ ਪੱਤਰ ਜਾਰੀ ਕਰਕੇ ਸੂਬੇ ਦੀਆਂ ਟਰੱਕ ਯੂਨੀਅਨਾਂ ਬਹਾਲ ਕਰ ਦਿੱਤੀਆਂ ਸਨ। ਜਿਸ ਨਾਲ ਟਰੱਕ ਆਪੇ੍ਰਟਰਾਂ ਦਾ ਕੰਮ ਚਲਦਾ ਹੋਣ ਕਰਕੇ ਉਹ ਆਪਣੇ ਪਰਿਵਾਰ ਪਾਲਣ ਜੋਗੇ ਹੋ ਗਏ ਸਨ ਪਰ ਜਦੋਂ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਕੁੱਝ ਮਹੀਨੇ ਪਹਿਲਾਂ ਟਰੱਕ ਯੂਨੀਅਨਾਂ ਭੰਗ ਕਰ ਦਿੱਤੀਆਂ। ਪੰਜਾਬ ਸਰਕਾਰ ਵਲੋਂ ਟਰੱਕ ਯੂਨੀਅਨਾਂ ਨਾਲ ਕੀਤੀ ਗਈਆਂ ਮੀਟਿੰਗਾ ਬੇਸਿੱਟਾਂ ਰਹੀਆਂ ਤੇ ਹੁਣ ਤੱਕ ਸਾਡੇ ਮਸਲੇ ਹੱਲ ਨਹੀਂ ਕਰ ਰਹੀ। ਜਿਸ ਕਰਕੇ ਅੱਜ ਪੱਕੇ ਤੌਰ ’ਤੇ ਸ਼ੰਭੂ ਬੈਰੀਅਰ ’ਤੇ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਟਰਾਂਸਪੋਰਟ ਮੰਤਰੀ ਵਲੋਂ ਲਗਾਤਾਰ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਲਾਰਾ ਵੀ ਲਾਇਆ ਜਾਂਦਾ ਰਿਹਾ।
ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ ਹੁਣ ਇਹ ਆਰ-ਪਾਰ ਦੀ ਲੜਾਈ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਉਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਪੱਕਾ ਮੋਰਚਾ ਜਾਰੀ ਰਹੇਗਾ। ਇਸ ਮੌਕੇ ਜਸਵੀਰ ਸਿੰਘ ਡੇਰਾ ਬੱਸੀ, ਰਾਜੀਵ ਸ਼ਰਮਾ ਪ੍ਰਧਾਨ ਵੱਡੀ ਟਰੱਕ ਯੂਨੀਅਨ ਡੇਰਾ ਬੱਸੀ, ਬਲਵੀਰ ਸਿੰਘ ਢਿੱਲੋਂ ਪ੍ਰਧਾਨ ਭੋਗਪੁਰ, ਰਜਿੰਦਰ ਸਿੰਘ ਰਾਜੂ ਮੰਡੀ ਅਹਿਮਦਗੜ੍ਹ, ਹੈਪੀ ਸੰਧੂ ਜਲੰਧਰ, ਗੁਰਨਾਮ ਸਿੰਘ ਜੌਹਲ ਤਰਨਤਾਰਨ, ਰੇਸ਼ਮ ਸਿੰਘ ਮੋੜ ਸਮੇਤ ਹੋਰਨਾ ਆਗੂਆਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।