June 19, 2026 3:22 pm

ਅਕਾਲੀ ਦਲ (ਅੰਮ੍ਰਿਤਸਰ) ਨੇ ਹਰਿਆਣਾ ਕਮੇਟੀ ਦੇ ਪੱਖ ਜਾਂ ਵਿਰੋਧ ਵਿਚ ਕੋਈ ਬਿਆਨ ਨਹੀਂ ਦਿੱਤਾ : ਮਾਨ

Page-1_25 ਚੰਡੀਗੜ੍ਹ, 5 ਜੁਲਾਈ (ਪੀ. ਟੀ)- ਅੱਜ ਦੇ ਕੁਝ ਅਖ਼ਬਾਰਾਂ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਨਾਮ ਦੀ ਵਰਤੋਂ ਕਰਕੇ ਜੋ ਬਿਆਨ ਪ੍ਰਕਾਸ਼ਿਤ ਕੀਤਾ ਗਿਆ ਹੈ ਕਿ ਪਾਰਟੀ ਨੇ ਹਰਿਆਣਾ ਐਸ.ਜੀ.ਪੀ.ਸੀ. ਦੀ ਵੱਖਰੀ ਕਮੇਟੀ ਦੇ ਹੱਕ ਵਿਚ ਬਿਆਨ ਦਿੱਤਾ ਹੈ, ਉਸ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਦਾ ਕੋਈ ਸੰਬੰਧ ਨਹੀ । ਅਸੀ ਤਾਂ ਕੇਵਲ ਇਹੀ ਕਿਹਾ ਹੈ ਕਿ ਸਿੱਖ ਕੌਮ ਦੇ ਅਜਿਹੇ ਅਤਿ ਗੰਭੀਰ ਮੁੱਦਿਆ ਉਤੇ ਸਿੱਖ ਕੌਮ ਵਿਚ ਕਿਸੇ ਤਰ੍ਹਾਂ ਦੀਆਂ ਕੋਈ ਵੰਡੀਆਂ ਨਹੀ ਪੈਣੀਆਂ ਚਾਹੀਦੀਆਂ।  ਅਜਿਹੇ ਗੰਭੀਰ ਮਸਲਿਆ ਨੂੰ ਗੰਭੀਰ ਸੋਚ ਨਾਲ ਸਭ ਧਿਰਾ ਨੂੰ ਵਿਸ਼ਵਾਸ ਵਿਚ ਲੈਕੇ ਖ਼ਾਲਸਾ ਪੰਥ ਦੀ ਆਣ-ਸ਼ਾਨ ਨੂੰ ਅੱਗੇ ਵਧਾਉਦੇ ਹੋਏ ਸਹੀ ਦਿਸ਼ਾ ਵੱਲ ਸਰਬ ਪ੍ਰਵਾਨਿਤ ਹੱਲ ਨਿਕਲਣਾ ਚਾਹੀਦਾ ਹੈ। ਜਿਸ ਨਾਲ ਸਿੱਖ ਕੌਮ ਇਕ ਸ਼ਕਤੀ ਬਣਕੇ ਵਿਚਰਦੀ ਵੀ ਰਹੇ ਅਤੇ ਪੰਥ ਵਿਰੋਧੀ

ਦੁਸ਼ਮਣਾਂ ਅਤੇ ਜਮਾਤਾਂ ਦੀਆਂ ਚੁਣੋਤੀਆਂ ਨੂੰ ਪ੍ਰਵਾਨ ਕਰਕੇ ਆਪਣੀ ਵੱਖਰੀ ਅਤੇ ਨਿਰਾਲੀ ਪਹਿਚਾਣ ਨੂੰ ਕੌਮਾਂਤਰੀ ਪੱਧਰ ਉਤੇ ਕਾਇਮ ਰੱਖ ਸਕੇ ।ੂ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਦੇ ਅਖ਼ਬਾਰਾਂ ਵਿਚ ਪਾਰਟੀ ਦੇ ਨਾਮ ਦੀ ਦੁਰਵਰਤੋ ਕਰਕੇ ਪ੍ਰਕਾਸ਼ਿਤ ਕਰਵਾਏ ਗਏ ਬਿਆਨ ਦੇ ਸੱਚ ਨੂੰ ਸਪੱਸਟ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਇਹ ਬਹੁਤ ਹੀ ਦੁੱਖ ਅਤੇ ਅਫਸੋਸ ਦਾ ਵਰਤਾਰਾ ਹੋ ਰਿਹਾ ਹੈ ਕਿ ਪੰਜਾਬ ਦੇ ਸਿੱਖ ਆਗੂ ਸਿੱਖ ਵਿਰੋਧੀ ਫਿਰਕੂ ਜਮਾਤ ਬੀਜੇਪੀ-ਆਰ.ਐਸ.ਐਸ. ਦੀਆਂ ਰਖੇਲਾ ਬਣ ਚੁੱਕੇ ਹਨ ਅਤੇ ਹਰਿਆਣੇ ਦੇ ਸਿੱਖ ਕਾਂਗਰਸ ਦੀ ਝੋਲੀ ਵਿਚ ਡਿੱਗ ਚੁੱਕੇ ਹਨ । ਇਹ ਜੋ ਗੁੰਝਲਦਾਰ ਮਸਲੇ ਪੈਦਾ ਹੋਏ ਹਨ, ਇਹ ਸਿੱਖ ਕੌਮ ਦੇ ਉਹਨਾਂ ਗ਼ਦਾਰ ਸੋਚ ਵਾਲੇ ਧਾਰਮਿਕ ਅਤੇ ਰਾਜਨੀਤਿਕ ਆਗੂਆਂ ਦੀ ਦੇਣ ਹੈ, ਜਿਨ੍ਹਾਂ ਨੇ ਸਮੇਂ ਦੀ ਨਜ਼ਾਕਤ ਨੂੰ ਨਾ ਪਹਿਚਾਣਦੇ ਹੋਏ ਅਤੇ ਗੁਰੂ ਸਿਧਾਤਾਂ ਨੂੰ ਪਿੱਠ ਦੇਕੇ ਸਮੇਂ ਦੇ ਹੁਕਮਰਾਨਾ ਦੀ ਗੁਲਾਮੀਅਤ ਨੂੰ ਪ੍ਰਵਾਨ ਕਰਕੇ ਆਪਣੇ ਰਾਜਸੀ, ਪਰਿਵਾਰਿਕ ਅਤੇ ਮਾਲੀ ਸਵਾਰਥਾਂ ਦੀ ਪੂਰਤੀ ਕਰਦੇ ਆ ਰਹੇ ਹਨ । ਉਹਨਾਂ ਕਿਹਾ ਅੱਜ ਵੀ ਜੋ ਸਿੱਖ ਕੌਮ ਨੂੰ ਵੱਖ-ਵੱਖ ਮੁੱਦਿਆਂ ਉਤੇ ਵੰਡਣ ਅਤੇ ਭਰਾਮਾਰੂ ਜੰਗ ਨੂੰ ਉਤਸਾਹਿਤ ਕਰਨ ਦੇ ਦੁੱਖਦਾਇਕ ਅਮਲ ਹੋ ਰਹੇ ਹਨ, ਉਸ ਲਈ ਸ. ਪ੍ਰਕਾਸ਼ ਸਿੰਘ ਬਾਦਲ, ਮਰਹੂਮ ਗੁਰਚਰਨ ਸਿੰਘ ਟੋਹੜਾ, ਸੰਤ ਲੋਗੋਵਾਲ, ਸ. ਸੁਰਜੀਤ ਸਿੰਘ ਬਰਨਾਲਾ, ਕੈਪਟਨ ਅਮਰਿੰਦਰ ਸਿੰਘ, ਜਗਦੇਵ ਸਿੰਘ ਤਲਵੰਡੀ, ਸ੍ਰੀ ਹਰਨਾਮ ਸਿੰਘ ਧੁੰਮਾ ਦਮਦਮੀ ਟਕਸਾਲ, ਸ੍ਰੀ ਮਹਿਤਾ, ਸ੍ਰੀ ਚਾਵਲਾ, ਵਿਰਸਾ ਸਿੰਘ ਵਲਟੋਹਾ, ਮੋਹਕਮ ਸਿੰਘ, ਜਸਵੀਰ ਸਿੰਘ ਰੋਡੇ, ਸੰਤ ਸਮਾਜ, ਸਿੱਖ ਯੂਥ ਆਫ਼ ਅਮਰੀਕਾ, ਪੰਚ ਪ੍ਰਧਾਨੀ ਦਲ, ਦਲ ਖਾਲਸਾ, ਖ਼ਾਲਸਾ ਐਕਸਨ ਕਮੇਟੀ, ਸਿੱਖ ਸਟੂਡੈਟਸ਼ ਫੈਡਰੇਸ਼ਨਾਂ ਦੇ ਵੱਖ-ਵੱਖ ਆਗੂ ਜਿੰਮੇਵਾਰ ਹਨ, ਜਿਨ੍ਹਾਂ ਨੇ ਸਿੱਖ ਕੌਮ ਦਾ ਆਪਣਾ ਘਰ ਬਣਾਉਣ ਦੀ ਉੱਚੀ ਆਵਾਜ਼ ਵਿਚ ਗੱਲ ਕਰਕੇ, ਖ਼ਾਲਿਸਤਾਨ ਦੇ ਯੂ.ਐਨ.ਓ. ਨੂੰ ਦਿੱਤੇ ਗਏ ਯਾਦ-ਪੱਤਰ ਉਤੇ ਦਸਤਖ਼ਤ ਕਰਕੇ, ਅੰਮ੍ਰਿਤਸਰ ਐਲਾਨਨਾਮੇ ਦੇ ਦਸਤਾਵੇਜ ਉਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਪ੍ਰਣ ਕਰਕੇ ਸਮੇਂ-ਸਮੇਂ ਨਾਲ ਖ਼ਾਲਸਾ ਪੰਥ ਅਤੇ ਆਪਣੇ ਗੁਰੂ ਸਾਹਿਬਾਨ ਨੂੰ ਧੋਖਾ ਦਿੰਦੇ ਆ ਰਹੇ ਹਨ। ਸ. ਮਾਨ ਨੇ ਅੱਜ ਦੇ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਪੁਰਬ ਦੇ ਮਹਾਨ ਦਿਹਾੜੇ ਉਤੇ ਹਿੰਦ, ਪੰਜਾਬ ਅਤੇ ਬਾਹਰਲੇ ਮੁਲਕਾਂ ਵਿਚ ਵਿਚਰ ਰਾਹੀ ਸਮੁੱਚੀ ਸਿੱਖ ਕੌਮ ਨੂੰ ਹਾਰਦਿਕ ਵਧਾਈ ਦਿੰਦੇ ਹੋਏ ਕਿਹਾ ਕਿ ਛੇਵੀ ਪਾਤਸ਼ਾਹੀ ਨੇ ਪਹਿਲੀ ਪਾਤਸ਼ਾਹੀ ‘‘ਨਾ ਹਮ ਹਿੰਦੂ, ਨਾ ਮੁਸਲਮਾਨੂ ਦੀ ਵਿਲੱਖਣ ਅਤੇ ਅਣਖੀਲੀ ਸੋਚ ਨੂੰ ਪੂਰੀ ਤਰ੍ਹਾਂ ਉਜਾਗਰ ਕਰਦੇ ਹੋਏ ਮੀਰੀ-ਪੀਰੀ ਦੇ ਇਸ ਮਹਾਨ ਤਖ਼ਤ ਦੀ ਸਿਰਜਣਾ ਕਰਕੇ ਸਾਨੂੰ ਜਿਥੇ ਬਿਨ੍ਹਾਂ ਕਿਸੇ ਭੇਦ-ਭਾਵ ਦੇ ਬਰਾਬਰਤਾ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ ਹੈ, ਉਥੇ ਉਹਨਾਂ ਨੇ ਬਾਦਸ਼ਾਹੀ ਪੋਸਾਕ ਪਹਿਨਕੇ, ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਕੇ, ਘੋੜਿਆਂ ਅਤੇ ਹਥਿਆਰਾਂ ਨੂੰ ਭੇਟਾ ਦੇ ਰੂਪ ਵਿਚ ਪ੍ਰਵਾਨ ਕਰਕੇ ਸਿੱਖ ਕੌਮ ਨੂੰ ਆਪਣੀ ਨਿਰਾਲੀ ਸ਼ਾਨ ਨੂੰ ਹਰ ਕੀਮਤ ਤੇ ਕਾਇਮ ਰੱਖਣ ਅਤੇ ਹਰ ਤਰ੍ਹਾਂ ਦੇ ਜ਼ਬਰ-ਜੁਲਮ, ਬੇਇਨਸਾਫ਼ੀ ਵਿਰੁੱਧ ਦ੍ਰਿੜਤਾ ਨਾਲ ਜੂਝਣ ਦਾ ਸੰਦੇਸ਼ ਦਿੱਤਾ ਸੀ ।

Send this to a friend