ਚੰਡੀਗੜ੍ਹ, 4 ਜੁਲਾਈ (ਹਰਮਿੰਦਰ ਸਿੰਘ ਨਾਗਪਾਲ)- ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪੇਂਡੂ ਪਾਣੀ ਸਪਲਾਈ ਤੇ ਸਫਾਈ ਯੋਜਨਾ ਦੇ ਤਹਿਤ ਬਜਟ ‘ਚ ਰਾਜ ਲਈ ਹੋਰ ਪੈਸਾ ਉਪਲੱਬਧ ਕਰਵਾਉਣ ਲਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਅਪੀਲ ਕੀਤੀ। ਨਿਤਿਨ ਗਡਕਤੀ ਨੂੰ ਲਿਖੇ ਗਏ ਇਕ ਪੱਤਰ ‘ਚ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਪੇਂਡੂ ਇਲਾਕਿਆਂ ਦੇ ਦੁੱਖ ਦੂਰ ਕਰਨ ਲਈ ਸਹੀ ਕਾਰਵਾਈ ਦੀ ਜਰੂਰਤ ਹੈ। ਉਨ੍ਹਾਂ ਨੇ ਗਡਕਰੀ ਨੂੰ ਸੰਸਦ ‘ਚ ਬਜਟ ਪਾਸ ਹੋ ਜਾਣ ਤੋਂ ਬਾਅਦ ਹੋਰ ਫੰਡ ਜਾਰੀ ਕਰਨ ਦੀ ਵੀ ਬੇਨਤੀ ਕੀਤੀ। ਪੱਤਰ ‘ਚ ਸ. ਬਾਦਲ ਨੇ ਕੇਂਦਰੀ ਮੰਤਰੀ ਨੂੰ ਸੂਚਿਤ ਕੀਤਾ ਕਿ ਪੰਜਾਬ ਦੀ ਪੇਂਡੂ ਬਸਤੀਆਂ ਦੇ ਪਾਣੀ ਦੇ ਨਮੂਨੇ ਵੱਡੀ ਗਿਣਤੀ ‘ਚ ਸ਼ੁੱਧਤਾ ਪ੍ਰੀਖਿਆ ‘ਚ ਅਸਫਲ ਰਹੇ ਹਨ ਤੇ ਇਸ ਲਈ ਪਹਿਲ ਦੇ ਆਧਾਰ ‘ਤੇ ਇਨ੍ਹਾਂ ਖੇਤਰਾਂ ਲਈ ਪਾਣੀ ਸ਼ੋਧਨ ਪ੍ਰਣਾਲੀ ਪ੍ਰਦਾਨ ਕਰਨ ਕੀਤੀ ਜਾਵੇ।
ਉਨ੍ਹਾਂ ਨੇ ਕਿਹਾ ਕਿ ਰਾਜ ਪਾਣੀ ਸਪਲਾਈ ਵਿਭਾਗ ਤੇ ਸਫਾਈ ਵਲੋਂ ਪਹਿਲਾਂ ਹੀ ਰਾਜ ਭਰ ‘ਚ 730 ਬਸਤੀਆਂ ‘ਚ ਰਿਵਰਸ ਆਸਮੋਸਿਸ (ਆਰਓ) ਪਾਣੀ ਸ਼ੋਧਨ ਪ੍ਰਣਾਲੀ ਸਥਾਪਤ ਕਰਨ ਲਈ ਕੇਂਦਰ ਸਰਕਾਰ ਨੂੰ 101. 33 ਕਰੋੜ ਰੁਪਏ ਦਾ ਪ੍ਰਸਤਾਵ ਭੇਜਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ 2094 ਬਸਤੀਆਂ ਜਿੱਥੇ ਯੂਰੇਨਿਅਮ ਤੇ ਹੋਰ ਭਾਰੀ ਧਾਤਾਂ ਦੇ ਕਾਰਨ ਪਾਣੀ ਦੂਸ਼ਿਤ ਹੋ ਗਿਆ ਹੈ, ਉਥੇ ਵੀ ਆਰਓ ਲਗਾਉਂਣ ਲਈ ਵਿਭਾਗ ਨੂੰ ਹੋਰ ਫੰਡਾਂ ਦੀ ਲੋੜ ਹੈ। ਸ. ਬਾਦਲ ਇਨ੍ਹਾਂ ਬਸਤੀਆਂ ਲਈ ਵੀ ਲਗਭਗ 300 ਕਰੋੜ ਰੁਪਏ ਦੀ ਧੰਨਰਾਸ਼ੀ ਪ੍ਰਦਾਨ ਕਰਨ ਲਈ ਗਡਕਰੀ ਨੂੰ ਬੇਨਤੀ ਕੀਤੀ।