ਅਗਸਤਾ ਵੈਸਟਾਲੈਂਡ ਹੈਲੀਕਾਪਟਰ ਖਰੀਦ ਘੁਟਾਲੇ ਦੇ ਮਾਮਲੇ ਵਿਚ ਸੀ. ਬੀ. ਆਈ. ਨੇ ਸ਼ੁੱਕਰਵਾਰ ਨੂੰ ਗੋਆ ਦੇ ਰਾਜਪਾਲ ਬੀ. ਵੀ. ਵਾਂਚੂ ਤੋਂ ਗਵਾਹ ਵਜੋਂ ਪੁੱਛਗਿੱਛ ਕੀਤੀ। ਇਕ ਖ਼ਬਰ ਚੈਨਲ ਅਨੁਸਾਰ ਵਾਂਚੂ ਰਾਜਪਾਲ ਦੇ ਅਹੁਦੇ ਤੋਂ ਅਸਤੀਫ਼ਾ ਦੇ ਸਕਦੇ ਹਨ। ਵਾਂਚੂ ਇਕ ਸੇਵਾਮੁਕਤ ਆਈ. ਪੀ. ਐੱਸ. ਅਧਿਕਾਰੀ ਹਨ। ਉਨ੍ਹਾਂ ਨੂੰ ਗਾਂਧੀ ਪਰਿਵਾਰ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ। ਵਾਂਚੂ ਉਸ ਐੱਸ. ਪੀ. ਜੀ. ਦੇ ਮੁਖੀ ਸਨ ਜੋ ਪ੍ਰਧਾਨ ਮੰਤਰੀ, ਸਾਬਕਾ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਕਰਦੀ ਹੈ। ਐੱਸ. ਪੀ. ਜੀ. ਦੇ ਮੁਖੀ ਹੋਣ ਦੇ ਨਾਤੇ ਉਹ ਹੈਲੀਕਾਪਟਰਾਂ ਦੀ ਚੋਣ ਵਿਚ ਸ਼ਾਮਿਲ ਸਨ। ਮਈ, 2012 ਵਿਚ ਵਾਂਚੂ ਗੋਆ ਦੇ ਰਾਜਪਾਲ ਬਣੇ ਸਨ। ਉਨ੍ਹਾਂ ਦਾ ਕਾਰਜਕਾਲ 2017 ਵਿਚ ਖਤਮ ਹੋਵੇਗਾ। ਇਸ ਤੋਂ ਪਹਿਲਾਂ ਸੀ. ਬੀ. ਆਈ. ਨੇ ਬਤੌਰ
ਗਵਾਹ ਐੱਮ. ਕੇ. ਨਾਰਾਇਣਨ ਤੋਂ ਪੁੱਛਗਿੱਛ ਕੀਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਪੱਛਮੀ ਬੰਗਾਲ ਦੇ ਰਾਜਪਾਲ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਵਰਣਨਯੋਗ ਹੈ ਕਿ ਵਾਂਚੂ ਨੇ ਬਤੌਰ ਐੱਸ. ਪੀ. ਜੀ. ਮੁਖੀ ਹੈਲੀਕਾਪਟਰ ਦੀ ਉਡਾਣ ਦੀ ਉੱਚਾਈ 6 ਹਜ਼ਾਰ ਮੀਟਰ ਤੋਂ 4 ਹਜ਼ਾਰ, 500 ਮੀਟਰ ਕਰਨ ਦੀ ਆਗਿਆ ਦਿੱਤੀ ਸੀ।