ਨਵੀਂ ਦਿੱਲੀ, 2 ਜੁਲਾਈ (ਪੀ.ਟੀ.)-ਕੀਮਤਾਂ ਨੂੰ ਕਾਬੂ ਵਿਚ ਰੱਖਣ ਅਤੇ ਘਰੇਲੂ ਸਪਲਾਈ ਵਿਚ ਸੁਧਾਰ ਲਿਆਉਣ ਲਈ ਸਰਕਾਰ ਨੇ ਅੱਜ ਪਿਆਜ ਦੀ ਘੱਟੋ ਘੱਟ ਬਰਾਮਦ ਕੀਮਤ ਵਧਾਕੇ 500 ਡਾਲਰ ਪ੍ਰਤੀ ਟਨ ਕਰ ਦਿੱਤੀ ਹੈ। ਪਿਛਲੇ ਮਹੀਨੇ ਇਹ ਕੀਮਤ 300 ਡਾਲਰ ਪ੍ਰਤੀ ਟਨ ਸੀ ਜੋ ਕਿ ਨਵੀਂ ਸਰਕਾਰ ਨੇ ਦੁਬਾਰਾ ਸ਼ੁਰੂ ਕੀਤੀ ਸੀ ਕਿਉਂਕਿ ਪਿਛਲੀ ਸਰਕਾਰ ਨੇ ਹਾਲੇ ਮਾਰਚ ਵਿਚ ਹੀ ਇਸ ਨੂੰ ਬੰਦ ਕਰ ਦਿੱਤਾ ਸੀ। ਘੱਟੋ ਘੱਟ ਬਰਾਮਦ ਕੀਮਤ ਉਹ ਦਰ ਹੈ ਜਿਸ ਤੋਂ ਹੇਠਾਂ ਬਰਾਮਦ ਦੀ ਇਜ਼ਾਜਤ ਨਹੀਂ ਹੈ। ਕੇਂਦਰ ਨੇ ਇਹ ਕਦਮ ਉਸ ਸਮੇਂ ਉਠਾਇਆ ਹੈ ਜਦੋਂ ਲੁੜੀਂਦੀਆਂ ਚੀਜਾਂ ਵਿਸ਼ੇਸ਼ ਕਰਕੇ ਪਿਆਜ ਦੀ ਕੀਮਤ ਵਧੀ ਹੈ। ਰਾਜਧਾਨੀ ਵਿਚ ਪਿਆਜ ਦੀ ਪਰਚੂਨ ਕੀਮਤ ਵਧ ਕੇ 25.30 ਰੁਪਏ ਹੋ ਗਈ ਹੈ ਜਦ ਕਿ ਥੋਕ ਭਾਅ ਕਰੀਬ 18 ਰੁਪਏ ਪ੍ਰਤੀ
ਕਿਲੋ ਹੈ। ਰਾਜਾਂ ਤੋਂ ਸਪਲਾਈ ਵਿਚ ਆਉਣ ਵਾਲੀਆਂ ਅੜਚਣਾਂ ਨੂੰ ਦੂਰ ਕਰਨ ਅਤੇ ਪਿਆਜ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਕਦਮ ਉਠਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ ਹੈ ਤਾਂ ਜੋ ਕਿਸੇ ਵੀ ਤਰਾਂ ਦੀ ਸੱਟੇਬਾਜ਼ੀ ਦੀਆਂ ਸੰਭਾਵਨਾਵਾਂ ਨੂੰ ਖਤਮ ਕੀਤਾ ਜਾ ਸਕੇ ਅਤੇ ਕੀਮਤਾਂ ਵਿਚ ਵਾਧੇ ਨਾਲ ਆਮ ਜਨਤਾ ਨੂੰ ਕੋਈ ਪ੍ਰੇਸ਼ਾਨੀ ਨਾ ਹੋ ਸਕੇ। ਘੱਟੋ ਘੱਟ ਬਰਾਮਦ ਕੀਤਾ ਵਧਾਉਣ ਦਾ ਫੈਸਲਾ ਬੀਤੀ 30 ਜੂਨ ਨੂੰ ਅੰਤਰ ਮੰਤਰਾਲਾ ਕਮੇਟੀ ਵਲੋਂ ਕੀਤਾ ਗਿਆ ਸੀ। ਇਕ ਸਰਕਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਥੋਕ ਅਤੇ ਪ੍ਰਚੂਨ ਦੀਆਂ ਵਧ ਰਹੀਆਂ ਕੀਮਤਾਂ ਅਤੇ ਮੌਨਸੂਨ ਵਿਚ ਦੇਰੀ ਦੇ ਮੱਦੇਨਜ਼ਰ ਕਮੇਟੀ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਪਿਆਜ ਦੀ ਘੱਟੋ ਘੱਟ ਕੀਮਤ 500 ਡਾਲਰ ਪ੍ਰਤੀ ਟਨ ਕੀਤੀ ਜਾਵੇ ਜਿਸ ਦਾ ਭਾਵ ਹੈ 30 ਰੁਪਏ ਪ੍ਰਤੀ ਕਿਲੋ ਤਾਂ ਜੋ ਘਰੇਲੂ ਕੀਮਤਾਂ ਵਿਚ ਵਾਧੇ ਨੂੰ ਰੋਕਿਆ ਜਾਵੇ ਤੇ ਘਰੇਲੂ ਸਪਲਾਈ ਵਧਾਈ ਜਾ ਸਕੇ।