ਰੋਪੜ/ਨੂਰਪੁਰ ਬੇਦੀ, 2 ਜੁਲਾਈ (ਬਲਵਿੰਦਰ ਸਿੰਘ)-ਨਜ਼ਦੀਕੀ ਪਿੰਡ ਭੈਣੀ ਵਿਖੇ ਤੇਜ਼ਧਾਰ ਹਥਿਆਰਾਂ ਨਾਲ ਲੈੱਸ ਹੋਕੇ ਆਏ ਕਰੀਬ ਦੋ ਦਰਜਨ ਤੋਂ ਵੀ ਵੱਧ ਨਕਾਬਪੋਸ਼ ਹਮਲਾਵਰਾਂ ਵਲੋਂ ਤਿੰਨ ਪਰਿਵਾਰਾਂ ਦੇ ਅੱਧਾ ਦਰਜਨ ਜੀਆਂ ਨੂੰ ਗੰਭੀਰ ਰੂਪ ’ਚ ਜਖ਼ਮੀ ਕਰਨ ਤੇ ਕੁਝ ਘਰਾਂ ’ਚ ਦਾਖਿਲ ਹੋਕੇ ਭੰਨਤੋੜ ਕੀਤੇ ਜਾਣ ਦੀ ਘਟਨਾਂ ਨੂੰ ਅੰਜ਼ਾਮ ਦਿੱਤਾ ਗਿਆ। ਦੇਰ ਸ਼ਾਮੀਂ ਵਾਪਰੀ ਇਸ ਵਾਰਦਾਤ ਦੇ ਸੰਬੰਧ ’ਚ ਪੁਲਸ ਨੇ ਜਖ਼ਮੀਆਂ ਦੇ ਬਿਆਨਾਂ ’ਤੇ ਸ਼੍ਰੌਮਣੀ ਅਕਾਲੀ ਦਲ ਦੇ ਜਨਰਲ ਕੌਂਸਲ ਮੈਂਬਰ ਜਥੇਦਾਰ ਜਗਤਾਰ ਸਿੰਘ ਭੈਣੀ ਤੇ ਉਸਦੇ ਭਰਾ ਜੋ ਕਿ ਅਕਾਲੀ ਦਲ ਨਾਲ ਸੰਬੰਧਤ ਬਲਾਕ ਸੰਮਤੀ ਮੈਂਬਰ ਹੈ ਸਹਿਤ 12 ਵਿਅਕਤੀਆਂ ਵਿਰੁੱਧ ਇਰਾਦਾ ਕਤਲ ਤੇ ਹੋਰ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਹੈ। ਪੁਲਸ ਕੋਲ ਦਰਜ ਕਰਵਾਏ
ਬਿਆਨਾਂ ’ਚ ਰਜਨੀ ਦੇਵੀ ਪਤਨੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਮੈਂ ਪਿੰਡ ’ਚ ਅਪਣੀ ਦੁਕਾਨ ’ਚ ਅਪਣੀਆਂ ਲੜਕੀਆਂ ਸਿਮਰਨ ਤੇ ਦਿਕਸ਼ਾ ਨੂੰ ਪੜਾ ਰਹੀ ਸੀ ਤਾਂ ਇਸ ਦੋਰਾਨ ਜਗਤਾਰ ਸਿੰਘ ਭੈਣੀ, ਅਵਤਾਰ ਸਿੰਘ ਤੇ ਹੋਰ 15 ਦੇ ਕਰੀਬ ਲੜਕੇ ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ ਨੇ ਪਹਿਲਾਂ ਤਾਂ ਦੁਕਾਨ ’ਚ ਭੰਨਤੋੜ ਕੀਤੀ ਤੇ ਬਾਦ ’ਚ ਜਾਨੋ ਮਾਰਨ ਦੀ ਨੀਅਤ ਨਾਲ ਮੇਰੇ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਕਤ ਹਮਲਾਵਰਾਂ ਵਲੋਂ ਦੋ ਹੋਰ ਘਰਾਂ ਦੀ ਵੀ ਭੰਨਤੋੜ ਕੀਤੀ ਗਈ ਤੇ ਕਈ ਹੋਰਾਂ ਨੂੰ ਵੀ ਹਮਲੇ ’ਚ ਜਖ਼ਮੀ ਕੀਤਾ ਗਿਆ। ਇਸ ਕਾਤਲਾਨਾਂ ਹਮਲੇ ’ਚ ਉਸ ਦੀਆਂ ਦੋਵੇਂ ਲੜਕੀਆਂ ਤੋਂ ਇਲਾਵਾ ਨਸੀਬ ਦੀ ਘਰਵਾਲੀ ਹਰਬੰਸੀ ਦੇਵੀ ਤੇ ਪੋਤੀ ਗੁਰਪ੍ਰੀਤ ਕੌਰ, ਬਾਬੂ ਪੁੱਤਰ ਲੱਛੂ ਆਦਿ ਗੰਭੀਰ ਰੂਪ ’ਚ ਜਖ਼ਮੀ ਹੋ ਗਏ ਤੇ ਜੋ ਹਸਪਤਾਲ ’ਚ ਜ਼ੇਰੇ ਇਲਾਜ਼ ਹਨ। ਉਨ੍ਹਾਂ ਕਿਹਾ ਕਿ ਅਸੀਂ ਜਗਤਾਰ ਸਿੰਘ ਭੈਣੀ ਵਲੋਂ ਮਨਰੇਗਾ ਦੇ ਪੈਸੇ ਗਬਨ ਕਰਨ ਸੰਬੰਧੀ ਅਵਾਜ਼ ਉਠਾਈ ਸੀ ਤੇ ਜਿਸਦੇ ਚੱਲਦਿਆਂ ਇਹ ਹਮਲਾ ਕੀਤਾ ਗਿਆ ਹੈ। ਪੁਲਸ ਨੇ ਉਕਤ ਬਿਆਨਾਂ ਦੇ ਆਧਾਰ ’ਤੇ 12 ਵਿਅਕਤੀਆਂ ’ਚ ਸ਼ਾਮਿਲ ਅਕਾਲੀ ਆਗੂ ਜਗਤਾਰ ਸਿੰਘ ਭੈਣੀ, ਉਸਦੇ ਲੜਕੇ ਮਨਵਿੰਦਰ ਸਿੰਘ, ਭਰਾ ਤੇ ਸੰਮਤੀ ਮੈਂਬਰ ਅਵਤਾਰ ਸਿੰਘ ਤੇ ਉਸਦੇ ਲੜਕੇ ਸੁਖਦੀਪ ਸਿੰਘ ਤੋਂ ਇਲਾਵਾ ਜਸਵੀਰ ਸਿੰਘ, ਬਲਵੀਰ ਸਿੰਘ, ਪਰਮਜੀਤ ਸਿੰਘ, ਧਨਵੀਰ ਸਿੰਘ ਪੁੱਤਰ ਚੇਤ ਰਾਮ, ਕੁਲਦੀਪ ਸਿੰਘ, ਰਣਜੀਤ ਸਿੰਘ, ਕਿਰਨਪ੍ਰੀਤ ਤੇ ਧਨਵੀਰ ਪੁੱਤਰ ਜ਼ੈਲਾ ਸਿੰਘ ਸਹਿਤ 15 ਹੋਰ ਵਿਅਕਤੀ ਵਿਰੁੱਧ ਇਰਾਦਾ ਕਤਲ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਬਾਦ ਦੁਪਹਿਰ ਪੁਲਸ ਨੇ ਜਗਤਾਰ ਸਿੰਘ ਭੈਣੀ ਤੇ ਪਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ’ਚ ਪੇਸ਼ ਕੀਤਾ ਜਿੱਥੇ ਮਾਨਯੋਗ ਜੱਜ ਨੇ ਉਨ੍ਹਾਂ ਨੂੰ ਰੂਪਨਗਰ ਜ਼ੇਲ ਵਿਖੇ ਭੇਜਣ ਦੇ ਆਦੇਸ਼ ਦਿੱਤੇ। ਇਸ ਸਬੰਧ ’ਚ ਜਥੇਦਾਰ ਜਗਤਾਰ ਸਿੰਘ ਭੈਣੀ ਨੇ ਕਿਹਾ ਕਿ ਉਨ੍ਹਾਂ ਨੂੰ ਇਕ ਗਹਿਰੀ ਰਾਜਨੀਤਿਕ ਸਾਜ਼ਿਸ਼ ਤਹਿਤ ਇਸ ਮਾਮਲੇ ’ਚ ਲਪੇਟਿਆ ਗਿਆ ਹੈ ਜਦਕਿ ਉਕਤ ਘਟਨਾਂ ਸਮੇਂ ਉਹ ਪਿੰਡ ’ਚ ਮੌਜ਼ੂਦ ਨਹੀਂ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਾਤਾ ਦੇ ਵੀ ਸੱਟਾਂ ਲੱਗੀਆਂ ਹਨ ਜਿਸ ਸੰਬੰਧ ’ਚ ਉਹ ਥਾਨੇ ਰਿਪੋਰਟ ਲਿਖਾਉਣ ਗਏ ਸਨ ਕਿ ਪੁਲਸ ਨੇ ਉਸਨੂੰ ਹਿਰਾਸਤ ’ਚ ਲੈ ਲਿਆ।
ਟਕਸਾਲ ਦੇ ਮੁੱਖੀ ਨੇ ਪੁਲਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਦਮਦਮੀ ਟਕਸਾਲ ਤੇ ਸੰਤ ਸਮਾਜ ਦੇ ਮੁੱਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਅੱਜ ਵਿਸ਼ੇਸ਼ ਤੌਰ ’ਤੇ ਥਾਨਾ ਨੂਰਪੁਰਬੇਦੀ ਵਿਖੇ ਪਹੁੰਚਕੇ ਜਥੇਦਾਰ ਜਗਤਾਰ ਸਿੰਘ ਭੈਣੀ ਨਾਲ ਮੁਲਾਕਾਤ ਕੀਤੀ ਤੇ ਘਟਨਾ ਸੰਬੰਧੀ ਜਾਣਕਾਰੀ ਹਾਸਿਲ ਕੀਤੀ। ਇਸ ਤੋਂ ਬਾਦ ਉਨ੍ਹਾਂ ਥਾਨੇ ’ਚ ਮੌਜ਼ੂਦ ਐੱਸ.ਪੀ.ਰੂਪਨਗਰ ਦਰਸ਼ਨ ਸਿੰਘ ਮਾਨ ਤੇ ਡੀ.ਐੱਸ.ਪੀ. ਆਨੰਦਪੁਰ ਸਾਹਿਬ ਨਾਲ ਮੁਲਾਕਾਤ ਕੀਤੀ। ਭਾਵੇਂ ਅਧਿਕਾਰੀਆਂ ਨੇ ਇਸ ਬੈਠਕ ’ਚ ਕਿਸੀ ਪ੍ਰਕਾਰ ਦੇ ਹੋਏ ਜ਼ਿਕਰ ਸੰਬੰਧੀ ਖੁਲਾਸਾ ਨਹੀਂ ਕੀਤਾ ਮਗਰ ਬਾਦ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਾਲਸਾ ਨੇ ਕਿਹਾ ਕਿ ਜਗਤਾਰ ਭੈਣੀ ਤੇ ਉਸਦਾ ਲੜਕਾ ਨਿਰਦੋਸ਼ ਹਨ ਜਿਨ੍ਹਾਂ ਨੂੰ ਬੇਵਜਹ ਫਸਾਇਆ ਗਿਆ ਹੈ ਜਿਸ ਕਰਕੇ ਪੁਲਸ ਨੂੰ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਨ ਲਈ ਆਖਿਆ ਗਿਆ ਹੈ।