June 9, 2026 4:26 pm

ਪ੍ਰੋਵੀਡੈਂਟ ਫੰਡ ਖਾਤੇ ਵਾਲਿਆਂ ਲਈ ਤੋਹਫਾ!

Page-1_09 ਨਵੀਂ ਦਿੱਲੀ, (ਪੀ. ਟੀ)- ਪੀ. ਐੱਫ. ਖਾਤਾਧਾਰਕਾਂ ਨੂੰ ਘੱਟ ਤੋਂ ਘੱਟ ਇਕ ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ ਦੇਣ ਦਾ ਐਲਾਨ ਜਲਦ ਹੋ ਸਕਦਾ ਹੈ। ਮਜ਼ਦੂਰ ਮੰਤਰਾਲੇ ਦੇ ਇਸ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਪ੍ਰਸਤਾਵ ‘ਤੇ ਵਿੱਤ ਮੰਤਰਾਲੇ ਨੇ ਮੁਹਰ ਲਗਾ ਦਿੱਤੀ ਹੈ। ਜੁਲਾਈ ਦੇ ਪਹਿਲੇ 2 ਹਫਤਿਆਂ ‘ਚ ਮਜ਼ਦੂਰ ਮੰਤਰਾਲੇ ਵੱਲੋਂ ਇਸ ਦੀ ਅਧਿਸੂਚਨਾ ਜਾਰੀ ਕਰ ਦਿੱਤੀ ਜਾਵੇਗੀ। ਕਰਮਚਾਰੀ ਭਵਿੱਖ ਫੰਡ ਸੰਗਠਨ (ਈ. ਪੀ. ਐੱਫ. ਓ.) ਦੇ ਅਧੀਨ ਕਰੀਬ 44 ਲੱਖ ਪੈਨਸ਼ਨਧਾਰਕ ਹਨ। ਜੇਕਰ ਘੱਟ ਤੋਂ ਘੱਟ ਪੈਨਸ਼ਨ ਇਕ ਹਜ਼ਾਰ ਰੁਪਏ ਤੱਕ ਕਰ ਦਿੱਤੀ ਗਈ ਤਾਂ ਇਨ੍ਹਾਂ ‘ਚੋਂ ਕਰੀਬ 29 ਲੱਖ ਖਾਤਾਧਾਰਕਾਂ ਨੂੰ ਤੁਰੰਤ ਲਾਭ ਮਿਲ ਸਕੇਗਾ। ਫਿਲਹਾਲ ਇਨ੍ਹਾਂ ਪੈਨਸ਼ਨ ਧਾਰਕਾਂ ਨੂੰ ਹਰੇਕ ਮਹੀਨੇ ਇਕ ਹਜ਼ਾਰ ਰੁਪਏ ਤੋਂ ਘੱਟ ਪੈਨਸ਼ਨ ਮਿਲਦੀ ਹੈ। ਹਾਲਾਂਕਿ ਈ.

ਪੀ. ਐੱਫ. ਓ. ਨੂੰ ਇਹ ਸਹੂਲਤ ਸ਼ੁਰੂ ਕਰਨ ਲਈ ਬਜਟ ਮਦਦ ਦੀ ਲੋੜ ਪਵੇਗੀ।ਈ. ਪੀ. ਐੱਫ. ਓ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੰਗਠਨ ਕੋਲ ਘੱਟ ਤੋਂ ਘੱਟ ਪੈਨਸ਼ਨ ਤੈਅ ਕਰਨ ਲਈ ਪੂਰਾ ਫੰਡ ਨਹੀਂ ਹੈ। 1000 ਰੁਪਏ ਮਹੀਨਾ ਪੈਨਸ਼ਨ ਦੇਣ ਲਈ ਕਰੀਬ 1200 ਕਰੋੜ ਰੁਪਏ ਸਾਲਾਨਾ ਬਜਟ ਮਦਦ ਜ਼ਰੂਰੀ ਹੈ। ਉਨ੍ਹਾਂ ਨੇ ਦੱਸਿਆ ਕਿ ਵਿੱਤ ਮੰਤਰਾਲੇ ਕੁਝ ਨਿਯਮ ਅਤੇ ਸ਼ਰਤਾਂ ਨਾਲ ਬਜਟ ਮਦਦ ਦੇਣ ਨੂੰ ਤਿਆਰ ਹਨ। ਇਸ ਲਈ ਜਲਦ ਹੀ ਘੱਟ ਤੋਂ ਘੱਟ ਪੈਨਸ਼ਨ ਦਾ ਐਲਾਨ ਹੋ ਸਕਦਾ ਹੈ। ਮਜ਼ਦੂਰ ਮੰਤਰੀ ਨਰਿੰਦਰ ਸਿੰਘ ਤੋਮਰ ਨੇ 24 ਜੂਨ ਨੂੰ ਇਸ ਸੰਦਰਭ ‘ਚ ਟਰੇਡ ਯੂਨੀਅਨਾਂ ਨਾਲ ਗੱਲਬਾਤ ਕੀਤੀ ਸੀ ਅਤੇ ਅਗਲੇ 2 ਹਫਤਿਆਂ ‘ਚ ਫੈਸਲਾ ਹੋਣ ਦਾ ਭਰੋਸਾ ਵੀ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਤੇਜ਼ੀ ਨਾਲ ਉਦੋਗਿਕੀਕਰਨ ਅਤੇ ਕਰਮਚਾਰੀਆਂ ਦੇ ਹਿੱਤਾਂ ਦੀ ਰੱਖਿਆ ਕਰਨ ਦੇ ਪੱਖ ‘ਚ ਹੈ। ਇਸ ਲਈ ਮਜ਼ਦੂਰਾਂ ਦੇ ਹਿੱਤਾਂ ਨੂੰ ਧਿਆਨ ‘ਚ ਰੱਖਦੇ ਹੋਏ ਹੀ ਨਵੀਂਆਂ ਯੋਜਨਾਵਾਂ ਅਤੇ ਕਾਨੂੰਨ ‘ਚ ਸੋਧ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਪਿਛਲੀ ਸਰਕਾਰ ਨੇ ਘੱਟ ਤੋਂ ਘੱਟ ਪੈਨਸ਼ਨ ਇਕ ਹਜ਼ਾਰ ਕਰਨ ਦਾ ਖੇਡ ਖੇਡਿਆ ਸੀ ਪਰ ਇਸ ਨੂੰ ਲਾਗੂ ਨਹੀਂ ਕੀਤਾ ਜਾ ਸਕਿਆ ਹੈ।

Send this to a friend