ਪੰਜਾਬ ਵਿਚ ਪਰਾਲੀ ਦੇ ਨਿਪਟਾਰੇ ਲੇਈ ਨਵਾਂ ਰਾਹ ਖੁੱਲ੍ਹ ਗਿਆ ਹੈ। ਹੁਣ ਪੰਜਾਬ ਦੀ ਪਰਾਲੀ ਪਸ਼ੂ ਚਾਰੇ ਲਈ ਰੇਲ ਗੱਡੀ ਜ਼ਰੀਏ ਕੇਲ ਜਾਵੇਗੀ। ਕੇਰਲ ਨੇ ਪੰਜਾਬ ਤੋਂ ਆਪਣੇ ਰਾਜ ਦੇ ਪਸ਼ੂਆਂ ਦੇ ਚਾਰੇ ਲਈ ਪਰਾਲੀ ਦੀ ਮੰਗ ਕੀਤੀ ਹੈ।
ਚੰਡੀਗਡ਼੍ਹ : ਪੰਜਾਬ ਵਿਚ ਪਰਾਲੀ ਦੇ ਨਿਪਟਾਰੇ ਲੇਈ ਨਵਾਂ ਰਾਹ ਖੁੱਲ੍ਹ ਗਿਆ ਹੈ। ਹੁਣ ਪੰਜਾਬ ਦੀ ਪਰਾਲੀ ਪਸ਼ੂ ਚਾਰੇ ਲਈ ਰੇਲ ਗੱਡੀ ਜ਼ਰੀਏ ਕੇਲ ਜਾਵੇਗੀ। ਕੇਰਲ ਨੇ ਪੰਜਾਬ ਤੋਂ ਆਪਣੇ ਰਾਜ ਦੇ ਪਸ਼ੂਆਂ ਦੇ ਚਾਰੇ ਲਈ ਪਰਾਲੀ ਦੀ ਮੰਗ ਕੀਤੀ ਹੈ। ਨਾਲ ਹੀ ਕਿਹਾ ਹੈ ਕਿ ਉਹ ਇਸ ਨੂੰ ਕਿਸਾਨ ਰੇਲ ਯੋਜਨਾ ਤਹਿਤ ਲਿਜਾਣ ਦਾ ਪ੍ਰਬੰਧ ਕਰ ਸਕਦੇ ਹਨ। ਪੰਜਾਬ ਸਰਕਾਰ ਨੇ ਵੀ ਕੇਰਲ ਦੇ ਇਸ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ ਅਤੇ ਇਸ ’ਤੇ ਆਉਣ ਵਾਲੇ ਖਰਚੇ ਆਦਿ ਨੂੰ ਕੌਣ ਸਹਿਣ ਕਰੇਗਾ ਅਤੇ ਇਹ ਕਿੰਨਾ ਹੋਵੇਗਾ, ਇਹ ਗੱਲਾਂ ਤੈਅ ਕਰਨ ਲਈ ਸਹਿਮਤੀ ਦੇ ਦਿੱਤੀ ਹੈ। ਕਿਉਂਕਿ ਦੋ ਕਰੋਡ਼ ਟਨ ਪਰਾਲੀ ਸੰਭਾਲਣਾ ਪੰਜਾਬ ਲਈ ਜੀਅ ਦਾ ਜੰਜਾਲ ਬਣਿਆ ਹੋਇਆ ਹੈ। ਦੂਜੇ ਪਾਸੇ ਕੇਰਲ ਵਿਚ ਚਾਰੇ ਦੀ ਭਾਰੀ ਕਿੱਲਤ ਹੈ। ਅਜਿਹੇ ’ਚ ਜੇ ਇਹ ਯੋਜਨਾ ਸਿਰੇ ਚਡ਼੍ਹ ਜਾਂਦੀ ਹੈ ਤਾਂ ਪਰਾਲੀ ਨਾਲ ਦੋਵਾਂ ਸੂਬਿਆਂ ਵਿਚ ਖ਼ੁਸ਼ਹਾਲੀ ਆ ਸਕਦੀ ਹੈ।
ਦੋ ਦਿਨ ਪਹਿਲਾਂ ਕੇਰਲ ਦੀ ਪਸ਼ੂ ਪਾਲਣ ਮੰਤਰੀ ਜੇ ਚਿਨਚੁਰਾਨੀ ਪੰਜਾਬ ਦੇ ਦੌਰੇ ’ਤੇ ਆਈ ਸੀ ਅਤੇ ਉਨ੍ਹਾਂ ਪੰਜਾਬ ਤੋਂ ਪਰਾਲੀ ਲਿਜਾਣ ਦੀ ਗੱਲ ਕਹੀ ਸੀ। ਇਸ ਤੋਂ ਇਲਾਵਾ ਉਨ੍ਹਾਂ ਪਸ਼ੂਆਂ ਦੇ ਚਾਰਾ ਪ੍ਰਬੰਧਨ ਲਈ ‘ਪੰਜਾਬ ਮਾਡਲ’ ਅਪਣਾਉਣ ਵਿਚ ਰੁਚੀ ਦਿਖਾਈ ਸੀ। ਪੰਜਾਬ ਦੇ ਕਿਸਾਨ ਸਾਇਲੇਜ ਬਣਾ ਕੇ ਲੰਬੇ ਸਮੇਂ ਤਕ ਆਪਣੇ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਕਰਦੇ ਹਨ। ਪੰਜਾਬ ਸਰਕਾਰ ਨੇ ਕੇਰਲ ਨੂੰ ਪਸ਼ੂਆਂ ਦੇ ਚਾਰੇ ਲਈ ਪਰਾਲੀ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਹੈ। ਇਸ ਨਾਲ ਜਿੱਥੇ ਪੰਜਾਬ ਵਿਚ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਦਾ ਹੱਲ ਹੋਵੇਗਾ, ਉਥੇ ਪਰਾਲੀ ਪ੍ਰਬੰਧਨ ਨਾਲ ਨਿਪਟਣ ਵਿਚ ਮਦਦ ਮਿਲੇਗੀ।
ਮੰਤਰੀ ਚਿਨਚੁਰਾਨੀ ਨੇ ਕਿਹਾ ਸੀ ਕਿ ਕੇਰਲ ਵਿਚ ਲੋਕਾਂ ਲਈ ਡੇਅਰੀ ਫਾਰਮਿੰਗ ਰੋਜ਼ੀ-ਰੋਟੀ ਦਾ ਅਹਿਮ ਪੇਸ਼ਾ ਹੈ ਅਤੇ ਲੱਖਾਂ ਕਿਸਾਨਾਂ ਲਈ ਡੇਅਰੀ ਪੇਸ਼ਾ ਆਮਦਨੀ ਦਾ ਮੁੱਖ ਸਰੋਤ ਹੈ। ਪੰਜਾਬ ਤੋਂ ਬਾਅਦ ਕੇਰਲ ਦੁੱਧ ਉਤਪਾਦਨ ਵਿਚ ਦੇਸ਼ ਵਿਚ ਦੂਸਰੇ ਨੰਬਰ ’ਤੇ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਾਲਾਂ ਵਿਚ ਪਸ਼ੂ ਚਾਰੇ ਦੀਆਂ ਕੀਮਤਾਂ ਵਧਣ ਕਾਰਨ ਡੇਅਰੀ ਨਾਲ ਜੁਡ਼ੇ ਕਿਸਾਨਾਂ ਦੀ ਆਰਥਿਕ ਸਥਿਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਉਨ੍ਹਾਂ ਦੱਸਿਆ ਕਿ ਤਟੀ ਰਾਜ ਕੇਰਲ ਵਿਚ ਖੇਤੀ ਯੋਗ ਜ਼ਮੀਨ ਘੱਟ ਹੋਣ ਕਾਰਨ ਪਸ਼ੂਆਂ ਲਈ ਲੋਡ਼ੀਂਦਾ ਚਾਰਾ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਜੇ ਕੇਂਦਰ ਸਰਕਾਰ ਵੱਲੋਂ ਐਲਾਨੇ ਕਿਸਾਨ ਰੇਲ ਪ੍ਰਾਜੈਕਟ ਤਹਿਤ ਪਰਾਲੀ ਕੇਰਲ ਰਾਜ ਵਿਚ ਭੇਜੀ ਜਾਂਦੀ ਹੈ ਤਾਂ ਇਸ ਨਾਲ ਕੇਰਲ ਦੇ ਵੱਡੀ ਗਿਣਤੀ ਵਿਚ ਡੇਅਰੀ ਕਿਸਾਨਾਂ ਨੂੰ ਲਾਭ ਹੋਵੇਗਾ।
ਕੇਰਲ ਪਸ਼ੂ ਧਨ ਅਤੇ ਪੋਲਟਰੀ ਫੀਡ ਤੇ ਮਿਨਰਲ ਮਿਕਸਚਰ (ਨਿਰਮਾਣ ਅਤੇ ਵਿਕਰੀ ਨਿਯਮ) ਬਿਲ, 2022’ ਬਣਾਉਣ ਤੋਂ ਪਹਿਲਾਂ ਅਧਿਐਨ ਕਰਨ ਲਈ ਪੰਜਾਬ ਦੌਰੇ ’ਤੇ ਆਈ ਕੇਰਲ ਵਿਧਾਨ ਸਭਾ ਦੀ ਸਿਲੈਕਸ਼ਨ ਕਮੇਟੀ ਨੂੰ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ, ਪਸ਼ੂਆਂ ਦੀ ਰਾਸ਼ਟਰੀ ਆਬਾਦੀ ਵਿਚ 1.31 ਪ੍ਰਤੀਸ਼ਤ ਦਾ ਯੋਗਦਾਨ ਦਿੰਦਾ ਹੈ, ਜਦਕਿ ਰਾਜ ਵਿਚ ਦੁੱਧ ਦਾ ਉਤਪਾਦਨ ਰਾਸ਼ਟਰੀ ਉਤਪਾਦਨ ਦਾ 6.70 ਪ੍ਰਤੀਸ਼ਤ ਹੁੰਦਾ ਹੈ। ਪੰਜਾਬ ਵਿਚ ਪ੍ਰਤੀ ਵਿਅਕਤੀ ਦੁੱਧ ਅਤੇ ਅੰਡੇ ਦੀ ਉਪਲੱਬਧਤਾ ਦੇਸ਼ ਵਿਚ ਸਭ ਤੋਂ ਵੱਧ ਹੈ ਅਤੇ ਪਸ਼ੂ ਪਾਲਣ ਖੇਤਰ ਦਾ ਰਾਜ ਦੀ ਖੇਤੀ ਦੀ ਜੀਡੀਪੀ ਵਿਚ ਵੱਡਾ ਯੋਗਦਾਨ ਹੈ।