ਖੰਨਾ, 27 ਜੂਨ (ਹਰਸਿਮਰਨ ਭਾਟੀਆ/ਸਰਬਜੀਤ ਨੀਤੂ)-ਸ਼ੇਰਸ਼ਾਹ ਸੂਰੀ ਮਾਰਗ ਤੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ‘ਚ ਤਿੰਨ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਬੇਟੇ ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਉਸਦਾ ਪਿਤਾ ਗੁਰਨਾਮ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਮੰਡੀ ਗੋਬਿੰਦਗੜ੍ਹ ਸਵੇਰੇ 7 ਵਜੇ ਦੇ ਕਰੀਬ ਆਪਣੇ ਮੋਟਰਸਾਈਕਲ ਨੰਬਰ ਪੀ. ਬੀ. 10 ਡੀ. ਪੀ. 2172 ਤੇ ਆਪਣੇ ਨਾਲ ਇਕ ਪ੍ਰਵਾਸੀ 15 ਸਾਲਾਂ ਦੇ ਨੌਜਵਾਨ ਅਨਿਲ ਕੁਮਾਰ ਸ਼ਾਹ ਨੂੰ ਲੈ ਕੇ ਗੋਬਿੰਦਗੜ੍ਹ ਤੋਂ ਖੰਨਾ ਸਾਇਡ ਨੂੰ ਮਾਰਕਫੈਡ ਨਜ਼ਦੀਕ ਆ ਰਿਹਾ ਸੀ। ਸਾਹਮਣੇ ਤੋਂ ਆ ਰਿਹਾ ਟਰੱਕ ਨੰਬਰ ਪੀ. ਬੀ. 10 ਯੂ. 9177, ਜੋ ਅੰਮ੍ਰਿਤਸਰ ਤੋਂ ਅੰਬਾਲਾ ਨੂੰ ਜਾ ਰਿਹਾ ਸੀ। ਅਚਾਨਕ ਟਰੱਕ ਦਾ ਸੰਤੁਲਨ ਵਿਗੜ ਜਾਣ ਕਰਕੇ ਫੁੱਟਪਾਥ ਪਾਰ ਕਰਦਾ ਹੋਇਆ। ਦੂਸਰੇ ਪਾਸੇ ਆ ਰਹੇ ਇਕ ਟਰੱਕ ਨਾਲ ਟਕਰਾ ਗਿਆ। ਦੋਨਾਂ ਟਰੱਕਾਂ ਦੇ ਵਿਚਕਾਰ ਗੁਰਨਾਮ ਸਿੰਘ ਅਤੇ
ਅਨਿਲ ਕੁਮਾਰ ਆ ਕੇ ਕੁਚਲੇ ਗਏ ਸੂਚਨਾ ਮਿਲਣ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੋਨਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਬਖਸ਼ੀਸ਼ ਸਿੰਘ ਦੇ ਦੱਸਣ ਅਨੁਸਾਰ ਇਕ ਟਰੱਕ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ ਸੀ। ਜਿਸ ਨੂੰ ਪੀ. ਜੀ. ਆਈ. ਚੰਡੀਗੜ੍ਹ ਲੈ ਜਾਂਦੇ ਸਮੇਂ ਰਸਤੇ ‘ਚ ਹੀ ਉਸਦੀ ਮੌਤ ਹੋ ਗਈ। ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਗੁਰਨਾਮ ਸਿੰਘ ਅਤੇ ਅਨਿਲ ਕੁਮਾਰ ਦੀਆਂ ਲਾਸ਼ਾਂ ਉਨ੍ਹਾਂ ਦੇ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ।