ਨਵੀਂ ਦਿੱਲੀ, 27 ਜੂਨ (ਪੀ. ਟੀ.)-ਕੇਂਦਰੀ ਜਾਂਚ ਬਿਊਰੋ ਨੇ ਅੱਜ ਐਂਗਲੋ ਇਟਾਲੀਅਨ ਕੰਪਨੀ ਅਗਸਟਾ ਵੈਸਟਲੈਂਡ ਤੋਂ 3600 ਕਰੋੜ ਰੁਪਏ ਦੇ ਵੀ. ਵੀ. ਆਈ. ਪੀ. ਹੈਲੀਕਾਪਟਰਾਂ ਦੀ ਖਰੀਦ ਵਿਚ ਕਥਿਤ ਰਿਸ਼ਵਤ ਲੈਣ ਦੀ ਕੀਤੀ ਜਾ ਰਹੀ ਆਪਣੀ ਜਾਂਚ ਦੇ ਸਬੰਧ ਵਿਚ ਪੱਛਮੀ ਬੰਗਾਲ ਦੇ ਰਾਜਪਾਲ ਐਮ. ਕੇ. ਨਰਾਇਣਨ ਤੋਂ ਗਵਾਹ ਵਜੋਂ ਪੁੱਛਗਿੱਛ ਕੀਤੀ। 80 ਸਾਲਾ ਸ੍ਰੀ ਨਰਾਇਣਨ ਨੂੰ ਸੌਦੇ ਦੇ ਸਬੰਧ ਵਿਚ ਆਪਣਾ ਬਿਆਨ ਦਰਜ ਕਰਵਾਉਣ ਲਈ ਸੀ. ਬੀ. ਆਈ. ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਸੀ ਕਿਉਂਕਿ ਉਹ ਉਸ ਗਰੁੱਪ ਦਾ ਹਿੱਸਾ ਸਨ ਜਿਸ ਨੇ ਹੈਲੀਕਾਪਟਰਾਂ ਦੀ ਖਰੀਦ ਤੋਂ ਪਹਿਲਾਂ ਟੈਂਡਰ ਪ੍ਰਕਿਰਿਆ ‘ਚ ਭੂਮਿਕਾ ਨਿਭਾਈ ਸੀ। ਸ੍ਰੀ ਨਰਾਇਣਨ ਪੱਛਮੀ ਬੰਗਾਲ ਦਾ ਰਾਜਪਾਲ ਨਿਯੁਕਤ ਕੀਤੇ ਜਾਣ ਤੋਂ ਪਹਿਲਾਂ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਸੀ। ਸੀ. ਬੀ. ਆਈ. ਦੇ ਸੂਤਰਾਂ ਨੇ ਦੱਸਿਆ ਕਿ ਸ੍ਰੀ ਨਰਾਇਣਨ ਦਾ ਗਵਾਹ ਵਜੋਂ ਬਿਆਨ ਦਰਜ ਕਰਨ ਦੀ
ਲੋੜ ਇਸ ਲਈ ਪਈ ਹੈ ਕਿਉਂਕਿ ਇਹ ਮਹਿਸੂਸ ਕੀਤਾ ਗਿਆ ਕਿ ਉਨ੍ਹਾਂ ਨੇ ਗੋਆ ਦੇ ਰਾਜਪਾਲ ਬੀ. ਵੀ. ਵਾਂਚੂ ਨਾਲ 2005 ਦੀ ਮੀਟਿੰਗ ‘ਚ ਹਿੱਸਾ ਲਿਆ ਸੀ ਜਿਸ ਵਿਚ ਹੈਲੀਕਾਪਟਰ ਦੀਆਂ ਤਕਨੀਕੀ ਸਪੈਸੀਫਿਕੇਸ਼ਨਾਂ ਵਿਚ ਮੁੱਖ ਤਬਦੀਲੀਆਂ ਦੀ ਇਜਾਜ਼ਤ ਦਿੱਤੀ ਸੀ। ਸੀ. ਬੀ. ਆਈ. ਵਲੋਂ ਵਾਂਚੂ ਦਾ ਬਿਆਨ ਵੀ ਦਰਜ ਕਰਨ ਦੀ ਸੰਭਾਵਨਾ ਹੈ ਅਤੇ ਉਨ੍ਹਾਂ ਨੂੰ ਏਜੰਸੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ੁਉਹ ਰਾਜਪਾਲ ਚੁਣੇ ਜਾਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਤਾਇਨਾਤ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਦਾ ਮੁਖੀ ਸੀ।