ਭੂਪਾਲ, 27 ਜੂਨ (ਪੀ. ਟੀ.)-ਮੱਧ ਪ੍ਰਦੇਸ਼ ਦੀ ਸ਼ਿਵਰਾਜ ਸਰਕਾਰ ‘ਚ ਭਰਤੀ ਘੁਟਾਲੇ ਦੀ ਜਾਂਚ ਹੁਣ ਰਾਸ਼ਟਰੀ ਸਵੈਸੇਵਕ ਸੰਘ ਦੇ ਉੱਘੇ ਨੇਤਾਵਾਂ ਤੱਕ ਪਹੁੰਚ ਗਈ ਹੈ। ਪੱਤਰਕਾਰਾਂ ਅਨੁਸਾਰ ਮੱਧ ਪ੍ਰਦੇਸ਼ ਦੇ ਭਰਤੀ ਪ੍ਰੀਖਿਆ ਬੋਰਡ ਦੇ ਦੋਸ਼ੀ ਅਧਿਕਾਰੀਆਂ ਨੇ ਪੁੱਛਗਿੱਛ ‘ਚ ਆਰ. ਐਸ. ਐਸ. ਦੇ ਸਾਬਕਾ ਸੰਘ ਚਾਲਕ ਮਰਹੂਮ ਨੇਤਾ ਕੇ. ਐਸ. ਸੁਦਰਸ਼ਨ ਅਤੇ ਸਹਿਸਰ ਕਾਰਜਕਾਰੀ ਨੇਤਾ ਸੁਰੇਸ਼ ਸੋਨੀ ‘ਤੇ ਸਿਫ਼ਾਰਸ਼ ਕਰਨ ਦਾ ਦੋਸ਼ ਲਗਾਇਆ ਹੈ। ਉੱਚ ਅਦਾਲਤ ਦੀ ਨਿਗਰਾਨੀ ‘ਚ ਸਪੈਸ਼ਲ ਟਾਸਕ ਫੋਰਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੰਘ ਦੇ ਇਨ੍ਹਾਂ ਦੋ ਵੱਡੇ ਨੇਤਾਵਾਂ ‘ਤੇ ਦੋਸ਼ ਸਾਹਮਣੇ ਆਉਣ ਦੇ ਬਾਅਦ ਮੱਧ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਕੇ. ਕੇ. ਮਿਸ਼ਰਾ ਨੇ ਕਿਹਾ ਹੈ ਕਿ ਹੁਣ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਨੈਤਿਕਤਾ ਦੇ ਆਧਾਰ ‘ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।