June 9, 2026 12:05 am

5.8 ਕਰੋੜ ਬੱਚੇ ਸਕੂਲੀ ਸਿੱਖਿਆ ਤੋਂ ਵਾਂਝੇ- ਯੂਨੈਸਕੋ

Page-1_19 ਪੈਰਿਸ, 26 ਜੂਨ (ਪੀ.ਟੀ)-ਦੁਨੀਆ ਭਰ ‘ਚ 6-11 ਸਾਲ ਦੀ ਉਮਰ ਦੇ ਸਕੂਲ ਨਾ ਜਾਣ ਵਾਲੇ ਬੱਚਿਆਂ ਦੀ ਗਿਣਤੀ ਅਜੇ ਵੀ 5.8 ਕਰੋੜ ਹੈ ਜਿਸ ‘ਚ 2007 ਤੋਂ ਲੈ ਕੇ ਹੁਣ ਤੱਕ ਬਹੁਤ ਘੱਟ ਸੁਧਾਰ ਨਜ਼ਰ ਆਇਆ ਹੈ। ਯੂਨੈਸਕੋ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਕੁਝ ਦੇਸ਼ਾਂ ‘ਚ ਭਾਵੇਂ ਕਿ ਸਕੂਲੀ ਬੱਚਿਆਂ ‘ਚ ਸਿੱਖਿਆ ਨੂੰ ਲੈ ਕੇ ਇਸ ਸਥਿਤੀ ‘ਚ ਤੇਜ਼ੀ ਨਾਲ ਸੁਧਾਰ ਹੋਇਆ ਹੈ। ਸ਼ੁਰੂਆਤੀ ਸਿੱਖਿਆ ਨੂੰ ਬੜਾਵਾ ਦੇਣ ਲਈ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੂੰ ਵਿੱਤੀ ਗਰਾਂਟ ਮੁਹੱਈਆ ਕਰਵਾਉਣ ਵਾਲੀ ਅੰਤਰਰਾਸ਼ਟਰੀ ਸੰਸਥਾ ਯੂਨੈਸਕੋ ਦੀ ਡਾਇਰੈਕਟਰ ਈਰਿਨਾ ਬਕੋਵਾ ਨੇ ਕਿਹਾ ਕਿ ਤਾਜ਼ਾ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਸਿੱਖਿਆ ਦਾ ਪੱਧਰ ਇਕ ਵਾਰ ਫਿਰ ਡਿੱਗਿਆ ਹੈ ਅਤੇ ਸਕੂਲ ਜਾਣ ਵਾਲੇ ਬੱਚਿਆਂ ਦੀ ਗਿਣਤੀ ‘ਚ

ਬਹੁਤ ਘੱਟ ਪ੍ਰਗਤੀ ਹੋਈ ਹੈ ਜਿਸ ਨੂੰ ਵੇਖਦੇ ਹੋਏ ਲੱਗਦਾ ਹੈ ਕਿ ਸਾਲ 2015 ਤੱਕ ਵਿਸ਼ਵ ਪੱਧਰੀ ਮੁਢਲੀ ਸਿੱਖਿਆ ਦੇ ਉਦੇਸ਼ ਨੂੰ ਪੂਰਾ ਕਰ ਸਕਣਾ ਵੱਖ-ਵੱਖ ਦੇਸ਼ਾਂ ਲਈ ਕਿਸੇ ਵੀ ਸਥਿਤੀ ‘ਚ ਸੰਭਵ ਨਹੀਂ ਹੈ। ਐਜੂਕੇਸ਼ਨ ਫ਼ਾਰ ਆਲ ਗਲੋਬਲ ਮਾਨੀਟਰਿੰਗ ਰਿਪੋਰਟ ਨੇ 2 ਹਫ਼ਤੇ ਪਹਿਲੇ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ ਜਿਸ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ 2010 ਤੋਂ ਸਕੂਲ ਨਾ ਜਾਣ ਵਾਲੇ ਬੱਚਿਆਂ ਦੀ ਦਰ ‘ਚ ਭਾਵੇਂ ਸਥਿਰਤਾ ਵੇਖੀ ਗਈ ਹੋਵੇ ਪਰ ਸਿੱਖਿਆ ਦੇ ਖੇਤਰ ‘ਚ ਸਰਕਾਰੀ ਸਹਾਇਤਾ ‘ਚ ਵੀ 10 ਫੀਸਦੀ ਦੀ ਕਮੀ ਆਈ ਹੈ। ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਏਜੰਸੀ ਅਨੁਸਾਰ ਜਿਥੋਂ ਤੱਕ ਭਾਰਤ ਦਾ ਸਵਾਲ ਹੈ ਸਕੂਲ ਨਾ ਜਾਣ ਵਾਲੇ ਬੱਚਿਆਂ ਦੀ ਗਿਣਤੀ ਦੇ ਮਾਮਲੇ ‘ਚ ਇਹ ਦੁਨੀਆ ‘ਚ ਚੌਥੇ ਸਥਾਨ ‘ਤੇ ਹੈ। ਸਕੂਲ ਨਾ ਜਾਣ ਵਾਲੇ ਬੱਚਿਆ ਦੀ ਇੰਨੀ ਵੱਡੀ ਗਿਣਤੀ ਹੋਣ ਦੇ ਬਾਵਜੂਦ ਇਥੇ ਮੁਢਲੀ ਸਿੱਖਿਆ ਲਈ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ‘ਚ ਸਾਲ 2010-12 ਦੇ ਦੌਰਾਨ ਭਾਰੀ ਕਟੌਤੀ ਵੇਖੀ ਗਈ ਜੋ ਦੁਨੀਆ ‘ਚ ਸਭ ਤੋਂ ਜ਼ਿਆਦਾ ਹੈ।

Send this to a friend